ਬਠਿੰਡਾ, 25 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ‘ਗਿਆਨ ਪ੍ਰਸਾਰ ਸਮਾਜ’ (ਇਕਾਈ ਬਠਿੰਡਾ) ਵੱਲੋਂ 25-08-2016 (ਦਿਨ ਵੀਰਵਾਰ) ਨੂੰ ਅੰਤਰਜਾਤੀ ਵਿਆਹ ਕਰਵਾਉਣ ਵਾਲ਼ੇ ਜੋੜਿਆਂ ਦਾ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪ੍ਰੋ. ਕੁਲਦੀਪ (ਤਲਵੰਡੀ ਸਾਬੋ) ਨੇ ‘ਅੰਤਰਜਾਤੀ ਵਿਆਹਾਂ ਦੀ ਜਾਤ-ਪਾਤ ਨੂੰ ਤੋੜਨ ਵਿੱਚ ਭੂਮਿਕਾ’ ਵਿਸ਼ੇ ‘ਤੇ ਬੋਲਦਿਆਂ ਦੱਸਿਆ ਕਿ ਭਾਰਤੀ ਸਮਾਜ ਵਿੱਚ ਜਾਤੀ-ਪਾਤੀ ਦਾਬਾ 21ਵੀਂ ਸਦੀ ਵਿੱਚ ਵੀ ਬਹੁਤ ਭਿਅੰਕਰ ਹੈ।ਦੇਸ਼ ਭਰ ਵਿੱਚ ਅਖੌਤੀ ਹੇਠਲੀਆਂ ਜਾਤਾਂ (ਦਲਿਤਾਂ) ਦੇ ਲੋਕਾਂ ਨੂੰ ਜ਼ਿੱਲਤ ਦੀ ਜ਼ਿੰਦਗੀ ਜਿਉਂਣੀ ਪੈਂਦੀ ਹੈ। ਪੈਰ-ਪੈਰ ‘ਤੇ ਉੱਚ ਜਾਤੀਆਂ ਵੱਲੋਂ ਕੀਤਾ ਜਾਂਦਾ ਸੱਭਿਆਚਾਰਕ, ਮਾਨਸਿਕ ਤੇ ਸਰੀਰਕ ਤਸ਼ੱਦਦ ਝੱਲਣਾ ਪੈਂਦਾ ਹੈ। ਦਲਿਤਾਂ ‘ਤੇ ਜ਼ਬਰ ਦੀਆਂ ਨਿੱਤ ਨਵੀਂਆਂ ਤੇ ਦਰਦਨਾਕ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਤੱਥਾਂ ਸਹਿਤ ਉਹਨਾਂ ਦੱਸਿਆ ਕਿ ਲਗਪਗ ਪੂਰੇ ਭਾਰਤ ਵਿੱਚ ਹੀ ਹੇਠਲੀਆਂ ਜਾਤਾਂ ਦੇ ਲੋਕ ਜਿੱਲਤ ਅਤੇ ਅਪਮਾਨ ਦੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ।ਜਾਤੀ-ਪਾਤੀ ਮਾਨਸਿਕਤਾ ਦੀ ਜਕੜ ਇੰਨੀ ਡੂੰਘੀ ਹੈ ਕਿ ਕਈ ਵਾਰ ਅਗਾਂਹਵਧੂ ਵਿਚਾਰਾਂ ਦੇ ਲੋਕ ਵੀ ਇਸਦਾ ਸ਼ਿਕਾਰ ਹੋ ਜਾਂਦੇ ਹਨ।
ਪ੍ਰੋ. ਕੁਲਦੀਪ ਨੇ ਕਿਹਾ ਕਿ ਆਰਥਿਕ ਪੱਧਰ ‘ਤੇ ਜਾਤ-ਪਾਤ ਬਹੁਤ ਹੱਦ ਤੱਕ ਟੁੱਟ ਚੁੱਕੀ ਹੈ।ਪਰ ਸੱਭਿਆਚਾਰਕ ਪੱਧਰ ‘ਤੇ ਇਸਦੀ ਮੌਜੂਦਗੀ ਬਹੁਤ ਭਾਰੂ ਹੈ।ਲੋਕਾਂ ਦੇ ਦਿਮਾਗ਼ਾਂ ਵਿੱਚ ਅੱਜ ਵੀ ਜਾਤੀ-ਪਾਤੀ ਮਾਨਸਿਕਤਾ ਤੂੜ-ਤੂੜ ਕੇ ਭਰੀ ਹੋਈ ਹੈ।ਜਾਤ-ਪਾਤ ਦੀਆਂ ਤਿੰਨ ਵਿਸ਼ੇਸ਼ਤਾਵਾਂ ਵਿੱਚੋਂ ਦੋ ਦਰਜਾਬੰਦੀ ਤੇ ਜਾਤ ਅਧਾਰਿਤ ਕੰਮ ਵੰਡ ਟੁੱਟ ਚੁੱਕੀਆਂ ਹਨ ਪਰ ਸਜਾਤੀ ਵਿਆਹ ਹਾਲੇ ਵੀ ਵੱਡੀ ਪੱਧਰ ‘ਤੇ ਬਚੇ ਹੋਏ ਹਨ।
ਉਹਨਾਂ ਨੇ ਉਦਾਹਰਨਾਂ ਸਹਿਤ ਦੱਸਿਆ ਕਿ ਕਿਵੇਂ ਅੰਤਰਜਾਤੀ ਵਿਆਹ ਜਾਤੀ-ਪਾਤੀ ਮਾਨਸਿਕਤਾ ਤੇ ਮਾਰੂ ਸੱਟ ਮਾਰਦੇ ਹਨ। ਪਰ ਸਾਡੇ ਸਮਾਜ ਵਿੱਚ ਅੰਤਰਜਾਤੀ ਵਿਆਹ ਕਰਵਾਉਣ ਵਾਲ਼ੇ ਜੋੜਿਆਂ ਨੂੰ ਤਾਅਨੇ, ਮਿਹਣੇ ਮਾਰੇ ਜਾਂਦੇ ਹਨ। ਅਜਿਹੇ ਮਾਹੌਲ ਵਿੱਚ ਅਗਾਂਹਵਧੂ ਫੈਸਲਾ ਲੈਣ ਦੇ ਬਾਵਜੂਦ ਵੀ ਉਹ ਬੇਗਾਨਗੀ ਦਾ ਸ਼ਿਕਾਰ ਹੁੰਦੇ ਹਨ।ਉਹਨਾਂ ਨੂੰ ਕੋਈ ਸਮਾਜਿਕ ਸੁਰੱਖਿਆ ਨਹੀਂ ਮਿਲਦੀ। ਇਸ ਕਰਕੇ ਅਗਾਂਹਵਧੂ ਤਾਕਤਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਅੰਤਰਜਾਤੀ ਵਿਆਹ ਕਰਵਾਉਣ ਵਾਲ਼ੇ ਜੋੜਿਆਂ ਨੂੰ ਉਤਸ਼ਾਹਿਤ ਕਰਨ ਅਤੇ ਇਹਨਾਂ ਜੋੜਿਆਂ ਦਾ ਹੌਂਸਲਾ ਵਧਾਉਣ।
ਇਸ ਤੋਂ ਇਲਾਵਾ ‘ਗਿਆਨ ਪ੍ਰਸਾਰ ਸਮਾਜ ਵੱਲੋਂ’ ਅੰਤਰਜਾਤੀ ਵਿਆਹ ਕਰਵਾਉਣ ਵਾਲ਼ੇ ਦੋ ਜੋੜਿਆਂ ਡਾ. ਜਸ਼ਨ ਤੇ ਡਾ. ਸੁਮੀਰ ਅਤੇ ਪਾਵੇਲ ਤੇ ਰਾਜਵਿੰਦਰ ਕੌਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਜਾਤੀ-ਪਾਤੀ ਮਾਨਸਿਕਤਾ ਦੇ ਇਸ ਮਾਹੌਲ ਵਿੱਚ ਧਾਰਾ ਦੇ ਉਲਟ ਤੈਰਦੇ ਹੋਏ ਉਹਨਾਂ ਦੁਆਰਾ ਲਏ ਇਸ ਅਗਾਂਹਵਧੂ ਫੈਸਲੇ ਨੂੰ ਸਲਾਹਿਆ ਗਿਆ। ਇਸ ਤੋਂ ਬਾਅਦ ਡਾ. ਜਸ਼ਨ, ਸੁਮੀਰ ਤੇ ਪਾਵੇਲ ਨੇ ਅੰਤਰਜਾਤੀ ਵਿਆਹ ਸਬੰਧੀ ਆਪਣੇ ਅਨੁਭਵ ਸਾਂਝੇ ਕੀਤੇ।ਦੋਵਾਂ ਜੋੜਿਆਂ ਦੇ ਮਾਪਿਆਂ ਨੇ ਜੋ ਕਿ ਖੁਦ ਅਗਾਂਹਵਧੂ ਵਿਚਾਰਾਂ ਦੇ ਹਨ, ਵੀ ਇਸ ਵਿਸ਼ੇ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਵਿਸ਼ੇ ‘ਤੇ ਆਏ ਹੋਏ ਸਰੋਤਿਆਂ ਵੱਲੋਂ ਵੀ ਖੁੱਲ੍ਹ ਕੇ ਵਿਚਾਰ ਚਰਚਾ ਹੋਈ, ਜਿਸ ਵਿੱਚ ਇਹ ਗੱਲ ਸਾਹਮਣੇ ਆਈ ਕਿ ਅੰਤਰਜਾਤੀ ਵਿਆਹ ਜਾਤੀ-ਪਾਤੀ ਮਾਨਸਿਕਤਾ ‘ਤੇ ਮਾਰੂ ਸੱਟ ਮਾਰ ਸਕਦੇ ਹਨ। ਸਾਰਿਆਂ ਨੇ ‘ਗਿਆਨ ਪ੍ਰਸਾਰ ਸਮਾਜ’ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਇਸ ਪ੍ਰੋਗਰਾਮ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਡਾ. ਅਵਤਾਰ ਨੇ ਨਿਭਾਈ।ਅਖ਼ੀਰ ਵਿੱਚ ਮੈਡਮ ਦਲਜੀਤ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿੱਚ ਪ੍ਰੋ. ਕੁਲਦੀਪ, ਡਾ. ਅਵਤਾਰ, ਮੈਡਮ ਪੁਸ਼ਪ ਲਤਾ, ਮੈਡਮ ਦਲਜੀਤ, ਡਾ. ਸੁਖਦੇਵ, ਮਾਸਟਰ ਜਸਵੀਰ, ਹਰਜਿੰਦਰ, ਸੁਖਵਿੰਦਰ, ਡਾ. ਜਸ਼ਨ, ਡਾ. ਸੁਮੀਰ ਆਦਿ ਤੋਂ ਇਲਾਵਾ ਹੋਰ ਜਨਤਕ ਜਮਹੂਰੀ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਇਲਾਕੇ ਦੇ ਸੂਝਵਾਨ ਲੋਕ ਸ਼ਾਮਲ ਹੋਏ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media