
ਨਵੀਂ ਦਿੱਲੀ, 28 ਅਗਸਤ (ਪੰਜਾਬ ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੀ ਗੁਰੂ ਤੇਗ ਬਹਾਦਰ ਨਗਰ ਵਾਰਡ ਤੋਂ ਨਿਗਮ ਪਾਰਸ਼ਦ ਬੀਬੀ ਰੀਮਾ ਕੌਰ ਕੈਪਟਨ ਦੇ ਜਤਨਾਂ ਸੱਦਕਾ ਉਤਰੀ ਦਿੱਲੀ ਨਗਰ ਨਿਗਮ ਦੇ ਪ੍ਰਾਈਮਰੀ ਸਕੂਲ ਢੱਕਾ ਦੀ ਨਵੀਂ ਇਮਾਰਤ ਦਾ ਉਦਘਾਟਨ ਹੋਇਆ।ਮੇਅਰ ਡਾ. ਸੰਜੀਵ ਨਈਅਰ ਅਤੇ ਲੋਕਸਭਾ ਮੈਂਬਰ ਮਨੋਜ ਤਿਵਾਰੀ ਨੇ ਉਦਘਾਟਨੀ ਪੱਥਰ ਦੀ ਘੁੰਡ ਚੁਕਾਈ ਕੀਤੀ।ਮੁੱਖ ਮਹਿਮਾਨ ਵੱਜੋਂ ਸਟੈਡਿੰਗ ਕਮੇਟੀ ਦੇ ਚੇਅਰਮੈਨ ਪਰਵੇਸ਼ ਵਾਹੀ, ਖਾਸ ਮਹਿਮਾਨ ਵੱਜੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਸਦਨ ਦੇ ਮੁਖੀ ਵਿਜੈ ਪ੍ਰਕਾਸ਼ ਪਾਂਡੇ, ਸਿਵਿਲ ਲਾਈਨ ਜੋਨ ਦੇ ਚੇਅਰਮੈਨ ਰਾਮਕਿਸ਼ਨ ਬੰਸ਼ੀਵਾਲ ਅਤੇ ਸਾਬਕਾ ਨਿਗਮ ਪਾਰਸ਼ਦ ਤੇ ਦਿੱਲੀ ਕਮੇਟੀ ਮੈਂਬਰ ਕੈਪਟਨ ਇੰਦਰਪ੍ਰੀਤ ਸਿੰਘ ਨੇ ਵੀ ਇਸ ਮੌਕੇ ਹਾਜਰੀ ਭਰੀ।
ਲਗਭਗ 2 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਇਸ ਇਮਾਰਤ ਵਿਚ 12 ਕਮਰੇ, ਇੱਕ ਸਟਾਫ਼ ਰੂਮ ਅਤੇ ਇੱਕ ਸਾਇੰਸ ਰੂਮ ਹੈ। ਮਨੋਜ ਤਿਵਾਰੀ ਨੇ ਸਿੱਖਿਆ ਦੇ ਦਾਇਰੇ ਨੂੰ ਉਚਾ ਚੁੱਕਣ ਲਈ ਸਕੂਲਾਂ ਵਿਚ ਚੰਗਾਂ ਢਾਂਚਾ ਮੌਜੂਦ ਕਰਾਏ ਜਾਣ ਦੀ ਵਕਾਲਤ ਕੀਤੀ।ਸਥਾਨਕ ਨਿਗਮ ਪਾਰਸ਼ਦ ਵੱਲੋਂ ਆਪਣੇ ਕਾਰਜਕਾਲ ਦੌਰਾਨ ਤੀਜੇ ਸਕੂਲ ਦੀ ਇਮਾਰਤ ਦੀ ਕਰਵਾਈ ਗਈ ਉਸਾਰੀ ਨੂੰ ਤਿਵਾਰੀ ਨੇ ਚੰਗੇ ਕੰਮ ਵੱਜੋਂ ਪਰਿਭਾਸ਼ਿਤ ਕੀਤਾ।ਸਿੱਖਿਆ ਦੇ ਪ੍ਰਚਾਰ-ਪ੍ਰਸਾਰ ਲਈ ਸਕੂਲਾਂ ਦੀ ਚੰਗੀ ਇਮਾਰਤ ਹੋਣ ਨੂੰ ਉਨ੍ਹਾਂ ਜਰੂਰੀ ਦੱਸਿਆ।
ਜੀ.ਕੇ ਨੇ ਇਲਾਕੇ ਦੀ ਨੁਹਾਰ ਬਦਲਣ ਦੇ ਨਾਲ ਹੀ ਸਕੂਲਾਂ ਦੀ ਨੁਹਾਰ ਬਦਲਣ ਵਾਸਤੇ ਕੈਪਟਨ ਜੋੜੇ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਸ਼ਾਨਦਾਰ ਐਲਾਨਿਆਂ। ਉਨ੍ਹਾਂ ਕਿਹਾ ਕਿ ਜੇਕਰ ਜਨਤਾ ਦਾ ਪੈਸਾ ਸਹੀ ਥਾਂ ‘ਤੇ ਵਰਤਿਆ ਜਾਵੇ ਤਾਂ ਉਹ ਰਾਸ਼ਟਰ ਨਿਰਮਾਣ ਦੀ ਪਹਿਲੀ ਪਉੜੀ ਹੈ।
Punjab Post Daily Online Newspaper & Print Media