Monday, August 10, 2026

ਫਸਲਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਕੀਟਨਾਸ਼ਕਾਂ ਦੀ ਸੁਚੱਜੀ ਵਰਤੋਂ ਜ਼ਰੂਰੀ – ਡਾ. ਅਮਰੀਕ ਸਿੰਘ

PPN2808201613

ਗੁਰਦਾਸਪੁਰ, 28 ਅਗਸਤ (ਪੰਜਾਬ ਪੋਸਟ ਬਿਊਰੋ) – ਫਸਲਾਂ ਨੂੰ ਲੱਗਣ ਵਾਲੇ ਕੀੜੇ ਮਕੌੜਿਆਂ ਅਤੇ ਬਿਮਾਰੀਆਂ ਦੀ ਸੁਚੱਜੀ ਰੋਕਥਾਮ ਅਤੇ ਪ੍ਰਦੂਸ਼ਣ ਘੱਟ ਕਰਨ ਲਈ ਕੀਟਨਾਸ਼ਕਾਂ ਦੀ ਸੁਚੱਜੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਗੁਣਵਤਾ ਭਰਪੂਰ ਖੇਤੀ ਪੈਦਾਵਾਰ ਕਰਨ ਦੇ ਨਾਲ ਨਾਲ ਮਨੁੱਖੀ ਅਤੇ ਪਸ਼ੂਆਂ ਦੀਆਂ ਬਿਮਾਰੀਆਂ ਲੱਗਣ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕੇ।ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਬਲਾਕ ਪਠਾਨਕੋਟ ਦੇ ਪਿੰਡ ਚੱਕ ਚਿਮਨਾਂ ਵਿਚ ਸਥਿਤ ਕਿਸਾਨ ਭਵਨ ਵਿਖੇ ਲਗਾਏ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਵਿੱਚ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਹੇ।ਇਸ ਮੌਕੇ ਸੁਦੇਸ਼ ਕੁਮਾਰ ਖੇਤੀ ਉਪ ਨਿਰੀਖਕ, ਰਣਜੋਧ ਸਿੰਘ, ਪ੍ਰਭਜੋਤ ਸਿੰਘ, ਰਜਿੰਦਰ ਸਿੰਘ ਚੱਕ ਮਿਨਹਾਸ, ਕੰਸ ਰਾਜ ਕੌਂਤਰਪੁਰ, ਰਜਿੰਦਰ ਕੁਮਾਰ ਮੀਰਥਲ, ਪੱਪੀ ਨਲੂੰਗਾ, ਸੁਭਾਸ਼ ਚੰਦਰ ਸਰਪੰਚ ਕੌਤਰਪੁਰ, ਸਮੇਤ ਸਮੂਹ ਮੈਂਬਰ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ ਅਮਰੀਕ ਸਿੰਘ ਨੇ ਕਿਹਾ ਝੋਨੇ ਅਤੇ ਬਾਸਮਤੀ ਨੂੰ ਕਈ ਤਰਾਂ ਦੇ ਕੀੜੇ ਮਕੌੜੇ ਅਤੇ ਬਿਮਾਰੀਆਂ ਨੁਕਸਾਨ ਕਰਦੀਆਂ ਹਨ। ਜਿਸ ਨਾਲ ਪੈਦਾਵਾਰ ਘਟਣ ਨਾਲ ਨਾਲ ਕਿਸਾਨ ਦੀ ਖੇਤੀ ਆਮਦਨ ਘਟ ਜਾਂਦੀ ਹੈ।ਉਨਾਂ ਕਿਹਾ ਕਿ ਆਮ ਕਰਕੇ ਕਿਸਾਨ ਆਂਢੀਆਂ ਗੁਆਂਢੀਆਂ ਜਾਂ ਕੀਟਨਾਸ਼ਕ ਵਿਕ੍ਰੇਤਾਵਾਂ ਜਾਂ ਆੜਤੀਆਂ ਦੇ ਕਹੇ ਤੇ ਗੈਰ ਸਿਫਾਰਸ਼ਸ਼ੁਦਾ ਕੀਟਨਾਸ਼ਕ ਰਸਾਇਣਾਂ ਦਾ ਜ਼ਰੂਰਤ ਤੋਂ ਬਗੈਰ ਹੀ ਛਿੜਕਾਅ ਕਰਦੇ ਹਨ ਜਿਸ ਨਾਲ ਪ੍ਰਦੂਸ਼ਣ ਵਧਣ ਦੇ ਨਾਲ- ਨਾਲ ਖਾਣ ਵਾਲੇ ਖੇਤੀ ਪਦਾਰਥਾਂ ਵਿੱਚ ਇਨਾਂ ਰਸਾਇਣਾਂ ਦੇ ਅੰਸ਼ ਰਹਿ ਜਾਂਦੇ ਹਨ।ਉਨਾਂ ਕਿਹਾ ਕਿ ਗੈਰ ਜ਼ਰੂਰੀ, ਜ਼ਰੂਰਤ ਤੋਂ ਜ਼ਿਆਦਾ ਅਤੇ ਸਹੀ ਤਰੀਕੇ ਨਾਲ ਵਰਤੋਂ ਨਾਂ ਕਰਨ ਨਾਲ ਕਈ ਤਰਾਂ ਦੀਆਂ ਸਮੱਸਿਆਵਾਂ ਜਿਵੇਂ ਖਾਣ ਵਾਲੇ ਫਲਾਂ ਸਬਜੀਆਂ ਵਿੱਚ ਕੀਟਨਾਸ਼ਕਾਂ ਦਾ ਅਸਰ ਰਹਿਣਾ,ਵਾਤਾਵਰਣ ਦਾ ਪ੍ਰਦੂਸ਼ਣ, ਮਿੱਤਰ ਕੀੜਿਆਂ ਉਪਰ ਬੁਰਾ ਪ੍ਰਭਾਵ ਅਤੇ ਕੀੜਿਆਂ ਵਿੱਚ ਕੀਟਨਾਸ਼ਕਾਂ ਪ੍ਰਤੀ ਸ਼ਹਿਸ਼ੀਲਤਾ ਵਧਣੀ ਆਦਿ ਪੈਦਾ ਹੋ ਰਹੀਆਂ ਹਨ।ਉਨਾਂ ਕਿਹਾ ਕਿ ਜਿਥੇ ਫਸਲਾਂ ਦੇ ਕੀੜੇ ਮਾਰਨ ਲਈ ਕੀਟਨਾਸ਼ਕਾਂ ਦਾ ਇਸਤੇਮਾਲ ਜ਼ਰੂਰੀ ਹੈ ਉਥੇ ਅਗਰ ਇਨਾਂ ਦਾ ਗਲਤ ਅਤੇ ਵਧੇਰੇ ਮਾਤਰਾ ਵਿੱਚ ਇਸਤੇਮਾਲ ਕੀਤਾ ਜਾਵੇ ਤਾਂ ਬਹੁਤ ਨੁਕਸਾਨਦੇਹ ਸਾਬਤ ਹੋ ਸਕਦੇ ਹਨ। ਉਨਾਂ ਕਿਹਾ ਕਿ ਕੀਟਨਾਸ਼ਕਾਂ ਦੀ ਚੋਣ ਅਤੇ ਖਰੀਦ ਫਸਲ ਉੱਪਰ ਲੱਗੇ ਕੀੜਿਆਂ ਮਕੌੜਿਆਂ ਦੇ ਅਨੁਸਾਰ ਹੀ ਕਰਨਾ ਚਾਹੀਦਾ।ਉਨਾਂ ਕਿਹਾ ਕਿ ਕਦੇ ਵੀ ਫਸਲ ਉੱਪਰ ਕਿਸੇ ਕਿਸਮ ਦੀ ਸਮੱਸਿਆ ਆਉਣ ਦੀ ਸੂਰਤ ਵਿੱਚ ਸਿੱਧਾ ਦੁਕਾਨਦਾਰ ਤੋਂ ਕੀਟ ਨਾਸ਼ਕ ਨਾਂ ਖ੍ਰੀਦੇ ਜਾਣ ਸਗੋਂ ਖੇਤੀ ਮਾਹਿਰਾਂ ਨਾਲ ਸੰਪਰਕ ਕਰਕੇ ਸਿਫਾਰਸ਼ ਕੀਤੇ ਕੀਟਨਾਸ਼ਕ ਹੀ ਖ੍ਰੀਦੇ ਜਾਣ ਅਤੇ ਸਿਫਾਰਸ਼ ਕੀਤੀ ਮਾਤਰਾ ਅਨੁਸਾਰ ਹੀ ਇਸਤੇਮਾਲ ਕੀਤਾ ਜਾਵੇ।ਉਨਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪੋ ਆਪਣੇ ਪਿੰਡਾਂ ਵਿੱਚ ਕੀਟਨਾਸ਼ਕਾਂ ਦੀ ਸੁਚੱਜੀ ਵਰਤੋਂ ਕਰਨ ਸੰਬੰਧੀ ਜਾਗਰੁਕਤਾ ਪੈਦਾ ਕਰਨ ਲਈ ਖੇਤੀਬਾੜੀ ਵਿਭਾਗ ਦਾ ਸਹਿਯੋਗ ਕਰਨ।ਸਰਪੰਚ ਸੁਭਾਸ਼ ਚੰਦਰ ਕਿ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਪਿੰਡ ਕੌਂਤਰਪੁਰ ਅਤੇ ਆਲੇ ਦੁਆਲੇ ਦੇ ਕਿਸਾਨਾਂ ਅੰਦਰ ਜਾਗਰੁਕਤਾ ਪੈਦਾ ਕਰਨ ਲਈ ਕੀਤੇ ਯਤਨਾਂ ਸਦਕਾ ਇਸ ਵਾਰ ਝੋਨੇ ਅਤੇ ਬਾਸਮਤੀ ਵਿੱਚ ਡਾਇਆ ਖਾਦ ਅਤੇ ਸਿਫਰਾਸ਼ਾਂ ਤੋਂ ਬਗੈਰ ਕਿਸੇ ਵੀ ਕੀਟ ਨਾਸ਼ਕ ਦਾ ਇਸਤੇਮਾਲ ਨਹੀਂ ਕੀਤਾ, ਜਿਥੇ ਖੇਤੀ ਲਾਗਤ ਖਰਚੇ ਘੱਟ ਕਰਨ ਵਿੱਚ ਮਦਦ ਮਿਲੀ ਹੈ ਉਥੇ ਪ੍ਰਦੂਸ਼ਣ ਘਟਾਉਣ ਵਿੱਚ ਵੀ ਮਦਦ ਮਿਲੀ ਹੈ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply