ਬੈਂਕਾਂ ਵਲੋਂ ਹੁਨਰਮੰਦਾਂ ਨੂੰ 4 ਲੱਖ ਤੱਕ ਬਿਨਾਂ ਗਾਰੰਟੀ ਕਰਜਾ
ਅੰਮ੍ਰਿਤਸਰ, 1 ਸਤੰਬਰ (ਜਗਦੀਪ ਸਿੰਘ ਸੱਗੂ) -ਪੰਜਾਬ ਸਰਕਾਰ ਛੇਤੀ ਹੀ ਪੰਜਾਬ ਵਿੱਚ ਦੋ ਅੰਤਰਰਾਸ਼ਟਰੀ ਹੁਨਰ ਸਿਖਿਆ ਕੇਂਦਰ ਖੋਲਣ ਜਾ ਰਹੀ ਹੈ ਜਿਥੇ ਕਿ ਵਿਦੇਸ਼ਾਂ ਦੀ ਮੰਗ ਅਨੁਸਾਰ ਕਿਰਤ ਦੀ ਸਿਖਿਆ ਦੇ ਕੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਸਹੀ ਰਸਤੇ ਭੇਜਣ ਦਾ ਪ੍ਰਬੰਧ ਕੀਤਾ ਜਾਵੇਗਾ। ਉਕਤ ਸ਼ਬਦਾ ਦਾ ਪ੍ਰਗਟਾਵਾ ਡਾ. ਸੰਦੀਪ ਸਿੰਘ ਗੌੜਾ, ਸਲਾਹਕਾਰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਨੇ ਅੱਜ ਜਿਲ੍ਹਾ ਸਕਿੱਲ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਬੱਚਿਆਂ ਵਿੱਚ ਹੁਨਰ ਦੀ ਪਛਾਣ ਕਾਰਨ, ਉਨ੍ਹਾਂ ਨੂੰ ਹੁਨਰ ਬਾਰੇ ਸਿਖਿਅਤ ਕਰਨ ਲਈ ਛੇਤੀ ਹੀ ਅੰਮ੍ਰਿਤਸਰ ਵਿੱਚ ਹੁਨਰ ਮੇਲਾ ਲਗਾਇਆ ਜਾਵੇਗਾ। ਉਨ੍ਰ੍ਹਾਂ ਦੱਸਿਆ ਕਿ ਸਰਕਾਰ ਵਲੋਂ 2017 ਤੱਕ ਦੇਸ਼ ਭਰ ਵਿਚ ਇੱਕ ਲੱਖ ਤੋਂ ਵੱਧ ਨੌਜਵਾਨ ਲੜਕੇ ਲੜਕੀਆਂ ਨੂੰ ਵੱਖ ਵੱਖ ਕਿੱਤਾ ਮੁਖੀ ਕੋਰਸਾਂ ਵਿਚ ਹੁਨਰਮੰਦ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ ਅਤੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਭਾਰਤ ਸਰਕਾਰ ਵਲੋਂ ਨੈਸ਼ਨਲ ਸਕਿੱਲ ਡਿਵੈਲਪਮੈਂਟ ਮਿਸ਼ਨ ਚਲਾਇਆ ਗਿਆ ਹੈ ਜਦ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਸਕਿਲਡ ਡਿਵੈਲਪਮੈਂਟ ਮਿਸ਼ਨ ਮੁੱਖ ਮੰਤਰੀ ਦੀ ਅਗਵਾਈ ਹੇਠ ਕੰਮ ਕਰ ਰਿਹਾ ਹੈ। ਡਾ. ਸੰਦੀਪ ਸਿੰਘ ਨੇ ਕਿਹਾ ਕਿ ਭਾਰਤ ਦੇਸ਼ ਦੇ ਨੌਜਵਾਨਾਂ ਨੂੰ ਵੱਖ-ਵੱਖ ਕਿੱਤਾ ਮੁਖੀ ਕੋਰਸਾਂ ਵਿਚ ਹੁਨਰਮੰਦ ਬਣਾਉਣ ਲਈ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਵਲੋਂ ਜੋ ਸੁਫਨਾ ਲਿਆ ਗਿਆ ਸੀ ਉਸ ਸੁਫਨੇ ਨੂੰ ਸਾਕਾਰ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਦੇਸ਼ ਦੇ ਨੌਜਵਾਨਾਂ ਨੂੰ ਕਿੱਤੀ ਮੁਖੀ ਕੋਰਸਾਂ ਵਿਚ ਹੁਨਰਮੰਦ ਬਣਾਉਣ ਲਈ ਵਿਸ਼ੇਸ਼ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿੱਥੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਹੁਸ਼ਿਆਰਪੁਰ, ਪਟਿਆਲਾ ਅਤੇ ਬਠਿੰਡਾ ਵਿਚ 6 ਵੱਡੇ ਸਕਿੱਲ ਸੈਂਟਰ ਖੋਲ੍ਹੇ ਗਏ ਗਏ ਅਤੇ ਪਿੰਡਾਂ ਵਿੱਚ ਕਰੀਬ 200 ਹੁਨਰ ਸਿਖਿਆ ਕੇਂਦਰ ਉਸਾਰੀ ਅਧੀਨ ਹਨ ਜੋ ਛੇਤੀ ਹੀ ਪੂਰੇ ਕਰ ਲਏ ਜਾਣਗੇ। ਡਾ. ਸੰਦੀਪ ਸਿੰਘ ਗੌੜਾ ਨੇ ਕਿਹਾ ਕਿ ਇਨ੍ਹਾਂ ਸਕਿੱਲ ਸੈਂਟਰਾਂ ਵਿਚ ਮੁਹਾਰਤ ਹਾਸਲ ਕਰਨ ਵਾਲੇ 15 ਤੋਂ 20 ਹਜ਼ਾਰ ਬੱਚਿਆਂ ਨੂੰ ਵਿਦੇਸ਼ਾਂ ਵਿਚ ਰੁਜਗਾਰ ਦੇਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਈ ਨੌਜਵਾਨ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿਚ ਜਾ ਕੇ ਕੰਮ ਕਰ ਰਹੇ ਹਨ ਪਰੰਤੁ ਕਿੱਤਾ ਮੁਖੀ ਕੋਰਸਾਂ ਵਿਚ ਸਿੱਖਿਆ ਪ੍ਰਾਪਤ ਕਰਕੇ ਨੌਜਵਾਨ ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿਚ ਆਪਣਾ ਭਵਿੱਖ ਸੰਵਾਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨਿੱਜੀ ਤੌਰ ਤੇ ਸਕਿੱਲ ਡਿਵੈਲਪਮੈਂਟ ਮਿਸ਼ਨ ਦੀ ਅਗਵਾਈ ਕਰ ਰਹੇ ਹਨ ਅਤੇ ਉਨ੍ਹਾਂ ਦਾ ਮਕਸਦ ਪੰਜਾਬ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਗਰੀਬ ਬੱਚਿਆਂ ਲਈ ਸਰਕਾਰ ਵਲੋਂ ਵੱਖ ਵੱਖ ਬੈਂਕਾਂ ਤੋਂ ਕਰਜਾ ਪ੍ਰਾਪਤ ਕਰਨ ਦਾ ਪ੍ਰੋਗਰਮਾ ਉਲੀਕਿਆ ਗਿਆ ਜਿਸ ਤਹਿਤ ਬੈਂਕ ਬਿਨਾਂ ਕਿਸੇ ਗਾਰੰਟੀ ਤੋਂ ਬੱਚਿਆਂ ਨੂੰ 4 ਲੱਖ ਰੁਪਏ ਤੱਕ ਦਾ ਕਰਜਾ ਦੇਣਗੇ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਐਸ:ਪੀ:ਆਂਗਰਾ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਗੁਰਪ੍ਰਤਾਪ ਸਿੰਘ ਅਤੇ ਹੋਰ ਹਾਜ਼ਰ ਸਨ।
Punjab Post Daily Online Newspaper & Print Media