
ਨਵੀਂ ਦਿੱਲੀ, 2 ਸਤੰਬਰ (ਪੰਜਾਬ ਪੋਸਟ ਬਿਊਰੋ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ਼ਾਮ ਅਤੇ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਸਵੇਰ ਦੇ ਦੀਵਾਨ ਸਜਾਏ ਗਏ। ਜਿਸ ਵਿਚ ਪੰਥ ਪ੍ਰਸਿੱਧ ਪ੍ਰਚਾਰਕਾਂ ਨੇ ਮਨੋਹਰ ਕੀਰਤਨ ਅਤੇ ਕਥਾ ਵਿਚਰਾਂ ਨਾਲ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜਨ ਦਾ ਸੱਦਾ ਦਿੱਤਾ। ਅੰਮ੍ਰਿਤ ਸੰਚਾਰ ਦੌਰਾਨ ਅਨੇਕਾਂ ਪ੍ਰਣਾਈਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ ਅਤੇ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਸੰਗਤਾਂ ਨੂੰ ਬਾਣੀ ਦੀ ਮਹੱਤਤਾ ਤੋਂ ਜਾਣੂ ਕਰਾਇਆ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ੍ਰੀ ਜਗਨਨਾਥ ਪੁਰੀ ਦੀ ਯਾਤਰਾ ਨਾਲ ਸਬੰਧਿਤ ਮੱਠ ਤੇ ਬਉਲੀ ਸਾਹਿਬ ਮਹੰਤਾ ਦੇ ਕਬਜੇ ਵਿਚ ਹੋਣ ਦੀ ਜਾਣਕਾਰੀ ਦਿੰਦੇ ਹੋਏ ਜੀ.ਕੇ ਨੇ ਇਸ ਸਥਾਨ ਦਾ ਪ੍ਰਬੰਧ ਦਿੱਲੀ ਕਮੇਟੀ ਨੂੰ ਦਿਵਾਉਣ ਵਾਸਤੇ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੱਤੀ। ਜੀ.ਕੇ. ਨੇ ਕਿਹਾ ਕਿ ਗੁਰੂ ਸਾਹਿਬ ਨੇ ਇਸ ਸਥਾਨ ਤੇ ਲਗਭਗ ਤਿੰਨ ਮਹੀਨੇ ਗੁਜਾਰੇ ਸਨ।ਪਰ ਇਸ ਵੇਲੇ 1/2 ਏਕੜ ਦੇ ਇਸ ਸਥਾਨ ਤੇ ਇੱਕ ਮਹੰਤ ਨੇ ਕਬਜਾ ਕਰਕੇ ਅੱਧੀ ਥਾਂ ਵਿਚ ਮੰਦਿਰ ਅਤੇ ਅੱਧੀ ਥਾਂ ਵਿਚ ਗੁਰਦੁਆਰਾ ਬਣਾਇਆ ਹੋਇਆ ਹੈ।ਜਿਸ ਵਿਚ ਮਰਿਯਾਦਾ ਦੀ ਪੂਰੀ ਪਾਲਨਾ ਨਹੀਂ ਹੋ ਪਾ ਰਹੀ ਹੈ।ਜਿਸ ਕਰਕੇ ਉੜੀਸਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਦੇਖਦੇ ਉੜੀਸਾ ਸਿੱਖ ਪ੍ਰਤੀਨਿਧੀ ਬੋਰਡ ਵੱਲੋਂ ਉਨ੍ਹਾਂ ਨੂੰ ਇਸ ਮਸਲੇ ਨੂੰ ਹਲ ਕਰਨ ਲਈ ਜਗਨਨਾਥ ਪੁਰੀ ਆਉਣ ਦਾ ਸੱਦਾ ਦਿੱਤਾ ਗਿਆ ਸੀ।
ਜੀ.ਕੇ ਨੇ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਦੇ ਨਾਲ ਉਨ੍ਹਾਂ ਨੇ ਇਸ ਅਸਥਾਨ ਦੇ ਪ੍ਰਬੰਧ ਨੂੰ ਪ੍ਰਾਪਤ ਕਰਨ ਲਈ ਉੜੀਸਾ ਦੇ ਸਿੱਖਾਂ, ਸ੍ਰੀ ਜਗਨਨਾਥ ਟੈਂਪਲ ਅਥੌਰਿਟੀ ਦੇ ਚੇਅਰਮੈਨ ਗਜਪਤਿ ਜੀ ਮਹਾਰਾਜ ਅਤੇ ਮੁਖ ਪ੍ਰਸ਼ਾਸਕ ਸੁਰੇਸ਼ ਮਹਾਪਾਤਰਾ ਨਾਲ ਪੁਰੀ ਜਾ ਕੇ ਮੁਲਾਕਾਤ ਕੀਤੀ ਹੈ। ਜੀ.ਕੇ. ਨੇ ਕਿਹਾ ਕਿ ਗੁਰੂ ਸਾਹਿਬ ਜਗਨਨਾਥ ਪੁਰੀ ਆਰਤੀ ਦੇ ਉਚਾਰਣ ਦੌਰਾਨ ਇਸ ਥਾਂ ਤੇ ਮੱਠ ਵਿਚ ਰਹੇ ਸੀ ਅਤੇ ਪੀਣ ਵਾਸਤੇ ਮਿੱਠੇ ਪਾਣੀ ਦਾ ਪ੍ਰਬੰਧ ਨਾ ਹੋਣ ਕਰਕੇ ਉਨ੍ਹਾਂ ਨੇ ਬਉਲੀ ਦਾ ਨਿਰਮਾਣ ਕਰਵਾਇਆ ਸੀ ਜਿਸ ਵਿਚ ਅੱਜ ਵੀ ਮਿੱਠਾ ਜਲ ਪ੍ਰਾਪਤ ਹੋ ਰਿਹਾ ਹੈ। ਇਸ ਕਰਕੇ ਉਕਤ ਇਤਿਹਾਸਿਕ ਅਸਥਾਨ ਨੂੰ ਦਿੱਲੀ ਕਮੇਟੀ ਨੂੰ ਦਿੱਤੇ ਜਾਣ ਦੀ ਉਨ੍ਹਾਂ ਨੇ ਮੰਦਿਰ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਹੈ।
ਸਿਰਸਾ ਨੇ ਸੰਗਤਾਂ ਨੂੰ ਆਪਸੀ ਪਿਆਰ ਅਤੇ ਸਦਭਾਵਨਾ ਨਾਲ ਗੁਰ ਸਥਾਨਾਂ ਦੀ ਸੇਵਾ ਲਈ ਬੇਨਤੀ ਕੀਤੀ। ਸਿਰਸਾ ਨੇ ਸਟਾਫ਼ ਨੂੰ ਗੁਰੂ ਘਰ ਵਿਚ ਨਤਮਸਤਕ ਹੋਣ ਆਉਂਦੇ ਗੈਰ ਸਿੱਖਾਂ ਨੂੰ ਚੰਗੇ ਵਿਵਹਾਰ ਨਾਲ ਪੇਸ਼ ਆਉਣ ਦੀ ਹਿਦਾਇਤ ਦਿੰਦੇ ਹੋਏ ਕਮੇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਵੀ ਜਾਣਕਾਰੀ ਦਿੱਤੀ। ਇਸ ਮੌਕੇ ਦਿੱਲੀ ਕਮੇਟੀ ਵੱਲੋਂ ਨਿਜੀ ਪੰਜਾਬੀ ਟੀ.ਵੀ. ਚੈਨਲ ‘ਤੇ ਚਲਾਏ ਜਾ ਰਹੇ ਲੜੀਵਾਰ ”ਕੌਣ ਬਣੇਗਾ ਗੁਰਸਿੱਖ ਪਿਆਰਾ” ਦੇ 4 ਸਤੰਬਰ 2016 ਨੂੰ 100 ਐਪੀਸੋਡ ਮੁਕੱਮਲ ਹੋਣ ਵਿੱਚ ਭਰਪੂਰ ਸਹਿਯੋਗ ਦੇਣ ਵਾਲੇ ਕੁਲਦੀਪ ਸਿੰਘ ਨੂੰ ਸਿਰਪਾਉ ਦੇ ਕੇ ਸਨਮਾਨ ਕੀਤਾ ਗਿਆ। ਦਿੱਲੀ ਕਮੇਟੀ ਦੇ ਮੈਂਬਰ ਕੁਲਮੋਹਨ ਸਿੰਘ, ਤਨਵੰਤ ਸਿੰਘ, ਚਮਨ ਸਿੰਘ ਅਤੇ ਅਕਾਲੀ ਆਗੂ ਹਰਜੀਤ ਸਿੰਘ ਬੇਦੀ ਵੱਲੋਂ ਸਟੇਜ ਸਕੱਤਰ ਦੀ ਸੇਵਾ ਨਿਭਾਈ ਗਈ। ਕਮੇਟੀ ਮੈਂਬਰ ਕੁਲਦੀਪ ਸਿੰਘ ਸਾਹਨੀ ਅਤੇ ਅਕਾਲੀ ਆਗੂ ਹਰਚਰਣ ਸਿੰਘ ਗੁਲਸ਼ਨ ਤੇ ਗੁਰਮੀਤ ਸਿੰਘ ਫੈਡਰੇਸ਼ਨ ਇਸ ਮੌਕੇ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media