
ਨਵੀਂ ਦਿੱਲੀ, 4 ਸਤੰਬਰ (ਪੰਜਾਬ ਪੋਸਟ ਬਿਊਰੋ) – ਸਿੱਖ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦੀ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਬਿਲ ਖਿਡਾਰੀਆਂ ਨੂੰ ਉਤਸਾਹਿਤ ਕਰਨ ਦੀ ਕੋਸ਼ਿਸ਼ਾਂ ਲਗਾਤਾਰ ਚਲ ਰਹੀਆਂ ਹਨ। ਇਸੇ ਕੜੀ ਵਿਚ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਸਾਬਕਾ ਵਿਦਿਆਰਥੀ ਅਤੇ ਉਭਰਦੇ ਆੱਲ ਰਾਉਂਡਰ ਕ੍ਰਿਕਟਰ ਵਰਿੰਦਰ ਪ੍ਰੀਤ ਸਿੰਘ ਨੂੰ ਸਪੋਰਟਸ ਕਿੱਟ ਦੇ ਕੇ ਹੌਂਸਲਾ ਵਧਾਇਆ।
ਜੀ.ਕੇ. ਨੇ ਕਿਹਾ ਕਿ ਸਾਬਤ ਸੂਰਤ ਸਿੱਖ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਕਮੇਟੀ ਵਚਨਬੱਧ ਹੈ। ਕਮੇਟੀ ਦੇ ਸਪੋਰਟਸ ਡਾਇਰੈਕਟਰ ਸਵਰਨਜੀਤ ਸਿੰਘ ਬਰਾੜ ਨੇ ਬੱਚੇ ਦੀ ਕਾਬਲੀਅਤ ਨੂੰ ਦੇਖ ਕੇ ਕਮੇਟੀ ਵੱਲੋਂ ਉਸਦੀ ਮਦਦ ਕਰਨ ਦੀ ਸਿਫ਼ਾਰਿਸ਼ ਕੀਤੀ ਸੀ ਤਾਂਕਿ ਸਿੱਖ ਬੱਚੇ ਖੇਡਾਂ ਨੂੰ ਆਪਣੇ ਕਰਿਅਰ ਬਣਾਉਣ ਲਈ ਪ੍ਰੇਰਿਤ ਹੋਣ।
ਇਥੇ ਇਹ ਦੱਸਣਯੋਗ ਹੈ ਕਿ ਉਕਤ ਖਿਡਾਰੀ ਕੋਚ ਐਮ.ਪੀ.ਸਿੰਘ ਤੋਂ ਰੋਜ਼ਾਨਾ ਨੈਸ਼ਨਲ ਸਟੈਡੀਅਮ ਵਿਖੇ ਖੇਡ ਦੀਆਂ ਬਾਰੀਕਿਆਂ ਨੂੰ ਸਮਝਣ ਦਾ ਯਤਨ ਕਰ ਰਿਹਾ ਹੈ। ਇਸ ਮੌਕੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿਤ, ਓਂਕਾਰ ਸਿੰਘ ਥਾਪਰ, ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ, ਕਮੇਟੀ ਮੈਂਬਰ ਰਵਿੰਦਰ ਸਿੰਘ ਖੁਰਾਣਾ, ਪਰਮਜੀਤ ਸਿੰਘ ਰਾਣਾ, ਹਰਦੇਵ ਸਿੰਘ ਧਨੋਆ ਅਤੇ ਕਮੇਟੀ ਪ੍ਰਧਾਨ ਦੇ ਨੌਜਵਾਨਾਂ ਦੇ ਮਾਮਲਿਆਂ ਦੇ ਮੁਖ ਸਲਾਹਕਾਰ ਸਤਬੀਰ ਸਿੰਘ ਗਗਨ ਮੌਜੂਦ ਸਨ।
Punjab Post Daily Online Newspaper & Print Media