
ਨਵੀਂ ਦਿੱਲੀ, 3 ਸਤੰਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਮੁਖ ਗ੍ਰੰਥੀ ਬਾਬਾ ਬੁੱਢਾ ਜੀ ਅਤੇ ਤੀਸਰੇ ਮੁਖ ਗ੍ਰੰਥੀ ਭਾਈ ਮਨੀ ਸਿੰਘ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਇਆ ਗਿਆ।ਮਾਤਾ ਸੁੰਦਰੀ ਕਾਲਜ ਦੇ ਮਾਤਾ ਸਾਹਿਬ ਕੌਰ ਔਡੀਟੋਰੀਅਮ ਵਿਚ ਹੋਏ ਸੈਮੀਨਾਰ ਵਿੱਚ ਤਖਤ ਸ੍ਰੀ ਕੇਸ਼ਗੜ੍ਹ ਸਾਹਿਬ ਜੀ ਦੇ ਸਾਬਕਾ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ, ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਜਸਪਾਲ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਸੈਂਟਰ ਦੇ ਪ੍ਰੋਫੈਸਰ ਅਮਰ ਸਿੰਘ ਅਤੇ ਪੰਥਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਯੂਟ ਦੇ ਡਾ. ਬਲਕਾਰ ਸਿੰਘ ਨੇ ਗੁਰੂ ਕੇ ਵਜੀਰ ਵੱਜੋਂ ਦੋਨੋਂ ਮਹਾਨ ਸਖਸ਼ੀਅਤਾਂ ਵੱਲੋਂ ਬਰਾਬਰਤਾ, ਧਾਰਮਿਕ ਭੇਦਭਾਵ ਦੂਰ ਕਰਨ ਅਤੇ ਮਨੁੱਖਤਾ ਨੂੰ ਇੱਕ ਸੂਤਰ ਵਿਚ ਪਿਰੋਣ ਵਾਸਤੇ ਕੀਤੇ ਗਏ ਕਾਰਜਾਂ ਤੇ ਆਪਣੇ ਲੈਕਚਰਾਂ ਦੌਰਾਨ ਰੌਸ਼ਨੀ ਪਾਈ।
ਸੈਮੀਨਾਰ ਦੀ ਸ਼ੁਰੂਆਤ ਸਵਾਗਤੀ ਸ਼ਬਦਾਂ ਨਾਲ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਰਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਵਿਚ ਬਿਨਾਂ ਕਿਸੇ ਭੇਦਭਾਵ ਦੇ ਸਮੁੱਚੀ ਮਨੁੱਖਤਾ ਦੇ ਵਾਸਤੇ ਖੁਲ੍ਹੇ ਬੂਹਿਆਂ ਨੂੰ ਸਮਾਜਿਕ ਵਰਣ ਵੰਡ ਤੇ ਕਰਾਰੀ ਚੋਟ ਦੱਸਿਆ। ਜੀ.ਕੇ. ਨੇ ਕਿਹਾ ਕਿ ਜਿਸ ਸਥਾਨ ਤੇ ਪਰਮਾਤਮਾ ਨੂੰ ਪਿਆਰ ਕਰਨ ਵਾਲੇ ਲੋਕ ਗੁਰੂ ਕੇ ਵਜੀਰ ਵੱਜੋਂ ਹੋਣਗੇ ਉਥੇ ਕਿਸੇ ਵਿੱਤਕਰੇ ਦੀ ਕਲਪਨਾ ਕਰਨਾ ਗਲਤ ਹੋਵੇਗਾ। ਇਸ ਸਬੰਧ ਵਿਚ ਹਰਿਮੰਦਰ ਸਾਹਿਬ ਵਿਚ ਮਹੰਤਾਂ ਦੇ ਕਬਜੇ ਦੌਰਾਨ ਸਿੱਖ ਮਰਿਯਾਦਾ ਦੀ ਹੋਏ ਘਾਣ ਦਾ ਵੀ ਹਵਾਲਾ ਦਿੱਤਾ।
ਡਾ. ਜਸਪਾਲ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਖਾਲੀ ਵਿਲੱਖਣ ਦਿਖ ਹੀ ਨਹੀਂ ਬਣਾਈ ਸੀ ਸਗੋਂ ਮਨੁੱਖਤਾ ਨੂੰ ਪ੍ਰੇਮ-ਪਿਆਰ ਤੇ ਭਾਈਚਾਰੇ ਦੇ ਸਮਾਜ ਦੀ ਵਿਲੱਖਣ ਕਲਪਨਾ ਨੂੰ ਵੀ ਬਰਕਰਾਰ ਰੱਖਿਆ ਸੀ। ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਕਮੇਟੀ ਵੱਲੋਂ ਲਗਾਤਾਰ ਪੰਥਕ ਸਖਸ਼ੀਅਤਾ ਨੂੰ ਯਾਦ ਕਰਨ ਵਾਸਤੇ ਕਰਾਏ ਜਾਂਦੇ ਲੜੀਵਾਰ ਸੈਮੀਨਾਰਾਂ ਦੀ ਕੜੀ ਵਜੋਂ ਇਸ ਸੈਮੀਨਾਰ ਨੂੰ ਦੱਸਿਆ। ਪੰਥਕ ਵਿਦਵਾਨਾ ਨੂੰ ਚੇਤੇ ਕਰਨ ਦਾ ਸੈਮੀਨਾਰ ਨੂੰ ਰਾਣਾ ਨੇ ਵੱਡਾ ਮਾਧਿਅਮ ਦੱਸਿਆ। ਸਟੇਜ ਸਕੱਤਰ ਦੀ ਸੇਵਾ ਪ੍ਰਕਾਸ਼ ਸਿੰਘ ਗਿੱਲ ਵੱਲੋਂ ਨਿਭਾਈ ਗਈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਕਵਰਜੀਤ ਕੌਰ ਵੀ ਮੌਜੂਦ ਸਨ।
Punjab Post Daily Online Newspaper & Print Media