
ਨਵੀਂ ਦਿੱਲੀ, 3 ਸਤਬੰਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਬਾਦਲ ਦਲ ਦੇ ਸੀਨੀਅਰ ਆਗੂ ਕੁਲਮੋਹਨ ਸਿੰਘ ਦੇ ਸਹਾਇਕ ਵਲੋਂ ਕਿਸੇ ਮਹਿਲਾ ਦੇ ਸ਼ਾਰੀਰਕ ਸ਼ੋਸ਼ਣ ਵਰਗੇ ਘਿਨੋਣੇ ਮਾਮਲੇ ਵਿਚ ਲਿਪਤ ਪਾਏ ਜਾਣ ਦੇ ਹੋਏ ਖੁਲਾਸੇ ਨੇ ਮਹੰਤਾਂ ਦੇ ਯੁੱਗ ਦੀ ਸ਼ੁਰੂਆਤ ਦੇ ਸੰਕੇਤ ਦਿੱਤੇ ਹਨ।ਜਦੋਂ ਸਿੱਖ ਧਾਰਮਿਕ ਸੰਸਥਾਵਾਂ ਉਪਰ ਮਹੰਤਾਂ ਦਾ ਕਬਜਾ ਹੁੰਦਾ ਸੀ।
ਸਰਨਾ ਨੇ ਕਿਹਾ ਕਿ ਦਿੱਲੀ ਦੀਆਂ ਸੰਗਤਾਂ ਨੇ ਦੇਖਿਆ, ਮਹਿਸੂਸ ਕੀਤਾ ਹੈ ਕਿ ਪਹਿਲਾਂ ਬਾਦਲ ਦਲੀਆਂ ਦੇ ਘੋਰ ਭ੍ਰਿਸ਼ਟਾਚਰ, ਪ੍ਰਬੰਧਕੀ ਨਾਕਾਮੀਆਂ, ਗਲਤ ਨੀਤੀਆਂ ਅਤੇ ਸਾਜ਼ਿਸ਼ਾ ਦੇ ਕਾਰਨ ਸਿੱਖਾਂ ਦੇ ਉਚ ਤਕਨੀਕੀ ਵਿਦਿਅਕ ਅਦਾਰੇ ਬੰਦ ਹੋ ਗਏ ਹਨ ਤੇ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਮਹਿਲਾ ਦੇ ਸਰੀਰਕ ਸ਼ੋਸ਼ਣ ਕੀਤੇ ਜਾਣ ਦਾ ਮਾਮਲਾ ਉਜਾਗਰ ਹੋਇਆ ਹੈ।ਉਨ੍ਹਾਂ ਨੇ ਕਿਹਾ ਕਿ ਇਹ ਸਾਰੀਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਸਿੱਖ ਧਾਰਮਿਕ ਸੰਸਥਾਵਾਂ ਦਾ ਪ੍ਰਬੰਧ ਦੁਬਾਰਾ ਮਹੰਤ ਨਾਰਾਇਣ ਦਾਸ (ਨਰੈਣੂ) ਦੀ ਪ੍ਰਵਿਰਤੀ ਵਾਲੇ ਵਿਅਕਤੀਆਂ ਦੇ ਹੱਥਾਂ ਵਿਚ ਆ ਚੁੱਕਾ ਹੈ।
ਸਰਨਾ ਨੇ ਕਿਹਾ ਕਿ ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਇਕ ਮਹਿਲਾ ਨੇ ਕੁਲਮੋਹਨ ਸਿੰਘ ਦੇ ਸਹਿਯੋਗੀ ਦੇ ਖਿਲਾਫ ਸ਼ਰੀਰਕ ਸ਼ੋਸ਼ਣ ਕੀਤੇ ਜਾਣ ਬਾਰੇ ਪੁਲਿਸ ਵਿਚ ਸ਼ਿਕਾਇਤ ਦਰਜ਼ ਕਰਵਾਈ।ਉਨ੍ਹਾਂ ਨੇ ਕਿਹਾ ਕਿ ਇਹ ਉਹੀ ਕੁਲਮੋਹਨ ਸਿੰਘ ਹੈ ਜਿਸ ਨੂੰ ਬਾਦਲ ਦਲ ਦਿੱਲੀ ਕਮੇਟੀ ਦੇ ਵਿਦਵਾਨ ਚੇਹਰੇ ਦੇ ਰੂਪ ਵਿਚ ਸੰਗਤਾਂ ਦੇ ਸਾਹਮਣੇ ਪੇਸ਼ ਕਰਦੇ ਹਨ ਤੇ ਇਹੀ ਵਿਅਕਤੀ ‘ਕੌਣ ਬਣੇਗਾ ਗੁਰਸਿੱਖ ਪਿਆਰਾ’ ਵਰਗੇ ਧਾਰਮਿਕ ਪ੍ਰੋਗਰਾਮ ਦੀ ਵੀ ਪੇਸ਼ਕਾਰੀ ਕਰਦਾ ਹੈ।
ਸ੍ਰ: ਸਰਨਾ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਡੂੰਘੀ ਜਾਂਚ ਲਈ ਦਿੱਲੀ ਮਹਿਲਾ ਆਯੋਗ ਕੋਲ ਪਹੁੰਚ ਕਰ ਰਹੇ ਹਨ।ਸਰਨਾ ਨੇ ਕਿਹਾ ਕਿ ਉਹ ਐਸੇ ਘਟੀਆਂ ਚਰਿੱਤਰ ਵਾਲੇ ਵਿਅਕਤੀਆਂ ਨੂੰ ਕਦੇ ਮੁਆਫ ਨਹੀਂ ਕਰਨਗੇ ਅਤੇ ਇਨ੍ਹਾਂ ਦੇ ਖਿਲਾਫ ਕਾਨੂੰਨੀ ਅਤੇ ਧਾਰਮਿਕ ਕਾਰਵਾਈ ਜਰੂਰ ਕੀਤੀ ਜਾਵੇਗੀ।
Punjab Post Daily Online Newspaper & Print Media