dsgm
ਨਵੀਂ ਦਿੱਲੀ, 3 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਕਮੇਟੀ ਦੇ ਇੱਕ ਮੁਲਾਜ਼ਮ ਦੇ ਖਿਲਾਫ਼ ਕਿਸੇ ਮਹਿਲਾ ਦੇ ਨਾਲ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ ਤਹਿਤ ਦਰਜ ਹੋਏ ਕੇਸ ਨੂੰ ਕਮੇਟੀ ਪ੍ਰਬੰਧਕਾਂ ਦੀ ਕਾਰਜਸ਼ੈਲੀ ਨਾਲ ਜੋੜਨ ਨੂੰ ਕਮੇਟੀ ਨੇ ਸਰਨਾ ਦੀ ਹਤਾਸ਼ਾ ਦਾ ਪ੍ਰਤੀਕ ਦੱਸਿਆ ਹੈ। ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸਰਨਾ ਨੂੰ ਤਥਾਂ ਦੇ ਆਧਾਰ ਤੇ ਬਿਆਨਬਾਜ਼ੀ ਕਰਨ ਦੀ ਸਲਾਹ ਦਿੰਦੇ ਹੋਏ ਸਰਨਾ ਕੋਲ ਮੁੱਦਿਆ ਦਾ ਅਕਾਲ ਪੈਣ ਦਾ ਵੀ ਦਾਅਵਾ ਕੀਤਾ ਹੈ। ਮਾਮਲਾ ਸਾਹਮਣੇ ਆਉਣ ਦੇ ਬਾਅਦ ਹੀ ਕਮੇਟੀ ਵੱਲੋਂ ਮੁਲਾਜ਼ਮ ਨੂੰ ਤੁਰੰਤ ਬਰਖਾਸਤ ਕਰਨ ਦੀ ਵੀ ਉਨ੍ਹਾਂ ਨੇ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਕੋਈ ਬੰਦਾ ਆਪਣੇ ਸ਼ਕੇ ਜੰਮੇ ਹੋਏ ਬੱਚਿਆਂ ਦੇ ਕਿਰਦਾਰ ਦੇ ਚੰਗਾ ਹੋਣ ਦਾ ਦਾਅਵਾ ਨਹੀਂ ਕਰ ਸਕਦਾ ਹੈ, ਫਿਰ ਕਿਸ ਆਧਾਰ ਤੇ ਕਮੇਟੀ ਪ੍ਰਬੰਧਕ ਆਪਣੇ ਮੁਲਾਜ਼ਮਾਂ ਦੇ ਕਿਰਦਾਰ ਦੇ ਜਿੰਮੇਵਾਰ ਹੋ ਸਕਦੇ ਹਨ। ਸਰਨਾ ਵੱਲੋਂ ਇਸ ਕਥਿਤ ਜਿਨਸੀ ਸ਼ੋਸ਼ਣ ਦੇ ਨਾਲ ਹੀ 2.5 ਲੱਖ ਰੁਪਏ ਲੈ ਕੇ ਕਮੇਟੀ ਵਿਚ ਉਸ ਮਹਿਲਾ ਨੂੰ ਨੌਕਰੀ ਦਿਵਾਉਣ ਦੇ ਝਾਂਸੇ ਦੇ ਕੀਤੇ ਗਏ ਖੁਲਾਸੇ ਨੂੰ ਸਾਬਿਤ ਕਰਨ ਦੀ ਵੀ ਕਮੇਟੀ ਨੇ ਚੁਨੌਤੀ ਦਿੱਤੀ ਹੈ।ਸਰਨਾ ਨੂੰ ਨੈਤਿਕਤਾ ਦਾ ਠੇਕੇਦਾਰ ਨਾ ਬਣਨ ਦੀ ਸਲਾਹ ਦਿੰਦੇ ਹੋਏ ਉਨ੍ਹਾਂ ਨੇ ਸਰਨਾ ਵੱਲੋਂ ਇਸ ਮਸਲੇ ਤੇ ਕੀਤੀ ਗਈ ਬਿਆਨਬਾਜ਼ੀ ਨੂੰ ਝੂਠ ਦਾ ਪੁਲਿੰਦਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਮੇਟੀ ਦੇ ਸਭ ਤੋਂ ਸੀਨੀਅਰ ਮੈਂਬਰ ਅਤੇ ਮੁਖ ਸਲਾਹਕਾਰ ਕੁਲਮੋਹਨ ਸਿੰਘ ਇਮਾਨਦਾਰ ਹੋਣ ਦੇ ਨਾਲ ਹੀ ਵਿਦਿਵਾਨ ਵੀ ਹਨ, ਜਿਸ ਦਾ ਸਰਟੀਫਿਕੇਟ ਸਰਨਾ ਕੋਲੋਂ ਸਾਨੂੰ ਨਹੀਂ ਚਾਹੀਦਾ ਹੈ।ਸਰਨਾ ਦੇ ਪ੍ਰਧਾਨਗੀ ਕਾਲ ਦੌਰਾਨ ਸਰਨਾ ਦਲ ਦੇ ਤਿੰਨ ਮੈਂਬਰਾਂ ਤੇ ਜਿਨਸੀ ਸ਼ੋਸ਼ਣ ਦੇ ਕੇਸ ਦਰਜ਼ ਹੋਣ ਤੇ ਇਕ ਕਮੇਟੀ ਮੁਲਾਜ਼ਮ ਵੱਲੋਂ ਸੀਨੀਅਰ ਮੀਤ ਪ੍ਰਧਾਨ ਦੇ ਪੀ.ਏ ਵਜੋਂ ਕਮੇਟੀ ਦਫ਼ਤਰ ਵਿਚ ਕੀਤੀ ਗਈ ਰਾਸਲੀਲਾ ਤੇ ਸਰਨਾ ਵੱਲੋਂ ਅੱਜ ਤਕ ਕੀਤੀ ਗਈ ਕਾਰਵਾਈ ਬਾਰੇ ਵੀ ਰੋਸ਼ਨੀ ਪਾਉਣ ਦੀ ਪਰਮਿੰਦਰ ਨੇ ਸਰਨਾ ਨੂੰ ਅਪੀਲ ਕੀਤੀ ਹੈ।
Punjab Post Daily Online Newspaper & Print Media