
ਕੋਟਕਪੂਰਾ (ਫਰੀਦਕੋਟ), 6 ਸਤੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਕਾਂਗਰਸ ਸਰਕਾਰ ਪੰਜਾਬ ਵਿੱਚ ਕੈਂਸਰ ਦੇ ਮਰੀਜ਼ਾਂ ਨੂੰ ਫ੍ਰੀ ਇਲਾਜ਼ ਮੁਹੱਈਆ ਕਰਵਾਏਗੀ। ਉਨ੍ਹਾਂ ਨੇ ਕਿਹਾ ਕਿ ਮਾਲਵਾ ਖੇਤਰ ਦੇ ਸੈਂਕੜਾਂ ਪਰਿਵਾਰ ਇਸ ਬਿਮਾਰੀ ਕਾਰਨ ਜਾਨਾਂ ਦੇ ਨੁਕਸਾਨ ਅਤੇ ਇਲਾਜ਼ ਉਪਰ ਲੱਗੇ ਭਾਰੀ ਪੈਸਿਆਂ ਕਾਰਨ ਤਬਾਹ ਹੋ ਚੁੱਕੇ ਹਨ।
ਉਨ੍ਹਾਂ ਨੇ ਕਿਹਾ ਕਿ ਇਹ ਦੁਹਰਾ ਦੁੱਖ ਹੁੰਦਾ ਹੈ, ਜਦੋਂ ਇਕ ਪਾਸੇ ਆਪਣੇ ਨਜ਼ਦੀਕੀਆਂ ਨੂੰ ਖੋਹੁਣਾ ਪੈਂਦਾ ਹੈ ਤੇ ਦੂਜੀ ਧਿਰ ਕੈਂਸਰ ਦਾ ਇਲਾਜ਼ ਬਹੁਤ ਮਹਿੰਗਾ ਹੋਣ ਕਾਰਨ ਉਹ ਵਿੱਤੀ ਤੌਰ ‘ਤੇ ਪੂਰੀ ਤਰ੍ਹਾਂ ਟੁੱਟ ਜਾਂਦੇ ਹਨ। ਅਜਿਹੇ ਵਿੱਚ ਕੈਂਸਰ ਦੇ ਮਰੀਜ਼ਾਂ ਦਾ ਇਲਾਜ਼ ਸੂਬੇ ਦੀ ਪੂਰੀ ਜ਼ਿੰਮੇਵਾਰੀ ਹੋਵੇਗੀ। ਇਥੇ ਹਲਕੇ ਵਿਚ ਕੈਪਟਨ ਪ੍ਰੋਗਰਾਮ ਦੌਰਾਨ ਕੋਟਕਪੂਰਾ ਹਲਕੇ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਸਮੱਸਿਆ ਦਾ ਲੰਬੇ ਸਮੇਂ ਲਈ ਹੱਲ ਕੱਢਣ ਤੇ ਖੇਤਰ ਵਿੱਚ ਇਸ ਬਿਮਾਰੀ ਦੇ ਫੈਲ੍ਹਣ ਦੇ ਕਾਰਨਾਂ ਦੀ ਭਾਲ ਕਰਨ ਲਈ ਪੂਰੀ ਕੋਸ਼ਿਸ਼ ਕਰੇਗੀ।
ਇਸ ਮੌਕੇ ਸਵਰਨ ਸਿੰਘ ਨਾਂ ਦੇ ਇਕ ਵਿਅਕਤੀ ਦੇ ਸਵਾਲ ਦਾ ਜਵਾਬ ਦਿੰਦਿਆਂ, ਜਿਨ੍ਹਾਂ ਦੇ ਪੋਤਰੇ ਨੂੰ ਬਰਗਾੜੀ ਬੇਅਦਬੀ ਦੀ ਘਟਨਾ ਖਿਲਾਫ ਪ੍ਰਦਰਸ਼ਨ ਕਰਦਿਆਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਕੈਪਟਨ ਅਮਰਿੰਦਰ ਨੇ ਪੀੜਤਾਂ ਨੂੰ ਨਿਆਂ ਦਿਲਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਨਾ ਸਿਰਫ ਸ਼ਾਂਤਮਈ ਪ੍ਰਦਰਸ਼ਨਕਾਰੀਆਂ ‘ਤੇ ਗੋਲੀਆਂ ਚਲਾਉਣ ਵਾਲੇ ਪੁਲਿਸ ਅਫਸਰਾਂ ਨੂੰ ਸਜ਼ਾ ਦਿੱਤੀ ਜਾਵੇਗੀ, ਬਲਕਿ ਫਾਇਰਿੰਗ ਦਾ ਆਦੇਸ਼ ਦੇਣ ਵਾਲਿਆਂ ਖਿਲਾਫ ਵੀ ਸਖ਼ਤੀ ਨਾਲ ਨਿਪਟਿਆ ਜਾਵੇਗਾ। ਇਸ ਲੜੀ ਹੇਠ ਜਦੋਂ ਇਕ ਸੁਤੰਤਰ ਜਾਂਚ ਕੀਤੀ ਜਾਵੇਗੀ ਬੇਅਦਬੀ ਤੋਂ ਲੈ ਕੇ ਪ੍ਰਦਰਸ਼ਨਕਾਰੀਆਂ ‘ਤੇ ਫਾਇਰਿੰਗ ਤੱਕ ਸੱਭ ਕੁਝ ਬਾਦਲਾਂ ਤੱਕ ਜਾਵੇਗਾ। ਬਾਦਲ ਪਰਿਵਾਰ ਵੱਲੋਂ ਭ੍ਰਿਸ਼ਟਾਚਾਰ ਦੇ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਬਾਦਲ ਪਿਛਲੀ ਵਾਰ ਗਵਾਹਾਂ ਨੂੰ ਪਲਟਾਉਣ ਵਿੱਚ ਕਾਮਯਾਬ ਰਹੇ ਸਨ, ਲੇਕਿਨ ਇਸ ਵਾਰ ਉਹ ਪੁਖਤਾ ਕਰਨਗੇ ਕਿ ਇਕ ਸਮਾਂਬੱਧ ਜਾਂਚ ਹੋਵੇ, ਤਾਂ ਜੋ ਭ੍ਰਿਸ਼ਟਾਚਾਰੀਆਂ ਨੂੰ ਸਜ਼ਾ ਮਿਲ ਸਕੇ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਇਕ ਕਿਸਾਨ ਦੀ ਚਿੰਤਾ ਨੂੰ ਸਾਂਝਾ ਕੀਤਾ, ਜਿਸਨੇ ਸ਼ੰਕਾ ਪ੍ਰਗਟਾਈ ਕਿ ਸ਼ਾਇਦ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐਫ.ਸੀ.ਆਈ) ਇਸ ਵਾਰ ਝੌਨੇ ਦੀ ਖ੍ਰੀਦ ਨਹੀਂ ਕਰੇਗੀ। ਉਨ੍ਹਾਂ ਨੇ ਕਿਹਾ ਕਿ ਵਿੱਤੀ ਬੇਨਿਯਮੀਆਂ ਕਾਰਨ ਸੂਬਾ ਸਰਕਾਰ ਇਸ ਵਾਰ ਫਿਰ ਤੋਂ ਕੈਸ਼ ਕ੍ਰੇਡਿਟ ਲਿਮਿਟ ਲੈਣ ਦੀ ਹਾਲਤ ਵਿੱਚ ਨਹੀਂ ਹੈ। ਜਿਸਦਾ ਨਤੀਜ਼ਾ ਕਿਸਾਨਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਵਜੋਂ ਸਾਹਮਣੇ ਆਏਗਾ। ਸਾਬਕਾ ਮੁੱਖ ਮੰਤਰੀ ਨੇ ਇਸ ਸਲਾਹ ਨਾਲ ਹਾਮੀ ਭਰੀ ਕਿ ਜਨਰਲ ਸ੍ਰੇਣੀ ਨਾਲ ਸਬੰਧਤ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਵੀ 300 ਯੂਨਿਟ ਫ੍ਰੀ ਬਿਜ਼ਲੀ ਅਤੇ ਸ਼ਗਨ ਸਕੀਮ ਵਰਗੀਆਂ ਭਲਾਈ ਸਕੀਮਾਂ ਦਾ ਫਾਇਦਾ ਮਿੱਲਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਓਪਿੰਦਰ ਸ਼ਰਮਾ, ਜੋਗਿੰਦਰ ਪੰਜਗਰਾਈਂ, ਕਰਨ ਕੌਰ ਬਰਾੜ ਤੇ ਕਿੱਕੀ ਢਿਲੋਂ ਵੀ ਮੌਜ਼ੂਦ ਰਹੇ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media