Tuesday, July 21, 2026

ਅੰਮ੍ਰਿਤਸਰ ਸ਼ਹਿਰ ਵਿਚ ਚੱਲ ਰਹੇ ਸਾਰੇ ਕੰਮ 31 ਅਕਤੂਬਰ ਤੱਕ ਪੂਰੇ ਕਰ ਲਏ ਜਾਣਗੇ – ਔਜਲਾ

15 ਨਵੰਬਰ ਨੂੰ ਚਾਲੂ ਹੋ ਜਾਵੇਗਾ ਬੀ. ਆਰ. ਟੀ. ਸੀ. ਪ੍ਰਾਜੈਕਟ

ppn2209201614

ਅੰਮ੍ਰਿਤਸਰ, 22 ਸਤੰਬਰ (ਜਗਦੀਪ ਸਿੰਘ ਸੱਗੂ)-‘ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਸ਼ਹਿਰ ਨੂੰ ਟੂਰਿਸਟ ਹੱਬ ਵਜੋਂ ਵਿਕਸਤ ਲਈ ਯਤਨਸ਼ੀਲ ਹਨ ਅਤੇ ਇੱਥੇ ਚੱਲ ਰਹੇ ਸਾਰੇ ਪ੍ਰਾਜੈਕਟ ਉਨਾਂ ਦੀ ਸਿੱਧੀ ਨਿਗਰਾਨੀ ਹੇਠ ਹਨ। ਸ. ਬਾਦਲ ਇੰਨਾਂ ਸਾਰੇ ਪ੍ਰਾਜੈਕਟਾਂ ਨੂੰ ਛੇਤੀ ਤੋਂ ਛੇਤੀ ਜਨਤਾ ਨੂੰ ਸਮਰਪਿਤ ਕਰਨਾ ਚਾਹੁੰਦੇ ਹਨ, ਤਾਂ ਜੋ ਲੰਮੇ ਸਮੇਂ ਤੋਂ ਉਡੀਕ ਰਹੇ ਲੋਕਾਂ ਨੂੰ ਸੁੱਖ ਦਾ ਸਾਹ ਆ ਸਕੇ।’ ਉਕਤ ਸਬਦਾਂ ਦਾ ਪ੍ਰਗਟਾਵਾ ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਸਕੱਤਰ ਸ੍ਰੀ ਪੀ. ਐਸ. ਔਜਲਾ ਨੇ ਜਿਲ੍ਹੇ ਦੇ ਅਧਿਕਾਰੀਆਂ ਨਾਲ ਪ੍ਰਾਜੈਕਟਾਂ ਨੂੰ ਨੇਪਰੇ ਚਾੜਨ ਬਾਬਤ ਕੀਤੀ ਵਿਸਥਾਰਤ ਮੀਟਿੰਗ ਵਿਚ ਕੀਤਾ। ਸ੍ਰੀ ਔਜਲਾ ਨੇ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਗੁਰੂ ਨਗਰੀ ਅੰਮ੍ਰਿਤਸਰ ਨੂੰ ਵਿਸ਼ਵ ਦੇ ਖੂਬਸੂਰਤ ਸ਼ਹਿਰਾਂ ਵਿਚ ਸ਼ਾਮਿਲ ਕਰਨਾ ਚਾਹੁੰਦੇ ਹਨ ਅਤੇ ਇਸ ਨੂੰ ਪੂਰਾ ਕਰਨ ਲਈ ਗੁਰੂ ਨਗਰੀ ਵਿਚ ਲਗਾਤਾਰ ਵਿਕਾਸ ਦੇ ਕੰਮ ਸ਼ੁਰੂ ਕਰਵਾਏ ਗਏ ਸਨ, ਜੋ ਕਿ ਲਗਭਗ ਮੁਕੰਮਲ ਹੋਣ ਕਿਨਾਰੇ ਹਨ। ਸ੍ਰੀ ਔਜਲਾ ਨੇ ਕਿਹਾ ਕਿ ਇਸ ਸਾਲ ਪੰਜਾਬ ਰਾਜ ਆਪਣੀ ਸਥਪਨਾ ਦੀ 50ਵੀਂ ਵਰੇਗੰਢ ਮਨਾ ਰਿਹਾ ਹੈ ਅਤੇ ਸ. ਬਾਦਲ ਬਹੁਤੇ ਪ੍ਰਾਜੈਕਟਾਂ ਨੂੰ ਇਸੇ ਮਹੀਨੇ ਸ਼ੁਰੂ ਕਰਨ ਨੂੰ ਤਰਜੀਹ ਦੇਣਗੇ। ਉਨਾਂ ਦੱਸਿਆ ਕਿ ਪੰਜਾਬੀ ਸੂਬੇ ਦੀ ਸਥਾਪਨਾ ਦਾ ਵੱਡਾ ਸਮਾਗਮ ਵਿਚ ਅੰਮ੍ਰਿਤਸਰ ਵਿਚ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।
ਸ੍ਰੀ ਔਜਲਾ ਨੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ਬੀ. ਆਰ. ਟੀ. ਸੀ . ਪ੍ਰਾਜੈਕਟ 15 ਨਵੰਬਰ ਨੂੰ ਸ਼ੁਰੂ ਕਰਨ ਦਾ ਟੀਚਾ ਹੈ ਅਤੇ ਇਸ ਟੀਚੇ ਨੂੰ ਪੂਰਾ ਕਰਨ ਲਈ ਹਰ ਹਾਲਤ ਕੰਮ ਸਿਰੇ ਚਾੜਿਆ ਜਾਵੇ। ਉਨਾਂ ਕਿਹਾ ਕਿ ਇਸ ਦੇ ਸ਼ੁਰੂ ਹੋਣ ਨਾਲ ਸ਼ਹਿਰੀਆਂ ਅਤੇ ਸੈਲਾਨੀਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਸੜਕਾਂ ‘ਤੇ ਟਰੈਫਿਕ ਜਾਮ ਵੀ ਘੱਟ ਹੋਣਗੇ। ਸ੍ਰੀ ਔਜਲਾ ਨੇ ਇਸ ਤੋਂ ਇਲਾਵਾ ਐਂਟਰੀ ਗੇਟ, ਸ੍ਰੀ ਦਰਬਾਰ ਸਾਹਿਬ ਦੇ ਦੁਆਲੇ ਹੋ ਰਹੇ ਸੁੰਦਰੀਕਰਨ, ਅਰਬਨ ਮਿਸ਼ਨ ਤਹਿਤ ਚੱਲ ਰਹੇ ਸੜਕਾਂ ਦੇ ਕੰਮ, ਵਾਰ ਮੈਮੋਰੀਅਲ, ਸ੍ਰੀ ਬਾਲਮੀਕ ਤੀਰਥ ਦੀ ਉਸਾਰੀ ਦਾ ਕੰਮ ਅਤੇ ਹੋਰ ਕੰਮਾਂ ਬਾਰੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨਾਂ ਨਾਲ ਕੰਮ ਪੂਰੇ ਹੋਣ ਬਾਰੇ ਵਿਚਾਰ-ਚਰਚਾ ਕੀਤੀ। ਸ੍ਰੀ ਔਜਲਾ ਨੇ ਇੰਨਾਂ ਸਾਰੇ ਕੰਮਾਂ ਨੂੰ 25 ਅਕਤੂਬਰ ਤੱਕ ਪੂਰੇ ਕਰਨ ਦਾ ਸਮਾਂ ਦਿੱਤਾ। ਸ੍ਰੀ ਔਜਲਾ ਨੇ ਚੱਲ ਰਹੇ ਸਾਰੇ ਕੰਮ ਵੇਖਣ ਲਈ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਵੀ ਕੀਤਾ। ਇਸ ਮੌਕੇ ਉਨਾਂ ਨਾਲ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਐਸ ਪੀ ਆਗਰਾ, ਕਮਿਸ਼ਨਰ ਸੋਨਾਲੀ ਗਿਰੀ, ਅੰਮ੍ਰਿਤਸਰ ਵਿਕਾਸ ਅਥਾਰਟੀ ਦੇ ਮੁਖੀ ਸ੍ਰੀ ਸੰਦੀਪ ਰਿਸ਼ੀ, ਡੀ:ਡੀ:ਪੀ:ਓ ਸz ਹਰਜਿੰਦਰ ਸਿੰਘ ਸੰਧੂ,  ਐਕਸੀਅਨ ਜਸਬੀਰ ਸਿੰਘ ਸੋਢੀ, ਐਕਸੀਅਨ ਇੰਦਰਜੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply