ਕਿਰਨ ਬੇਦੀ, ਬਾਦਲ, ਅਟਵਾਲ, ਮਜੀਠੀਆ ਅਤੇ ਜੋਸ਼ੀ ਸਮੇਤ ਹੋਰ ਹਸਤੀਆਂ ਕਰਨਗੀਆਂ ਸ਼ਿਰਕਤ
ਅੰਮ੍ਰਿਤਸਰ, 22 ਸਤੰਬਰ (ਜਗਦੀਪ ਸਿੰਘ ਸੱਗੂ)- ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਗਤੀਸ਼ੀਲ ਅਗਵਾਈ ਹੇਠ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੀ 125ਵੀਂ ਜੈਯੰਤੀ ਦੇ ਸਬੰਧ ਵਿਚ ਪੰਜਾਬ ਵਿਚ ਕੀਤੇ ਜਾ ਰਹੇ ਛੇ ਰਾਸ਼ਟਰੀ ਸੈਮੀਨਾਰਾਂ ਦੀ ਲੜੀ ਤਹਿਤ ਚੌਥਾ ਰਾਸ਼ਟਰੀ ਸੈਮੀਨਾਰ ‘ਡਾ. ਭੀਮ ਰਾਓ ਅੰਬੇਦਕਰ ਅਤੇ ਸੰਵਿਧਾਨ’ ਵਿਸ਼ੇ ‘ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਕੱਲ 23 ਸਤੰਬਰ ਨੂੰ ਹੋ ਰਿਹਾ ਹੋਵੇਗਾ। ਇਹ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ 125ਵੀਂ ਜਨਮ ਵਰੇਗੰਢ ਸਬੰਧੀ ਗਠਿਤ ਕਮੇਟੀ ਦੇ ਕਨਵੀਨਰ ਸ. ਇੰਦਰ ਇਕਬਾਲ ਸਿੰਘ ਅਟਵਾਲ ਨੇ ਅੱਜ ਸੈਮੀਨਾਰ ਦੀਆਂ ਤਿਆਰੀਆਂ ਨੂੰ ਯੂਨੀਵਰਸਿਟੀ ਵਿਖੇ ਅੰਤਿਮ ਛੋਹਾਂ ਦੇਣ ਲਈ ਬੁਲਾਈ ਗਈ ਮੀਟਿੰਗ ਨੂੰ ਸੰਬੋਧਨ ਕਰਦੇ ਕੀਤਾ। ਉਨਾਂ ਦੱਸਿਆ ਕਿ ਦਸ਼ਮੇਸ਼ ਆਡੀਟੋਰੀਅਮ ਵਿਚ ਠੀਕ 10 ਵਜੇ ਤੋਂ ਕਰਵਾਏ ਜਾ ਰਹੇ ਇਸ ਸੈਮੀਨਾਰ ਦੇ ਮੁੱਖ ਮਹਿਮਾਨ ਪੁਡੂਚੇਰੀ ਦੇ ਲੈਫਟੀਨੈਂਟ ਗਵਰਨਰ ਸ੍ਰੀਮਤੀ ਕਿਰਨ ਬੇਦੀ ਹੋਣਗੇ ਅਤੇ ਪ੍ਰਧਾਨਗੀ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਕਰਨਗੇ। ਵਿਸ਼ੇਸ਼ ਮਮਿਹਾਨ ਵਜੋਂ ਜਸਟਿਸ ਕੇ. ਜੀ. ਬਾਲਾਕ੍ਰਿਸ਼ਨਨ ਹੋਣਗੇ ਅਤੇ ਕੁੰਜੀਵਤ ਭਾਸ਼ਣ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਦੇਣਗੇ। ਇਸ ਤੋਂ ਇਲਾਵਾ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ, ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ, ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਤੇ ਸਰਦਾਰ ਸੋਹਣ ਸਿੰਘ ਠੰਡਲ, ਮੈਂਬਰ ਪਾਰਲੀਮੈਂਟ ਸ੍ਰੀ ਸ਼ਵੇਤ ਮਲਿਕ ਸਮੇਤ ਹੋਰ ਬਹੁਤ ਸਾਰੀਆਂ ਨਾਮਵਰ ਸ਼ਖਸੀਅਤਾਂ ਇਸ ਸਮਾਗਮ ਵਿਚ ਸ਼ਿਰਕਤ ਕਰਨਗੀਆਂ।
ਉਨ੍ਹਾਂ ਦੱਸਿਆ ਕਿ ਸੈਮੀਨਾਰ ਵਿਚ ਪ੍ਰੋ. ਪਰਮਜੀਤ ਸਿੰਘ ਜੱਜ ਵਿਸ਼ੇ ਬਾਰੇ ਜਾਣ-ਪਛਾਣ ਕਰਵਾਉਣਗੇ ਅਤੇ ਪ੍ਰੋ. ਵਿਵੇਕ ਕੁਮਾਰ, ਪ੍ਰੋ. ਅਜੀਤ ਕੁਮਾਰ ਪਾਂਡੇ, ਪੀ. ਜੀ. ਜੋਗਡੰਡ, ਸ੍ਰੀ ਐਸ. ਆਰ. ਲੱਧੜ, ਪ੍ਰੋ. ਐਮ. ਰਾਜੀਵਲੋਚਨ, ਪ੍ਰੋ. ਇਮਾਨੁਅਲ ਨਾਹਰ, ਪ੍ਰੋ. ਜਗਰੂਪ ਸਿੰਘ ਸੇਖੋਂ, ਪ੍ਰੋ. ਸਤਿਆ ਪੀ. ਗੌਤਮ ਮੁੱਖ ਬੁਲਾਰੇ ਹੋਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਐਸ ਪੀ ਆਗਰਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media