ਪੰਜਾਬੀ ਸੂਬੇ ਦੀ 50 ਵੀਂ ਵਰ੍ਹੇਗੰਢ ਨੂੰ ਸਮਰਪਿਤ ਬਲਾਕ ਪੱਧਰੀ ਮੁਕਾਬਲੇ ਹੋਏ ਸੰਪੰਨ

ਬਠਿੰਡਾ, 23 ਸਤੰਬਰ (ਅਵਤਾਰ ਸਿੰਘ ਕੈਂਥ )- ਸਿੱਖਿਆ ਵਿਭਾਗ ਪੰਜਾਬ ਵੱਲੋਂ ਮਨਾਏ ਜਾ ਰਹੀ ਪੰਜਾਬੀ ਸੂਬੇ ਦੀ 50 ਵੀਂ ਵਰ੍ਹੇਗੰਢ ਨੂੰ ਸਮਰਪਿਤ ਪ੍ਰਾਇਮਰੀ ਸਕੂਲਾਂ ਦੇ ਬਲਾਕ ਪੱਧਰੀ 17 ਵੱਖ-ਵੱਖ ਮੁਕਾਬਲੇ ਅੱਜ ਟੀਚਰਜ਼ ਹੋਮ ਬਠਿੰਡਾ ਵਿਖੇ ਸ਼ਾਨੋ-ਸ਼ੋਕਤ ਨਾਲ ਸੰਪੰਨ ਕੀਤੇ ਗਏ। ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਸ: ਹਰਦੀਪ ਸਿੰਘ ਤੱਗੜ ਦੀ ਦੇਖਰੇਖ ਹੇਠ ਬਲਾਕ ਬਠਿੰਡਾ ਦੇ ਸੱਭਿਆਚਰਕ ਮੁਕਾਬਲਿਆਂ ਵਿੱਚ ਅੱਜ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ 9 ਸੈਂਟਰਾਂ ਦੇ ਕਰੀਬ 400 ਬੱਚਿਆਂ ਨੇ ਭਾਗ ਲੈਂਦਿਆਂ ਆਪਣੀ ਪ੍ਰਤੀਭਾ ਦੀ ਪ੍ਰੇਸ਼ਕਾਰੀ ਕੀਤੀ। ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਸ: ਦਰਸ਼ਨ ਸਿੰਘ ਜੀਦਾ ਦੀ ਪ੍ਰਧਾਨਗੀ ਹੇਠ ਹੋਏ ਮੁਕਾਬਲਿਆਂ ਮੌਕੇ ਪੂਰਾ ਟੀਚਰਜ਼ ਹੋਮ ਅੱਜ ਪੰਜਾਬ ਦੀ ਪੁਰਾਤਨ ਵਿਰਾਸਤੀ ਰੰਗ ਵਿੱਚ ਰੰਗਿਆ ਗਿਆ। ਇਸ ਦੌਰਾਨ ਵਿਰਾਸਤੀ ਝਾਕੀਆਂ, ਕੋਰੀਓਗ੍ਰਾਫੀ, ਸ਼ਬਦ ਗਾਇਨ, ਲੋਕ ਗੀਤ, ਕਵਿਤਾ ਉਚਾਰਣ, ਪੰਜਾਬੀ ਪਹਿਰਾਵਾ, ਭਾਸ਼ਣ, ਇਕਾਂਗੀ, ਪੇਂਟਿੰਗ, ਕੁਇੰਜ਼, ਸੁੰਦਰ ਲਿਖਾਈ, ਲੇਖ ਰਚਨਾ ਮੁਕਾਬਲੇ ਤੋਂ ਇਲਾਵਾ ਪੁਰਾਤਨ ਵਿਰਾਸਤੀ ਖੇਡਾਂ ਪਿੱਠੂ ਗਰਮ ਅਤੇ ਬਾਜ਼ੀ ਪਾਉਣਾ ਆਦਿ ਦੇ ਦਿਲ ਖਿੱਚਵੇਂ ਅਤੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਮੁਕਾਬਲਿਆਂ ਤੋਂ ਬਾਅਦ ਜੇਤੂ ਟੀਮਾਂ ਦੇ ਬੱਚਿਆਂ ਨੂੰ ਇਨਾਮ ਵੰਡਣ ਦੀ ਰਸਮ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਸ: ਦਰਸ਼ਨ ਸਿੰਘ ਜੀਦਾ ਵੱਲੋਂ ਨਿਭਾਈ ਗਈ। ਇਸ ਮੌਕੇ ਉਨ੍ਹਾਂ ਬੱਚਿਆਂ ਦੇ ਕਈ ਵਿਰਾਸਤੀ ਮੁਕਾਬਲਿਆਂ ਦਾ ਅਨੰਦ ਵੀ ਮਾਣਿਆ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਜੀਦਾ ਨੇ ਕਿਹਾ ਕਿ ਅਜਿਹੇ ਵਿਰਾਸਤੀ ਮੁਕਾਬਲਿਆਂ ਨਾਲ ਜਿੱਥੇ ਬੱਚਿਆਂ ਦੀ ਪ੍ਰਤੀਭਾ ਵਿੱਚ ਨਿਖਾਰ ਆਉਂਦਾ ਹੈ ਉੱਥੇ ਇਨ੍ਹਾਂ ਮੁਕਾਬਲਿਆਂ ਰਾਹੀਂ ਬੱਚਿਆਂ ਨੂੰ ਆਪਣਾ ਪੁਰਾਤਨ ਵਿਰਸਾ ਬੜੀ ਨੇੜਿਓ ਅਨੁਭਵ ਕਰਨ ਦਾ ਵੀ ਮੌਕਾ ਮਿਲਦਾ ਹੈ। ਉਨ੍ਹਾਂ ਜੇਤੂ ਬੱਚਿਆਂ ਦੇ ਨਾਲ ਨਾਲ ਅੱਜ ਦੇ ਮੁਕਾਬਲੇ ਕਰਵਾਉਣ ਲਈ ਬਲਾਕ ਪ੍ਰਵੇਸ਼ ਕੋਆਰਡੀਨੇਟਰ ਅਨੂ ਗੁਪਤਾ ਅਤੇ ਸਮੁੱਚੀ ਟੀਮ ਨੂੰ ਵੀ ਵਧਾਈ ਦਿੱਤੀ। ਅੱਜ ਦੇ ਮੁਕਾਬਲਿਆਂ ਦੌਰਾਨ ਸੈਂਟਰ ਇੰਚਾਰਜ ਸੁਰਿੰਦਰ ਕੌਰ, ਨਰੇਸ਼ ਰਾਣੀ ਸੀ.ਐਚ.ਟੀ, ਬਲਜਿੰਦਰ ਪਾਲ ਸਿੰਘ , ਕੁਲਵਿੰਦਰ ਕੌਰ ਸੀ.ਐੱਚ.ਟੀ., ਸ਼ਿੰਦਰਪਾਲ ਕੌਰ ਸੀ.ਐਚ.ਟੀ, ਬੁੱਗਰ ਸਿੰਘ ਐਚ ਟੀ, ਅਵਤਾਰ ਸਿੰਘ ਐਚ ਟੀ, ਰਵਿੰਦਰ ਭੱਟੀ, ਦਲਜੀਤ ਸਿੰਘ, ਇੰਦਰਜੀਤ ਸਿੰਘ , ਰਣਜੀਤ ਰਾਣਾ, ਪੀ.ਸੀ.ਸੀ. ਟੀਮ ਮੈਂਬਰ ਸਤਨਾਮ ਸਿੰਘ, ਪ੍ਰਸ਼ੋਤਮ ਸਿੰਘ, ਨਵਨੀਤ ਸਿੰਘ, ਸਿਮਰਜੀਤ ਕੌਰ, ਹਰਸ਼ਰਨ ਕੌਰ, ਪ੍ਰਿਤਪਾਲ ਕੌਰ, ਰੁਪਿੰਦਰ ਕੌਰ, ਰਾਜਿੰਦਰ ਸਿੰਘ ਕੋਠੇ ਇੰਦਰ ਸਿੰਘ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਨੇ ਪ੍ਰਬੰਧਕੀ ਅਤੇ ਜੱਜਮੈਂਟ ਡਿਊਟੀਆਂ ਨਿਭਾਈਆਂ। ਜਦੋਂ ਕਿ ਸਟੇਜ਼ ਸੰਚਾਲਨ ਦਲਜੀਤ ਸਿੰਘ , ਮਨਪ੍ਰੀਤ ਕੌਰ, ਰਣਜੀਤ ਰਾਣਾ ਅਤੇ ਇੰਦਰਜੀਤ ਸਿੰਘ ਵੱਲੋਂ ਸਾਂਝੇ ਰੂਪ ਵਿੱਚ ਕੀਤਾ ਗਿਆ।
ਮੁਕਾਬਲਿਆਂ ਦੇ ਨਤੀਜੇ
ਵਿਰਾਸਤੀ ਮੁਕਾਬਲਿਆਂ ਦੇ ਮੀਡੀਆ ਇੰਚਾਰਜ ਰਾਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਹੋਏ ਲੋਕ ਗੀਤ ਮੁਕਾਬਲੇ ਵਿੱਚ ਵਾਇਸ ਆਫ ਪੰਜਾਬ ਨਿੱਕੀ ਆਵਾਜ਼ ਦੇ ਜੇਤੂ ਪੰਕਜ ਦਾਸ ਸੰਜੇ ਨਗਰ ਨੇ ਪਹਿਲਾ ਅਤੇ ਸ਼ਰਨਦੀਪ ਸਿੰਘ ਤਿਉਣਾ ਨੇ ਦੂਸਰਾ ਸਥਾਨ ਹਾਸਲ ਕੀਤਾ। ਝਾਕੀਆਂ ਦੇ ਮੁਕਾਬਲੇ ਵਿੱਚੋਂ ਲਾਲ ਸਿੰਘ ਬਸਤੀ ਅੱਵਲ ਰਿਹਾ ਜਦੋਂ ਕਿ ਮੀਆਂ ਦੂਸਰੇ ਅਤੇ ਗਹਿਰੀ ਦੇਵੀ ਨਗਰ ਤੀਸਰੇ ਸਥਾਨ ਤੇ ਰਿਹਾ। ਕੋਰੀਓਗ੍ਰਾਫੀ ਮੁਕਾਬਲੇ ਵਿੱਚ ਐਨ. ਐਫ. ਐਲ. ਪਹਿਲੇ, ਬੁਲਾਢੇਵਾਲਾ ਦੂਸਰੇ ਅਤੇ ਲਾਲ ਸਿੰਘ ਬਸਤੀ ਤੀਸਰੇ ਸਥਾਨ ਤੇ ਰਹੇ। ਸ਼ਬਦ ਗਾਇਨ ਮੁਕਾਬਲੇ ਵਿੱਚ ਕੋਟ ਸ਼ਮੀਰ ਵਾਂਦਰ ਪੱਤੀ , ਪਰਸ ਰਾਮ ਨਗਰ ਬਠਿੰਡਾ ਅਤੇ ਦਿਉਣ ਕ੍ਰਮਵਾਰ ਪਹਿਲੇ ਦੂਸਰੇ ਅਤੇ ਤੀਸਰੇ ਸਥਾਨ ਤੇ ਰਹੇ। ਕਵਿਤਾ ਉਚਾਰਣ ਮੁਕਾਬਲੇ ਵਿੱਚ ਤਾਨੀਆ ਲਾਲ ਸਿੰਘ ਬਸਤੀ ਪਹਿਲੇ ਅਤੇ ਪਵਨਬੀਰ ਕੌਰ ਵਾਂਦਰ ਪੱਤੀ ਕੋਟ ਸ਼ਮੀਰ ਦੂਸਰੇ ਸਥਾਨ ਤੇ ਰਹੀਆਂ। ਕੁਇਜ਼ ਮੁਕਾਬਲੇ ਵਿੱਚ ਪਨਵੀਰ ਕੌਰ ਕੋਠੇ ਲਾਲ ਸਿੰਘ ਪਹਿਲੇ, ਜਸਨੂਰ ਸਿੰਘ ਦੂਸਰੇ ਅਤੇ ਸਿਮਰਜੀਤ ਕੌਰ ਤੀਸਰੇ ਸਥਾਨ ਤੇ ਰਹੀਆਂ। ਸੁੰਦਰ ਲਿਖਾਈ ਵਿੱਚ ਮਨਪ੍ਰੀਤ ਕੌਰ ਮਹਿਮਾ ਸਰਜਾ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦੋਂ ਕਿ ਗਗਨਦੀਪ ਕੌਰ ਜੱਸੀ ਪੌ ਵਾਲੀ ਨੇ ਦੂਸਰਾ ਤੇ ਰੇਖਾ ਰਾਣੀ ਨਹੀਆਂ ਵਾਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲੇਖ ਰਚਨਾ ਵਿੱਚ ਵਿਸ਼ਾ ਸ਼ਰਮਾਂ ਗੁਰੂ ਕੀ ਨਗਰੀ ਪਹਿਲੇ , ਅਵਤਾਰ ਸਿੰਘ ਜੋਧਪੁਰ ਰੋਮਾਣਾ ਦੂਸਰੇ ਅਤੇ ਗੁਰਲੀਨ ਕੌਰ ਗਿੱਲਪੱਤੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਵਿਰਾਸਤੀ ਖੇਡਾਂ ਵਿੱਚ ਪਿੱਠੂ ਗਰਮ ਮੁਕਾਬਲੇ ਵਿੱਚ ਕਟਾਰ ਸਿੰਘ ਵਾਲਾ, ਸਰਦਾਰਗੜ੍ਹ ਅਤੇ ਕੋਠੇ ਅਮਰਪੁਰਾ ਕ੍ਰਮਵਾਰ ਪਹਿਲੇ ਦੂਸਰੇ ਅਤੇ ਤੀਸਰੇ ਸਥਾਨ ਤੇ ਰਹੇ। ਜਦੋਂ ਕਿ ਬਾਜ਼ੀ ਪਾਉਣ ਵਿੱਚ ਸੰਗੂਆਣਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਲੋਕ ਨਾਚ ਮੁਕਾਬਲੇ ਵਿੱਚ ਐਨ.ਐਫ.ਐਲ ਨੇ ਪਹਿਲਾ ਅਤੇ ਧੋਬੀਆਣਾ ਬਸਤੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਭਾਸ਼ਣ ਮੁਕਾਬਲੇ ਵਿੱਚ ਜਗਵਿੰਦਰ ਸਿੰਘ ਲਾਲ ਸਿੰਘ ਬਸਤੀ ਪਹਿਲੇ ਅਤੇ ਮਨਪ੍ਰੀਤ ਕੌਰ ਬੁਲਾਢੇਵਾਲਾ ਦੂਸਰੇ ਸਥਾਨ ਤੇ ਰਹੇ। ਇਕਾਂਗੀ ਮੁਕਾਬਲੇ ਵਿੱਚ ਹਰਸ਼ਦੀਪ ਕੌਰ ਪਰਸਰਾਮ ਨਗਰ ਪਹਿਲੇ ਸਥਾਨ ਤੇ ਰਹੀ। ਜਦੋਂ ਕਿ ਪੇਟਿੰਗ ਮੁਕਾਬਲੇ ਵਿੱਚ ਅਦਿੱਤੀ ਧੋਬੀਆਣਾ ਪਹਿਲੇ ਅਤੇ ਅਮਨਦੀਪ ਕੌਰ ਨਾਥੀਆਣਾ ਦੂਸਰੇ ਸਥਾਨ ਤੇ ਰਹੇ।
Punjab Post Daily Online Newspaper & Print Media