Tuesday, August 11, 2026

ਟੀ.ਵੀ. ਚੈੱਨਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਢਾਹ ਲਗਾਉਣ ਵਾਲੀਆਂ ਕਾਰਵਾਈਆਂ ਤੋਂ ਬਾਜ਼ ਆਉਣ: ਜਥੇਦਾਰ ਅਵਤਾਰ ਸਿੰਘ

ਜੀ.ਟੀ.ਵੀ. ਦੇ ਸੀਰੀਅਲ ‘ਕਾਲਾ ਟੀਕਾ’ ਵਿੱਚ ਸ੍ਰੀ ਸਾਹਿਬ ਦੀ ਗਲਤ ਢੰਗ ਨਾਲ ਵਰਤੋਂ ਕਰਨ ‘ਤੇ ਨਿੰਦਾ ਕੀਤੀ

ਅੰਮ੍ਰਿਤਸਰ, 23 ਸਤੰਬਰ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੀ.ਟੀ.ਵੀ. ਤੇ ਚਲਦੇ ਸੀਰੀਅਲ ‘ਕਾਲਾ ਟੀਕਾ’ ਦੇ 20 ਸਤੰਬਰ ਨੂੰ ਚਲਾਏ ਗਏ 258ਵੇਂ ਐਪੀਸੋਡ ਵਿੱਚ ਸਿੱਖਾਂ ਦੇ ਧਾਰਮਿਕ ਚਿੰਨ੍ਹ ਸ੍ਰੀ ਸਾਹਿਬ ਦੀ ਗਲਤ ਢੰਗ ਨਾਲ ਵਰਤੋਂ ਕਰਨ ‘ਤੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਥੇਦਾਰ ਅਵਤਾਰ ਸਿੰਘ ਦੇ ਹਵਾਲੇ ਨਾਲ ਕਿਹਾ ਕਿ ਸੀਰੀਅਲ ‘ਕਾਲਾ ਟੀਕਾ’ ਵਿੱਚ ਇਕ ਨਵਜੰਮੀ ਬੱਚੀ ਦੀ ਬਲੀ ਦੇਣ ਲਈ ਇਕ ਔਰਤ ਵੱਲੋਂ ਸ੍ਰੀ ਸਾਹਿਬ ਦੀ ਵਰਤੋਂ ਕੀਤੀ ਗਈ ਹੈ ਜਿਸ ਨਾਲ ਦੇਸ਼-ਵਿਦੇਸ਼ ਵਿੱਚ ਵਸਦੇ ਸਿੱਖਾਂ ਵਿੱਚ ਭਾਰੀ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਆਪਣੇ ਸੀਰੀਅਲ ਦੀ ਪ੍ਰਸਿੱਧੀ ਲਈ ਟੀ.ਵੀ. ਚੈਨਲ ਸਿੱਖ ਭਾਵਨਾਵਾਂ ਨੂੰ ਢਾਹ ਲਗਾਉਣ ਵਾਲੀਆਂ ਕਾਰਵਾਈਆਂ ਤੋਂ ਬਾਜ਼ ਆਉਣ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾ ਸਬ ਟੀ.ਵੀ. ਦੇ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਗਣੇਸ਼ ਜੀ ਦੀ ਮੂਰਤੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਕਰਦਿਆਂ ਵਿਖਾਇਆ ਗਿਆ ਜਿਸ ਸਬੰਧੀ ਸਬ ਟੀ.ਵੀ ਦੇ ਮੈਨੇਜਿੰਗ ਡਾਇਰੈਕਟਰ ਨੂੰ ਪੱਤਰ ਲਿਖ ਕੇ ਇਸ ਸੀਰੀਅਲ ਨੂੰ ਤੁਰੰਤ ਬੰਦ ਕਰਨ ਲਈ ਕਿਹਾ ਗਿਆ ਹੈ।ਸ. ਬੇਦੀ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਨੇ ਜੀ.ਟੀ.ਵੀ. ਦੇ ਉੱਚ ਅਧਿਕਾਰੀਆਂ ਨੂੰ ਵੀ ਸਿੱਖ ਧਰਮ ਨਾਲ ਖਿਲਵਾੜ ਕਰਨ ਵਾਲੇ ਸੀਰੀਅਲ ‘ਕਾਲਾ ਟੀਕਾ’ ਬੰਦ ਕਰਨ ਦੀ ਮੰਗ ਕੀਤੀ ਹੈ।ਉਨ੍ਹਾਂ ਕਿਹਾ ਕਿ ਜੇਕਰ ਇਸ ਸੀਰੀਅਲ ਨੂੰ ਬੰਦ ਨਾ ਕੀਤਾ ਗਿਆ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਸੈਂਸਰ ਬੋਰਡ ਨੂੰ ਵੀ ਅਪੀਲ ਕੀਤੀ ਕਿ ਅਜਿਹੇ ਚੈਨਲਾਂ ‘ਤੇ ਪਾਬੰਦੀ ਲਗਾਈ ਜਾਵੇ ਜਿਨ੍ਹਾਂ ਨੂੰ ਕਿਸੇ ਵੀ ਧਰਮ ਦੀਆਂ ਭਾਵਨਾਵਾਂ ਨਾਲ ਕੋਈ ਮਤਲਬ ਨਹੀਂ ਹੈ।

Check Also

ਰੈਡ ਕਰਾਸ ਸੁਸਾਇਟੀ ਨੇ ਮਹਿਲਾਵਾਂ ਨੂੰ ਸੈਨੇਟਰੀ ਨੈਪਕਿਨ ਵੰਡੇ ਅਤੇ ਮਾਹਵਾਰੀ ਸਫ਼ਾਈ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਇਸਤਰੀਆਂ ਨੂੰ ਮਾਹਵਾਰੀ ਦੌਰਾਨ ਸਾਫ਼-ਸਫ਼ਾਈ ਪ੍ਰਤੀ ਜਾਗਰੂਕ ਕਰਨ ਅਤੇ …

Leave a Reply