ਸਿਮਰਨ ਕੌਰ ਮੁੰਡੀ ਹੈ ਫ਼ਿਲਮ ਦੀ ਨਾਇਕਾ, ਨਵਿੰਦਰ ਕਿਰਪਾਲ ਸਿੰਘ ਹਨ ਨਿਰਦੇਸ਼ਕ
ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ ਬਿਊਰੋ)- ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਅਤੇ ਜੱਸੀ ਗਿੱਲ ਅੱਜ ਕੱਲ੍ਹ ਹਰ ਇਕ ਨੂੰ ਕਹਿ ਰਹੇ ਹਨ ਕਿ ‘ਮੁੰਡਿਆ ਤੋਂ ਬਚ ਕੇ ਰਹੀਂ’। ਇਨ੍ਹਾਂ ਦੋਹਾਂ ਦਾ ਸਾਥ ਮਿਸ ਇੰਡੀਆ ਰਹਿ ਚੁੱਕੀ ਅਦਾਕਾਰਾ ਸਿਮਰਨ ਕੌਰ ਮੁੰਡੀ ਵੀ ਦੇ ਰਹੀ ਹੈ। ਦਰਅਸਲ ਰੌਸ਼ਨ ਪ੍ਰਿੰਸ, ਜੱਸੀ ਗਿੱਲ ਅਤੇ ਸਿਮਰਨ ਕੌਰ ਮੁੰਡੀ ਅਤੇ ਕਾਮੇਡਿਅਨ ਭਾਰਤੀ ਸਿੰਘ ਅੱਜ ਕੱਲ੍ਹ ਆਪਣੀ ਫ਼ਿਲਮ ‘ਮੁੰਡਿਆ ਤੋਂ ਬਚ ਕੇ ਰਹੀਂ’ ਦਾ ਪ੍ਰਚਾਰ ਕਰ ਰਹੇ ਹਨ। 30 ਮਈ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦੇ ਪ੍ਰੋਮੇਸ਼ਨ ਟੂਅਰ ‘ਤੇ ਨਿਕਲੇ ਇਹ ਅਦਾਕਾਰ ਅੱਜ ਸ਼ਹਿਰ ‘ਚ ਪੁੱਜੇ। ਇਸ ਮੌਕੇ ਉਨ੍ਹਾਂ ਨਾਲ ਫ਼ਿਲਮ ਦੇ ਨਿਰਦੇਸ਼ਕ ਨਵਿੰਦਰ ਕਿਰਪਾਲ ਸਿੰਘ ਅਤੇ ਨਿਰਮਾਤਾ ਪਵਨ ਗਿੱਲ ਵੀ ਹਾਜ਼ਰ ਸਨ। ਆਪਣੀ ਇਸ ਫ਼ਿਲਮ ਸਬੰਧੀ ਗੱਲਬਾਤ ਕਰਦਿਆਂ ਰੌਸ਼ਨ ਪ੍ਰਿੰਸ ਅਤੇ ਜੱਸੀ ਗਿੱਲ ਨੇ ਦੱਸਿਆ ਕਿ ਦਰਸ਼ਕ ਇਸ ਫ਼ਿਲਮ ‘ਚ ਉਨ੍ਹਾਂ ਦੀ ਜੋੜੀ ਨੂੰ ਬੇਹੱਦ ਪਸੰਦ ਕਰਨਗੇ। ਦੋ ਦੋਸਤਾਂ ਦੇ ਪਿਆਰ ਨੂੰ ਦਰਸਾਉਂਦੀ ਆਪਣੇ ਕਿਸਮ ਦੀ ਇਹ ਪੰਜਾਬੀ ਦੀ ਪਹਿਲੀ ਫ਼ਿਲਮ ਹੋਵੇਗੀ। ‘ਗਿੱਲ ਪਿਕਚਰਜ਼ ਇੰਟਰਨੇਟਮੈਂਟ’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਸੰਗੀਤ ਪਹਿਲਾਂ ਹੀ ਹਰ ਪਾਸੇ ਪਸੰਦ ਕੀਤਾ ਜਾ ਰਿਹਾ ਹੈ। ਫ਼ਿਲਮ ਦੀ ਨਾਇਕਾ ਸਿਮਰਨ ਕੌਰ ਮੁੰਡੀ ਨੇ ਦੱਸਿਆ ਕਿ ਇਸ ਫ਼ਿਲਮ ‘ਚ ਉਹ ਇਕ ਚੁਲਬਲੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ। ਇਸ ਕੁੜੀ ਪਿਛੇ ਜਦੋਂ ਦੋ ਮੁੰਡੇ ਪੈ ਜਾਂਦੇ ਹਨ ਤਾਂ ਫਿਰ ਕਿਹੋ ਜਿਹੇ ਹਲਾਤ ਬਣਦੇ ਹਨ, ਇਹ ਦੇਖਣਾ ਦਿਲਚਸਪ ਹੋਵੇਗਾ। ਇਸ ਮੌਕੇ ਭਾਰਤੀ ਕਾਫੀ ਉਤਸ਼ਾਹਿਤ ਦਿਖ ਰਹੀ ਸੀ। ਉਨ੍ਹਾਂ ਦੱਸਿਆ ਕਿ ਜਦੋਂ ਤੋਂ ਪੰਜਾਬੀ ਇੰਡਸਟਰੀ ਨੇ ਤੇਜੀ ਫੜੀ ਹੈ, ਉਸ ਸਮੇਂ ਤੋਂ ਅਸੀਂ ਪੰਜਾਬੀਆਂ ਨੂੰ ਮੁੰਬਈ ਵਿਚ ਹੋਰ ਵੀ ਸਨਮਾਨ ਦਿੱਤਾ ਜਾਂਦਾ ਹੈ। ਮੈਂਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਵੀ ਇਸ ਇੰਡਸਟਰੀ ਦਾ ਹਿੱਸਾ ਹਾਂ। ਜਿਥੇ ਤੱਕ ਗੱਲ ਇਸ ਫਿਲਮ ਦੀ ਹੈ, ਇਸਦੀ ਫੀਲ ਇਕਦਮ ਨਵੀਂ ਹੈ। ਮੈਂ ਵੀ ਸਾਰੀ ਕੁੜਿਆਂ ਨੂੰ ਇਹੋਂ ਕਹਾਂਗੀ ਕਿ, ‘ਮੁੰਡਿਆ ਤੋਂ ਬਚ ਕੇ ਰਹੀਂ’।ਫ਼ਿਲਮ ਦੇ ਨਿਰਦੇਸ਼ਕ ਨਵਿੰਦਰ ਕਿਰਪਾਲ ਸਿੰਘ ਮੁਤਾਬਕ ਅਜੌਕੀ ਨੌਜਵਾਨ ਪੀੜ੍ਹੀ ‘ਤੇ ਅਧਾਰਿਤ ਇਸ ਫ਼ਿਲਮ ‘ਚ ਸੋਸ਼ਲ ਵੈਬਸਾਈਟਾਂ ਖਾਸ ਕਰਕੇ ਫ਼ੇਸਬੁੱਕ ਦੇ ਪੰਗਿਆਂ ਨੂੰ ਵੀ ਪਰਦੇ ‘ਤੇ ਦਿਖਾਇਆ ਗਿਆ ਹੈ। ਇਸ ਫ਼ਿਲਮ ਦੀ ਕਹਾਣੀ ਪਵਨ ਗਿੱਲ ਨੇ ਲਿਖੀ ਹੈ ਜਦਕਿ ਸ੍ਰਕੀਨ ਪਲੇਅ ਪਵਨ ਗਿੱਲ, ਮਨੋਜ ਸੱਬਰਵਾਲ ਅਤੇ ਉਨ੍ਹਾਂ ਨੇ ਸਾਂਝੇ ਤੌਰ ‘ਤੇ ਲਿਖਿਆ ਹੈ। ਸੰਵਾਦ ਉਨ੍ਹਾਂ ਅਤੇ ਮਨੋਜ ਸੱਬਰਵਾਲ ਨੇ ਲਿਖੇ ਹਨ। ਇਸ ਫ਼ਿਲਮ ‘ਚ ਕਾਮੇਡੀਅਨ ਭਾਰਤੀ ਸਿੰਘ, ਮਿੰਟੂ ਅਤੇ ਆਸ਼ੂ ਸਾਹਨੀ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਦੇ ਸੰਗੀਤ ਨੂੰ ਅਹਿਮ ਮਹੱਤਤਾ ਦਿੱਤੀ ਗਈ ਹੈ। ਫ਼ਿਲਮ ਦਾ ਸੰਗੀਤ ਜੱਸੀ ਕਟਿਆਲ ਅਤੇ ਗੁਰਮੀਤ ਸਿੰਘ ਨੇ ਤਿਆਰ ਕੀਤਾ ਹੈ। ਫ਼ਿਲਮ ਦੇ ਗੀਤ ਕੁਮਾਰ ਨੇ ਲਿਖੇ ਹਨ, ਜਿਨ੍ਹਾਂ ਨੂੰ ਆਵਾਜ਼ ਰੌਸ਼ਨ ਪ੍ਰਿੰਸ, ਜੱਸੀ ਗਿੱਲ, ਜੱਸੀ ਕਟਿਆਲ, ਅੰਬਰ ਵਰਿਸ਼ਟ ਅਤੇ ਸ਼ਿਪਰਾ ਗੋਇਲ ਨੇ ਦਿੱਤੀ ਹੈ। ਫ਼ਿਲਮ ਦੇ ਨਿਰਮਾਤਾ ਪਵਨ ਗਿੱਲ ਨੇ ਦੱਸਿਆ ਕਿ ਬਤੌਰ ਨਿਰਮਾਤਾ ਉਨ੍ਹਾਂ ਦੀ ਇਹ ਪਹਿਲੀ ਫ਼ਿਲਮ ਹੈ, ਪਰ ਉਨ੍ਹਾਂ ਇਸ ਖੇਤਰ ‘ਚ ਆਉਣ ਤੋਂ ਪਹਿਲਾਂ ਪੰਜਾਬੀ ਫ਼ਿਲਮ ਇੰਡਸਟਰੀ ਬਾਰੇ ਕਾਫੀ ਕੁਝ ਜਾਣਿਆ ਹੈ। ਨਿਰਮਾਤਾ ਦੇ ਤੌਰ ‘ਤੇ ਉਨ੍ਹਾਂ ਨੇ ਇਕ ਸ਼ਾਨਦਾਰ ਫ਼ਿਲਮ ਬਣਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਫ਼ਿਲਮ ਦੀ ਸ਼ੂਟਿੰਗ ਪਿਛਲੇ ਸਾਲ ਨਵੰਬਰ ਅਤੇ ਦਸੰਬਰ ਦੇ ਅੱਤ ਦੇ ਸਰਦੀ ਦੇ ਦਿਨਾਂ ‘ਚ ਹਿਮਾਚਲ ਪ੍ਰਦੇਸ, ਨਾਲਾਗੜ੍ਹ ਅਤੇ ਚੰਡੀਗੜ੍ਹ ‘ਚ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਫ਼ਿਲਮ ‘ਚ ਵੱਡੇ ਸ਼ਹਿਰਾਂ ‘ਚ ਰਹਿੰਦੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਵੀ ਦਰਸਾਇਆ ਗਿਆ ਹੈ। ਇਸ ਫ਼ਿਲਮ ‘ਚ ਦਰਸ਼ਕਾਂ ਨੂੰ ਕਾਮੇਡੀ, ਰੁਮਾਂਸ, ਐਕਸ਼ਨ ਅਤੇ ਡਰਾਮੇ ਸਮੇਤ ਹਰ ਤਰ੍ਹਾਂ ਦਾ ਮਸਾਲਾ ਅਤੇ ਪਹਿਲੂ ਦੇਖਣ ਨੂੰ ਮਿਲੇਗਾ।