Sunday, February 22, 2026

ਕੈਪਟਨ ਸਰਕਾਰ ਆਉਣ ‘ਤੇ ‘ਕਰਜ਼ਾ ਕੁਰਕੀ ਖ਼ਤਮ, ਫਸਲ ਦੀ ਪੂਰੀ ਰਕਮ’ ਹੇਠ ਡੱਟ ਕੇ ਕੰਮ ਕੀਤਾ ਜਾਵੇਗਾ- ਜੱਸੀ

ppn1210201602

ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜਨਰਲ ਸਕੱਤਰ, ਪੰਜਾਬ ਕਾਂਗਰਸ ਅਤੇ ਸਾਬਕਾ ਮੰਤਰੀ, ਪੰਜਾਬ ਹਰਮਿੰਦਰ ਸਿੰਘ ਜੱਸੀ ਸੈਂਕੜਿਆਂ ਦੀ ਤਾਇਦਾਦ ਵਿੱਚ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਨਾਲ ਲੈ ਕੇ ਦਾਣਾ ਮੰਡੀ ਵਿਖੇ ਕਿਸਾਨਾਂ ਨੂੰ ਮਿਲੇ, ਜਿੰਨ੍ਹਾਂ ਦੀਆਂ ਫਸਲਾਂ ਮੰਡੀ ਵਿੱਚ ਰੁਲ ਰਹੀਆਂ ਹਨ ਅਤੇ ਫਸਲਾਂ ਦੇ ਪੂਰੇ ਭਾਅ ਨਹੀਂ ਮਿਲ ਰਹੇ। ਹਰਮਿੰਦਰ ਸਿੰਘ ਜੱਸੀ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਅਤੇ ਅੱਜ ਦੇ ਸੱਚ ਨੂੰ ਜਾਣਿਆ, ਜੋ ਕਿ ਬਹੁਤ ਦੁੱਖ ਭਰਿਆ ਸੀ। ਸਾਬਕਾ ਮੰਤਰੀ ਜੱਸੀ ਅਤੇ ਕਿਸਾਨਾਂ ਵਿਚਕਾਰ ਕਿਸਾਨੀ ਸਬੰਧੀ ਵਿਸਥਾਰ ਨਾਲ ਗੱਲ ਹੋਈ ਅਤੇ ਇਹ ਸੱਚਾਈ ਹੋਰ ਵੀ ਸਪੱਸ਼ਟ ਰੂਪ ਵਿੱਚ ਸਾਹਮਣੇ ਆਈ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਇਨ੍ਹਾਂ 10 ਸਾਲਾਂ ਦੇ ਸ਼ਾਸਨਕਾਲ ਵਿੱਚ ਕਿਸਾਨੀ ਨੂੰ ਤਬਾਹ ਕਰ ਦਿੱਤਾ ਹੈ ਅਤੇ ਕਿਸਾਨਾਂ ਸਿਰ ਕਰਜ਼ਾ ਬਹੁਤ ਹੀ ਤੇਜ਼ੀ ਨਾਲ ਵਧਿਆ ਹੈ, ਜਿਸ ਕਰਕੇ ਅਸੀਂ ਵੇਖ ਚੁੱਕੇ ਹਾਂ ਕਿ ਕਿਸਾਨ ਕਿਸ ਤਰ੍ਹਾਂ ਖ਼ੁਦਕੁਸ਼ੀਆਂ ਕਰਨ ‘ਤੇ ਮਜ਼ਬੂਰ ਹੋ ਰਹੇ ਹਨ। ਗੱਲਾਂ-ਬਾਤਾਂ ਦੌਰਾਨ ਇਹ ਸੱਚਾਈ ਜਗ ਜ਼ਾਹਿਰ ਹੋਈ ਕਿ ਕੈਪਟਨ ਸਰਕਾਰ ਵੇਲੇ ਜੋ ਜ਼ਮੀਨ 12 ਲੱਖ ਰੁਪਏ ਪ੍ਰਤੀ ਏਕੜ ਤੋਂ 35 ਲੱਖ ਰੁਪਏ ਪ੍ਰਤੀ ਏਕੜ ਪਹੁੰਚ ਗਈ ਸੀ, ਉਹ ਅੱਜ ਅਕਾਲੀ-ਭਾਜਪਾ ਦੇ ਰਾਜ ਵਿੱਚ ਬੜੀ ਮੁਸ਼ਕਿਲ ਨਾਲ 8 ਲੱਖ ਰੁਪਏ ਪ੍ਰਤੀ ਏਕੜ ਰਹਿ ਗਈ ਹੈ, ਜਦਕਿ ਅਕਾਲੀ-ਭਾਜਪਾ ਸਰਕਾਰ ਕਿਸਾਨ ਹਿਤੇਸ਼ੀ ਹੋਣ ਦਾ ਦਾਅਵਾ ਕਰਦੀ ਹੈ, ਜਦਕਿ ਸੱਚਾਈ ਇਹ ਹੈ ਕਿ ਇਸ ਸਰਕਾਰ ਨੇ ਕਿਸਾਨ ਨੂੰ ਕੰਗਾਲ ਕਰ ਦਿੱਤਾ ਹੈ। ਕਿਸਾਨਾਂ ਦੀਆਂ ਜ਼ਮੀਨਾਂ ਜੋ ਅੱਜ ਕੋਡੀ ਦੇ ਭਾਅ ਰਹਿ ਗਈਆਂ ਹਨ, ਫਸਲਾਂ ਮੰਡੀ ਵਿੱਚ ਰੁਲਦੀਆਂ ਹਨ, ਫਸਲਾਂ ਦਾ ਸਹੀ ਭਾਅ ਨਹੀਂ ਮਿਲਦਾ, ਕਿਸਾਨਾਂ ‘ਤੇ ਕਰਜ਼ਾ ਸੱਤ ਗੁਣਾ ਹੋ ਕੇ 1.20 ਲੱਖ ਰੁਪਏ ਪ੍ਰਤੀ ਪਰਿਵਾਰ ਹੋ ਗਿਆ ਹੈ ਤਾਂ ਇਸ ਸਥਿਤੀ ਵਿੱਚ ਅਕਾਲੀ-ਭਾਜਪਾ ਸਰਕਾਰ ਕਿਸ ਆਧਾਰ ‘ਤੇ ਆਪਣੇ-ਆਪ ਨੂੰ ਕਿਸਾਨ ਹਿਤੇਸ਼ੀ ਸਿੱਧ ਕਰਨਾ ਚਾਹੁੰਦੀ ਹੈ। ਕਿਸਾਨਾਂ ਨੂੰ ਗੁੰਮਰਾਹ ਕਰਨ ਵਾਲੀ ਇਸ ਅਕਾਲੀ-ਭਾਜਪਾ ਸਰਕਾਰ ਨੂੰ ਇਹ ਵੀ ਯਾਦ ਨਹੀਂ ਕਿ ਸਾਲ 2008 ਵਿੱਚ ਯੂ.ਪੀ.ਏ. ਦੀ ਕਾਂਗਰਸ ਸਰਕਾਰ ਨੇ 73,000 ਕਰੋੜ ਰੁਪਏ ਦਾ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਸੀ ਅਤੇ ਕੇਂਦਰ ਵਿੱਚ ਯੂ.ਪੀ.ਏ. ਸਰਕਾਰ ਦੇ ਦਸ ਸਾਲਾਂ ਵਿੱਚ ਕਣਕ ਦਾ ਸਮਰਥਨ ਮੁੱਲ 2 ਗੁਣਾ ਅਤੇ ਝੋਨੇ ਦਾ ਸਮਰਥਨ ਮੁੱਲ 2.5 ਗੁਣਾ ਵਧਿਆ।
ਕਿਸਾਨਾਂ ਨਾਲ ਗੱਲ-ਬਾਤ ਕਰਦਿਆਂ ਸz. ਜੱਸੀ ਨੇ ਕਿਹਾ ਕਿ ਕਿਸਾਨ ਵੀਰੋ! ਉੱਪਰਲੇ ਅੰਕੜਿਆਂ ਅਤੇ ਸੱਚਾਈ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਪੰਜਾਬ ਦੇ ਕਿਸਾਨ ਨੂੰ ਅਕਾਲੀ-ਭਾਜਪਾ ਸਰਕਾਰ ਫਿਰ ਤੋਂ ਗੁੰਮਰਾਹ ਨਾ ਕਰ ਸਕੇ। ਸz. ਜੱਸੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਦੇ ਉੱਪਰਲੇ ਅੰਕੜੇ ਮੂੰਹੋਂ ਬੋਲਦੇ ਹਨ ਕਿ ਅਕਾਲੀ-ਭਾਜਪਾ ਸਰਕਾਰ ਨੇ ਕਿਸਾਨ ਨੂੰ ਗਰੀਬੀ ਦੀ ਚੱਕੀ ਵਿੱਚ ਪੀਸ ਕੇ ਰੱਖ ਦਿੱਤਾ ਹੈ ਅਤੇ ਕਿਸਾਨ ਦੀ ਜ਼ਮੀਨ ਅੱਜ ਕੋਡੀਆਂ ਦੇ ਭਾਅ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਤਾਂ ਹੀ ਖੁਸ਼ਹਾਲ ਹੈ, ਜੇਕਰ ਉਸ ਨੂੰ ਉਸ ਦੀਆਂ ਫਸਲਾਂ ਦਾ ਸਹੀ ਅਤੇ ਸਮੇਂ ਸਿਰ ਮੁੱਲ ਮਿਲੇ ਅਤੇ ਉਹ ਮੰਡੀਆਂ ਵਿੱਚ ਨਾ ਰੁਲੇ। ਉਨ੍ਹਾਂ ਕਾਂਗਰਸ ਹਾਈ ਕਮਾਂਡ ਦੀ ਕਿਸਾਨ-ਪੱਖੀ ਨੀਤੀ ਕਿਸਾਨਾਂ ਤੱਕ ਪਹੁੰਚਾਉਂਦੇ ਹੋਏ ਕਿਹਾ ਕਿ ਪੰਜਾਬ ਵਿੱਚ ਸਾਲ 2017 ਵਿੱਚ ਕਾਂਗਰਸ ਦੀ ਕੈਪਟਨ ਸਰਕਾਰ ਆਉਣ ‘ਤੇ ”ਕਰਜ਼ਾ ਕੁਰਕੀ ਖ਼ਤਮ, ਫਸਲ ਦੀ ਪੂਰੀ ਰਕਮ” ਦੇ ਬੈਨਰ ਹੇਠ ਡੱਟ ਕੇ ਕੰਮ ਕੀਤਾ ਜਾਵੇਗਾ, ਜਿਸ ਤਹਿਤ ਕਿਸਾਨਾਂ ਦੇ ਕਰਜ਼ੇ ਮੁਆਫ, ਕੁਰਕੀ ਦਾ ਸਿਸਟਮ ਖ਼ਤਮ ਅਤੇ ਫਸਲਾਂ ਦੇ ਬਿਹਤਰ ਮੁੱਲ ਪਾਏ ਜਾਣਗੇ ਤਾਂ ਜੋ ਪੰਜਾਬ ਦਾ ਕਿਸਾਨ ਫਿਰ ਤੋਂ ਖੁਸ਼ਹਾਲ ਹੋ ਸਕੇ। ਇਸ ਮੌਕੇ 145 ਕਿਸਾਨਾਂ ਤੋਂ ਫਾਰਮ ਮੌਕੇ ‘ਤੇ ਭਰਵਾ ਕੇ ਉਨ੍ਹਾਂ ਨੂੰ ਰਸੀਦਾਂ ਦਿੱਤੀਆਂ ਗਈਆਂ ਅਤੇ ਵਿਸ਼ਵਾਸ ਦਿੱਤਾ ਕਿ ਕਾਂਗਰਸ ਆਪਣੇ ਇਸ ਵਾਦੇ ‘ਤੇ ਚੱਟਾਨ ਦੀ ਤਰ੍ਹਾਂ ਅਟਲ ਅਤੇ ਖਰ੍ਹੀ ਉਤਰੇਗੀ। ਕਾਂਗਰਸ ਦੀ ਇਨ੍ਹਾਂ ਕਿਸਾਨ-ਪੱਖੀ ਨੀਤੀਆਂ ਕਾਰਨ ਕਿਸਾਨਾਂ ਵਿੱਚ ਫਾਰਮ ਭਰਨ ਦਾ ਬੜਾ ਉਤਸਾਹ ਸੀ ਅਤੇ ਕਿਸਾਨਾਂ ਨੇ ਕਾਂਗਰਸ ਦੀ ਇਸ ਨੀਤੀ ਨੂੰ ਭਰਵਾਂ ਹੁੰਗਾਰਾ ਦਿੱਤਾ। ਜੱਸੀ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਸਾਡੇ ਪਾਸ ਇਹ ਫਾਰਮ ਭਰਵਾਉਣ ਦਾ ਸੱਤ ਦਿਨਾਂ ਦਾ ਸਮਾਂ ਹੈ, ਸੋ, ਸੱਤ ਦਿਨਾਂ ਵਿੱਚ ਕੋਈ ਵੀ ਕਿਸਾਨ ਵੀਰ ਕਾਂਗਰਸ ਭਵਨ, ਬਠਿੰਡਾ ਵਿਖੇ ਆ ਕੇ ਇਹ ਫਾਰਮ ਭਰ ਸਕਦਾ ਹੈ। ਵੱਧ ਤੋਂ ਵੱਧ ਗਿਣਤੀ ਵਿੱਚ ਕਿਸਾਨ ਵੀਰਾਂ ਵੱਲੋਂ ਭਰੇ ਇਹ ਫਾਰਮ ਕਿਸਾਨਾਂ ਲਈ ਹੋਰ ਵੀ ਲਾਹੇਵੰਦ ਸਿੱਧ ਹੋਣਗੇ। ਇਸ ਮੌਕੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮੋਹਨ ਲਾਲ ਝੂੰਬਾ, ਛੋਟੇ ਲਾਲ, ਰਣਜੀਤ ਕੌਰ ਰੋਮਾਣਾ, ਰੋਕੀ ਸ਼ਰਮਾ, ਐਮ.ਸੀ. ਮਲਕੀਤ, ਰਾਜਾ, ਬੇਅੰਤ ਰੰਧਾਵਾ, ਰਮੇਸ਼ ਕੁਮਾਰ, ਬਲਵੀਰ ਸਿੰਘ, ਜੈ ਦੀਪ ਜੱਸੀ, ਬਲਜੀਤ ਯੂਥ ਪ੍ਰਧਾਨ (ਸ਼ਹਿਰੀ), ਜੋਗਿੰਦਰ ਰੇਲਵੇ, ਵਿੱਕੀ, ਗੁਰਮੀਤ ਸਿੱਧੂ ਅਤੇ ਜਨਰਲ ਸਕੱਤਰ ਰੁਪਿੰਦਰ ਬਿੰਦਰਾ ਆਦਿ ਨੇਤਾ ਅਤੇ ਵਰਕਰ ਹਾਜ਼ਰ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply