ਪਟਿਆਲਾ, 14 ਅਕਤੂਬਰ (ਪੰਜਾਬ ਪੋਸਟ ਬਿਊਰੋ)- ਡੇਰਾ ਮੁਖੀ ਦੀ ਫਿਲਮ ‘ਐਮ.ਐਸ.ਜੀ ਦ ਵਰੀਅਰ’ ਨੂੰ ਪੰਜਾਬ ਦੇ ਸਿਨੇਮਾਂ ਘਰਾਂ ਵਿਚੋਂ ਹਟਾਉਣ ਅਤੇ ਪਾਬੰਦੀ ਨੂੰ ਲੈ ਕੇ ਪੰਜਾਬ ਸਿੱਖ ਕੌਂਸਲ ਦੀ ਮੰਗ ਵੱਲ ਪੰਜਾਬ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ।ਇਸ ਸਬੰਧ ਵਿਚ ਪੰਜਾਬ ਸਿੱਖ ਕੌਂਸਲ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਰਾਹੀਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮੰਗ ਪੱਤਰ ਭੇਜਿਆ ਗਿਆ, ਪ੍ਰੰਤੂ ਸਰਕਾਰ ਡੇਰਾ ਮੁਖੀ ਨਾਲ ਕੀਤੇ ਸਮਝੌਤੇ ਤਹਿਤ ਇਸ ਫਿਲਮ ਨੂੰ ਨਹੀਂ ਹਟਾਉਣਾ ਚਾਹੁੰਦੀ, ਜਿਸ ਕਾਰਨ ਪੰਜਾਬ ਸਿੱਖ ਕੌਂਸਲ ਨੇ ਪੰਜਾਬ ਦੇ ਰਾਜਪਾਲ ਨੂੰ ਇਸ ਮਾਮਲੇ ਵਿਚ ਦਖਲਅੰਦਾਜ਼ੀ ਦੇਣ ਲਈ ਕਿਹਾ ਹੈ।
ਇਸ ਸਬੰਧੀ ਪੰਜਾਬ ਸਿੱਖ ਕੌਂਸਲ ਦੇ ਪ੍ਰਧਾਨ ਮੋਹਨ ਸਿੰਘ ਕਰਤਾਰਪੁਰ ਨੇ ਕਿਹਾ ਕਿ ਅਗਾਮੀ ਚੋਣਾਂ ਵਿਚ ਵੋਟਾਂ ਹਾਸਲ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਡੇਰਾ ਮੁਖੀ ਰਾਮ ਰਹੀਮ ਨਾਲ ਸਮਝੌਤਾ ਕੀਤਾ ਹੋਇਆ, ਜਿਸ ਕਾਰਨ ਡੇਰਾ ਮੁਖੀ ਦੀ ਫਿਲਮ ਪੰਜਾਬ ਭਰ ਦੇ ਸਿਨੇਮਾਂ ਘਰਾਂ ਵਿਚ ਚਲ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੱਕ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਮੰਗ ਪੱਤਰ ਭੇਜੇ ਗਏ ਹਨ, ਜਿਸ ‘ਤੇ ਸਰਕਾਰ ਨੇ ਧਿਆਨ ਦੇਣਾ ਆਪਣਾ ਫਰਜ਼ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਡੇਰਾ ਸਿਰਸਾ ਮੁਖੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਪੰਥ ਵਿਚੋਂ ਛੇਕਿਆ ਹੋਇਆ ਹੈ, ਕਿਉਂਕਿ ਡੇਰਾ ਮੁਖੀ ਦੀ ਸਿੱਖ ਪੰਥ ਵਿਰੋਧੀ ਕਾਰਵਾਈਆਂ ਰਹੀਆਂ ਹਨ, ਜਿਸ ਕਾਰਨ ਕਈ ਵਾਰ ਪੰਜਾਬ ਦਾ ਮਾਹੌਲ ਖਰਾਬ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਥ ਦਰਦੀ ਕਹਾਉਂਦਾ ਨਹੀਂ ਥੱਕਦਾ, ਪ੍ਰੰਤੂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਨਾ ਮੰਨ ਕੇ ਡੇਰਾ ਮੁਖੀ ਦੀ ਫਿਲਮ ਨੂੰ ਪੰਜਾਬ ਭਰ ਦੇ ਸਿਨੇਮਾ ਘਰਾਂ ਵਿਚ ਚਲਵਾਇਆ, ਜਿਸ ਨਾਲ ਸਾਬਤ ਹੁੰਦਾ ਹੈ ਕਿ ਅਕਾਲੀ ਦਲ ਦੀ ਸਰਕਾਰ ਇਕ ਸਮਝੌਤੇ ਤਹਿਤ ਇਹ ਸਾਰਾ ਕੁਝ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਅਗਾਮੀ ਚੋਣਾਂ 2017 ਨੇੜੇ ਆਉਂਦੀਆਂ ਵੇਖ ਕੇ ਅਕਾਲੀ ਦਲ ਦੀ ਸਰਕਾਰ ਨੇ ਡੇਰਾ ਪ੍ਰੇਮੀਆਂ ਤੋਂ ਵੋਟ ਹਾਸਲ ਕਰਨ ਲਈ ਇਹ ਕਦਮ ਚੁੱਕਿਆ, ਜਿਸ ਦਾ ਖਮਿਆਜ਼ਾ ਸਰਕਾਰ ਨੂੰ ਚੋਣਾਂ ਵਿਚ ਭੁਗਤਣਾ ਪਵੇਗਾ।ਉਨ੍ਹਾਂ ਕਿਹਾ ਕਿ ਸਿੱਖ ਪੰਥ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਿਆਂ ਦਾ ਹਸ਼ਰ ਹਮੇਸ਼ਾਂ ਮਾੜਾ ਹੋਇਆ, ਜਿਸ ਦਾ ਜਵਾਬ ਸਿੱਖ ਪੰਥ ਅਗਾਮੀ ਚੋਣਾਂ ਵਿਚ ਦੇ ਕੇ ਰਹੇਗਾ।ਇਸ ਮੌਕੇ ਸੰਤੋਖ ਸਿੰਘ ਮਵੀ ਸੱਪਾਂ, ਹਰਭਜਨ ਸਿੰਘ ਨਾਨਕਸਰ ਜੋੜੀਆਂ ਸੜਕਾਂ, ਨਰਿੰਜਣ ਸਿੰਘ ਕਾਠਗੜ੍ਹ, ਕੁਲਵੰਤ ਸਿੰਘ ਸੈਫਦੀਪੁਰ, ਸਤਪਾਲ ਸਿੰਘ ਬਲਬੇੜਾ, ਭਾਈ ਅਮਰੀਕ ਸਿੰਘ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media