Tuesday, March 17, 2026

ਕੈਪਟਨ ਸੱਤਾ ਦੀ ਲਾਲਸਾ ਲਈ ਕਿਸਾਨ ਯਾਤਰਾ ਦੇ ਨਾਮ ‘ਤੇ ਕਰ ਰਿਹਾ ਡਰਾਮੇਬਾਜ਼ੀ- ਮਜੀਠੀਆ

ਚਵਿੰਡਾ ਦੇਵੀ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਕਿਸਾਨ ਯਾਤਰਾ ਨੂੰ ਸੱਤਾ ਦੀ ਭੁੱਖ ਲਈ ਵੱਡੀ ਡਰਾਮੇਬਾਜ਼ੀ ਕਰਾਰ ਦਿੱਤਾ ਹੈ।ਸ. ਮਜੀਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਭਰ ਵਿੱਚ ਆਖਰੀ ਸਾਹ ਲੈ ਰਹੀ ਹੈ ਤੇ ਪੰਜਾਬ ਦੇ ਸੂਝਵਾਨ ਲੋਕ ਕੈਪਟਨ ਦੀ ਇਸ ਡਰਾਮਾ ਯਾਤਰਾ ਨੂੰ ਕਾਂਗਰਸ ਦੀ ਅੰਤਿਮ ਯਾਤਰਾ ਵਿੱਚ ਬਦਲ ਕੇ ਦੇਸ਼ ਦੇ ਸਿਆਸੀ ਨਕਸ਼ੇ ਤੋਂ ਕਾਂਗਰਸ ਦਾ ਖ਼ਾਤਮਾ ਕਰ ਦੇਣਗੇ।
ਹਲਕਾ ਮਜੀਠਾ ਵਿਖੇ ਮਿਆਰੀ ਬਿਜਲੀ ਮੁਹਇਆ ਕਰਾਉਣ ਲਈ ਪਿੰਡ ਸੋਹੀਆਂ ਕਲਾਂ ਦਬੁਰਜੀ ਵਿਖੇ 4.5 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣਾਏ ਗਏ 66 ਕੇ. ਵੀ. ਬਿਜਲੀ ਸਬ ਸਟੇਸ਼ਨ ਦਾ ਉਦਘਾਟਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਕੈਪਟਨ ਝੂਠ ਦੇ ਸਹਾਰੇ ਲੋਕਾਂ ਨੂੰ ਵਰਗਲਾਉਣ ਲਈ ਕਿਸਾਨ ਯਾਤਰਾ ਦਾ ਡਰਾਮਾ ਕਰ ਰਿਹਾ ਹੈ, ਕੈਪਟਨ ਪੰਜਾਬ ਦੇ ਕਿਸਾਨਾਂ ਕੋਲ ਮੰਡੀਆਂ ਵਿੱਚ ਡਰਾਮੇਬਾਜ਼ੀ ਕਰਨ ਪਹੁੰਚਿਆਂ ਤਾਂ ਉਸ ਨੂੰ ਉਦੋਂ ਮੂੰਹ ਦੀ ਖਾਣੀ ਪਈ ਜਦੋਂ ਕਿਸਾਨਾਂ ਨੇ ਕਿਹਾ ਕਿ ਉਹਨਾਂ ਨੂੰ ਝੋਨਾ ਵੇਚਣ ਵਿੱਚ ਕੋਈ ਦਿੱਕਤ ਨਹੀਂ ਆ ਰਹੀ ਅਤੇ ਉਹ ਬਾਦਲ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਤੋਂ ਪੂਰੀ ਤਰਾਂ ਸੰਤੁਸ਼ਟ ਹਨ।
ਮਜੀਠੀਆ ਨੇ ਕਿਹਾ ਕਿ ਕੈਪਟਨ ਤੋਂ ਲੋਕ ਕੀ ਆਸ ਕਰ ਸਕਦੇ ਹਨ ਕਿਉਂਕਿ ਨਾ ਤਾਂ ਕੈਪਟਨ ਬਤੌਰ ਮੁੱਖ ਮੰਤਰੀ ਕਦੇ ਲੋਕਾਂ ਵਿੱਚ ਵਿਚਰਿਆ, ਨਾ ਹੀ ਹਲਕੇ ਵਿੱਚ ਅਤੇ ਨਾ ਹੀ ਪਾਰਲੀਮੈਂਟ ਵਿੱਚ ਕਦੇ ਨਜ਼ਰ ਆਇਆ।ਉਨਾਂ ਨੇ ਕਿਹਾ ਕਿ ਕੈਪਟਨ ਪੰਜਾਬ ਵਿੱਚ ਕਾਂਗਰਸ ਦੀ ਹਾਰ ਨੂੰ ਦੇਖਦਿਆਂ ਕਦੇ ਕਰਜ਼ਾ ਕੁਰਕੀ ਖਤਮ ਕਰਨ ਅਤੇ ਕਦੇ ਕਿਸਾਨ ਯਾਤਰਾ ਦੇ ਨਾਮ ‘ਤੇ ਨਿੱਤ ਨਵੇਂ ਡਰਾਮੇ ਰਚ ਰਿਹਾ ਹੈ।ਮਜੀਠੀਆ ਨੇ ਕੈਪਟਨ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਇਹ ਉਹੀ ਕੈਪਟਨ ਹੈ, ਜਿਸ ਨੇ 2002 ਵਿੱਚ ਸੱਤਾ ਸੰਭਾਲਦੇ ਸਾਰ ਹੀ ਬਤੌਰ ਮੁੱਖ ਮੰਤਰੀ ਕਿਸਾਨਾਂ ਦੀਆਂ ਮੋਟਰਾਂ ਦੇ ਬਿਜਲੀ ਬਿਲ ਲਾਗੂ ਕਰ ਦਿੱਤੇ ਸਨ।
ਉਨ੍ਹਾਂ ਕਿਹਾ ਕਿ ਕਿਸਾਨੀ ਨੂੰ ਰਾਹਤ ਦੇਣ ਲਈ ਮੋਟਰਾਂ ਨੂੰ ਬਿਜਲੀ ਮੁਫ਼ਤ ਦਿੱਤੀ ਹੈ, ਜਿਸ ਨਾਲ ਪਿਛਲੇ 10 ਸਾਲਾਂ ਦੌਰਾਨ 35 ਹਜ਼ਾਰ ਕਰੋੜ ਰੁਪਏ ਦਾ ਲਾਭ ਪੰਜਾਬ ਦੇ ਕਿਸਾਨਾਂ ਨੂੰ ਹੋਇਆ ਹੈ।ਕਿਸਾਨਾਂ ਦੀ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਢਾਈ ਲੱਖ ਨਵੇਂ ਟਿਊਬਵੈੱਲ ਕੁਨੈਕਸ਼ਨ ਜਾਰੀ ਕੀਤੇ ਗਏ ਹਨ।ਕਿਸਾਨੀ ਨੂੰ ਹਰ ਸਾਲ ਲਈ ਵਿਆਜ ਮੁਕਤ ਇੱਕ ਲਖ ਦਾ ਕਰਜ਼ਾ ਦੇਣਾ ਸ਼ੁਰੂ ਕੀਤਾ ਅਤੇ ਕਿਸਾਨੀ ਲਈ 50 ਹਜ਼ਾਰ ਤਕ ਦੀ ਸਿਹਤ ਬੀਮਾ ਸਕੀਮ ਸ਼ੁਰੂ ਕੀਤੀ।
ਮਜੀਠਾ ਹਲਕੇ ਦੀ ਗੱਲ ਕਰਦਿਆਂ ਸ. ਮਜੀਠੀਆ ਨੇ ਦੱਸਿਆ ਕਿ ਹਲਕਾ ਮਜੀਠਾ ਦੀ ਨੁਹਾਰ ਬਦਲ ਚੁੱਕੀ ਹੈ ਅਤੇ ਹਲਕਾ ਤਰੱਕੀ ਅਤੇ ਖੁਸ਼ਹਾਲੀ ਵਿੱਚ ਅੱਗੇ ਨੂੰ ਵਧ ਰਿਹਾ ਹੈ ਜਿਸ ਦਾ ਸਬੂਤ ਇਸ ਹਲਕੇ ਵਿੱਚ ਬਿਜਲੀ ਦੀ ਲੋੜ ਨੂੰ ਪੂਰਾ ਕਰਨ ਲਈ 9 ਸਾਲਾਂ ਦੌਰਾਨ 9 ਨਵੇਂ ਬਿਜਲੀ ਘਰ ਸਥਾਪਿਤ ਕੀਤੇ ਜਾਣ ਤੋਂ ਮਿਲਦਾ ਹੈ। ਹਲਕੇ ਵਿੱਚ ਬਿਜਲੀ ਵੰਡ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਲਈ 180 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਖਰਚ ਕੀਤੀ ਜਾ ਚੁੱਕੀ ਹੈ ਜਿਸ ਵਿੱਚ 25 ਹਜ਼ਾਰ ਦੇ ਕਰੀਬ ਟਰਾਂਸਫ਼ਾਰਮਰ ਲਗਾਏ ਜਾਣਾ ਵੀ ਸ਼ਾਮਿਲ ਹੈ।ਹਲਕੇ ਦੇ ਹਰੇਕ ਡੇਰੇ ਨੂੰ 24 ਘੰਟੇ ਬਿਜਲੀ ਸਪਲਾਈ ਨਾਲ ਜੋੜਿਆ ਜਾ ਚੁੱਕਾ ਹੈ।ਉਨ੍ਹਾਂ ਸੋਹੀਆਂ ਕਲਾਂ ਦੇ 66 ਕੇ. ਵੀ ਬਿਜਲੀ ਗਰਿਡ ਨੂੰ 5 ਮਹੀਨਿਆਂ ਦੇ ਰਿਕਾਰਡ ਸਮੇਂ ਵਿੱਚ ਮੁਕੰਮਲ ਕਰਨ ਲਈ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਵਧਾਈ ਵੀ ਦਿੱਤੀ।ਮਜੀਠੀਆ ਨੇ ਦੱਸਿਆ ਕਿ ਇਹ ਗਰਿਡ ਬਣਨ ਨਾਲ ਸੋਹੀਆਂ ਕਲਾਂ, ਦਬੁਰਜੀ, ਆਬਾਦੀ ਵਰਪਾਲ, ਜੇਠੂਨੰਗਲ, ਦਾਦੂਪੁਰ, ਅਨਾਇਤਪੁਰਾ, ਗਾਲੋਵਾਲੀ ਕਲਾਂ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਵਿੱਚ ਵੱਡਾ ਸੁਧਾਰ ਆਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਬਿਜਲੀ ਕਾਰਪੋਰੇਸ਼ਨ ਸ੍ਰੀ ਕੇ. ਐਲ. ਸ਼ਰਮਾ, ਚੀਫ ਇੰਜੀ. ਬਾਰਡਰ ਜੋਨ ਸ੍ਰੀ ਜਗਜੀਤ ਸਿੰਘ ਸੁੱਚੂ, ਚੀਫ ਇੰਜੀ. ਸਿਕੰਦਰ ਸਿੰਘ, ਸ. ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਸਰਬਜੀਤ ਸਿੰਘ ਸਪਾਰੀਵਿੰਡ, ਜੋਧ ਸਿੰਘ ਸਮਰਾ,ਪ੍ਰੋ. ਸਰਚਾਂਦ ਸਿੰਘ ਮੀਡੀਆ ਸਲਾਹਕਾਰ, ਪ੍ਰਭਦਿਆਲ ਸਿੰਘ ਪੰਨਵਾਂ, ਬੱਬੀ ਭੰਗਵਾਂ, ਚੇਅਰਮੈਨ ਬਲਬੀਰ ਸਿੰਘ ਚੰਦੀ, ਗਗਨਦੀਪ ਸਿੰਘ ਭਕਨਾ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਬਲਰਾਜ ਔਲਖ, ਸਰਪੰਚ ਨਿਸ਼ਾਨ ਸਿੰਘ ਸੋਹੀਆਂ, ਸਰਪੰਚ ਬਲਰਾਜ ਸਿੰਘ ਦੁਬਰਜੀ, ਸਰਪੰਚ ਧੀਰ ਸਿੰਘ ਦਾਦੂਪੁਰ, ਇੰਜੀ ਪੀ ਕੇ ਸੈਣੀ, ਇੰਜੀ. ਡੀ.ਕੇ. ਸ਼ਾਰਦਾ, ਐਕਸੀਅਨ ਮਨਿੰਦਰਪਾਲ ਸਿੰਘ, ਐਕਸੀਅਨ ਗੁਰਮੁੱਖ ਸਿੰਘ, ਚੇਅਰਮੈਨ ਅਮਨਦੀਪ ਗਿੱਲ ਅਤੇ ਹੋਰ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply