
ਫਾਜ਼ਿਲਕਾ, 19 ਅਕਤੂਬਰ (ਵਿਨੀਤ ਅਰੋੜਾ) – ਆਲ ਪੰਜਾਬ ਆਂਗਨਵਾੜੀ ਕਰਮਚਾਰੀ ਯੂਨੀਅਨ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ ਅਤੇ ਜ਼ੋਰਦਾਰ ਨਾਅਰੇਬਾਜੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਯੂਨੀਅਨ ਦੀ ਸੂਬਾਈ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਲਗਾਤਾਰ ਮੰਗ ਕਰਦੀ ਆ ਰਹੀ ਹੈ ਕਿ ਐਨਜੀਓ ਦੇ ਕੋਲ ਚਲਦੇ ਬਲਾਕ ਵਾਪਸ ਲਏ ਜਾਣ। ਜਿਸ ਸਬੰਧੀ ਕੈਬੀਨੇਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਉਨ੍ਹਾਂ ਦੀ ਇਸ ਮੰਗ ਦੇ ਨਾਲ ਸਹਿਮਤ ਹੁੰਦੇ ਹੋਏ ਮੰਗ ਨੂੰ ਲਾਗੂ ਕਰਨ ਦੇ ਲਈ ਅਧਿਕਾਰੀਆਂ ਨਾਲ ਮੀਟਿੰਗ ਕਰੇਕ ਦੋ ਮਹੀਨੇ ਪਹਿਲਾਂ ਅਧਿਕਾਰੀਆਂ ਨੂੰ ਨੋਟੀਫਿਕੇਸ਼ਨ ਜਾਰੀ ਕਰਨ ਦੇ ਲਈ ਹੁਕਮ ਦਿੱਤਾ ਸੀ। ਪਰ ਅਫ਼ਸਰਸ਼ਾਹੀ ਦੀ ਢਿਲਮੁਲ ਦੇ ਕਾਰਨ ਇਹ ਮੰਗ ਲਟਕ ਰਹੀ ਸੀ। ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਕੀਤੇ ਗਏ ਸੰਘਰਸ਼ ਅਤੇ ਮੰਤਰੀ ਜਿਆਣੀ ਦੀਆਂ ਨਿਜੀ ਕੋਸ਼ਿਸ਼ਾਂ ਨਾਲ ਐਨਜੀਓ ਦੇ ਕੋਲ ਚਲਦੇ ਬਲਾਕ ਵਾਪਸ ਲੈਣ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ। ਜਿਸਦੇ ਲਈ ਸੂਬਾਈ ਪ੍ਰਧਾਨ ਹਰਗੋਬਿੰਦ ਕੌਰ ਨੇ ਵਰਕਰਾਂ ਨੂੰ ਵਧਾਈ ਦਿੱਤੀ ਅਤੇ ਮੰਤਰੀ ਸ਼੍ਰੀ ਜਿਆਦੀ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨੇ ਯੂਨੀਅਨ ਦੀਆਂ ਬਾਕੀ ਰਹਿੰਦੀਆਂ ਮੰਗਾਂ ਸਬੰਧੀ ਨੋਟੀਫਿਕੇਸ਼ਨ ਵੀ ਅਧਿਕਾਰੀਆਂ ਤੋਂ ਜਲਦੀ ਜਾਰੀ ਕਰਵਾਉਣ ਦੀ ਮੰਤਰੀ ਜਿਆਣੀ ਤੋਂ ਮੰਗ ਕੀਤੀ। ਅੱਜ ਕਰਵਾਚੋਥ ਹੋਣ ਦੇ ਬਾਵਜੂਦ ਵੀ ਵੱਡੀ ਗਿਣਤੀ ਵਿਚ ਯੂਨੀਅਨ ਮੈਂਬਰਾ ਨੇ ਧਰਨੇ ਵਿਚ ਹਿੱਸਾ ਲਿਆ। ਧਰਨੇ ਵਿਚ ਬਠਿੰਡਾ ਤੋਂ ਜਸਵੀਰ ਕੌਰ, ਗੁਰਮੀਤ ਕੌਰ, ਅਮ੍ਰਤ ਕੌਰ, ਦੇਸਾ ਬਾਈ, ਕਰਮਜੀਤ ਕੌਰ, ਫਾਜ਼ਿਲਕਾ ਤੋਂ ਜੋਤੀ ਬਾਲਾ, ਸ਼ਿਮਲਾ ਰਾਣੀ, ਰੇਸ਼ਮਾ ਰਾਣੀ ਅਤੇ ਯੂਨੀਅਨ ਦੀਆਂ ਹੋਰ ਮੈਂਬਰ ਹਾਜ਼ਰ ਸਨ।
Punjab Post Daily Online Newspaper & Print Media