Monday, March 16, 2026

ਸ੍ਰੀ ਦਰਬਾਰ ਸਾਹਿਬ ਨੂੰ ਆਉਂਦੇ ਸਾਰੇ ਰਸਤੇ ਸੁੰਦਰ ਬਣਾਏ ਜਾਣਗੇ – ਸੁਖਬੀਰ ਬਾਦਲ

ppn2010201626

ਅੰਮ੍ਰਿਤਸਰ, 20 ਅਕਤੂਬਰ (ਜਗਦੀਪ ਸਿੰਘ ਸੱਗੂ)- ਉਪ ਮੁੱਖ ਮੰਤਰੀ ਪੰਜਾਬ ਸz ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਸ੍ਰੀ ਦਰਬਾਰ ਸਾਹਿਬ ਨੂੰ ਆਉਣ ਵਾਲੇ ਸ਼ਹਿਰ ਦੇ ਸਾਰੇ ਰਸਤੇ ਮੁੱਖ ਰਸਤੇ ਦੀ ਤਰ੍ਹਾਂ ਪੁਰਾਤਨ ਦਿੱਖ ਨਾਲ ਸੁੰਦਰ ਬਣਾਏ ਜਾਣਗੇ ਅਤੇ ਇਹ ਕੰਮ ਛੇਤੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ।ਅੱਜ ਟਾਊਨ ਹਾਲ ਤੋਂ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਦੇ ਸੁੰਦਰੀਕਰਨ ਦਾ ਜਾਇਜ਼ਾ ਲੈਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਵਿਸ਼ਵ ਭਰ ਤੋਂ ਸ਼ਰਧਾਲੂ ਆਉਂਦੇ ਹਨ ਅਤੇ ਅੰਮ੍ਰਿਤਸਰ ਦੇ ਵਿਕਾਸ ਲਈ ਇਹ ਜਰੂਰੀ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੀ ਸੁੰਦਰ ਦਿੱਖ ਅਤੇ ਚੰਗੀ ਸਾਂਭ ਸੰਭਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਥੇ ਆਉਣ ਵਾਲੇ ਯਾਤਰੀਆਂ ਅਤੇ ਸੈਲਾਨੀਆਂ ਨਾਲ ਸ਼ਹਿਰ ਦਾ ਅਰਥਚਾਰਾ ਜੁੜਿਆ ਹੋਇਆ ਹੈ ਅਤੇ ਸੁੰਦਰੀਕਰਨ ਦੇ ਇਸ ਪ੍ਰਾਜੈਕਟ ਦੇ ਪੂਰੇ ਹੋਣ ਨਾਲ ਸ਼ਹਿਰ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਵੇਗਾ।
ਬਾਦਲ ਨੇ ਐਲਾਨ ਕੀਤਾ ਕਿ ਸ੍ਰੀ ਦਰਬਾਰ ਸਾਹਿਬ ਦੇ ਮੇਨ ਰਸਤੇ ਨੂੰ ਸੁਹਣਾ ਬਣਾਉਣ ਦੇ ਨਾਲ ਨਾਲ ਇਥੇ ਰੋਜਾਨਾ ਗਤਕਾ ਸ਼ੋਅ, ਬੈਂਡ, ਸ੍ਰੀ ਦਰਬਾਰ ਸਾਹਿਬ ਦੇ ਇਤਿਹਾਸ ਨੂੰ ਦਰਸਾਉਂਦੀ ਦਸਤਾਵੇਜੀ ਫਿਲਮ, ਲੇਜਰ ਸ਼ੋਅ ਆਦਿ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜਿਸ ਨਾਲ ਇਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਇਸ ਪਵਿੱਤਰ ਅਸਥਾਨ ਦੀ ਜਾਣਕਾਰੀ ਮਿਲਣ ਦੇ ਨਾਲ ਨਾਲ ਸਿੱਖ ਇਤਿਹਾਸ ਦਾ ਵੀ ਵਰਣਨ ਮਿਲੇਗਾ। ਉਨ੍ਹਾਂ ਨੇ ਇਸ ਮੌਕੇ ਹਾਜ਼ਰ ਡੀ:ਜੀ:ਪੀ ਸ੍ਰੀ ਸੁਰੇਸ਼ ਅਰੋੜਾ ਨੂੰ ਹਦਾਇਤ ਕੀਤੀ ਕਿ ਉਹ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਵਿਸ਼ੇਸ਼ ਸੁਰੱਖਿਆ ਬਲ ਤਾਇਨਾਤ ਕਰਨ ਜੋ ਕਿ ਲੋਕਾਂ ਨਾਲ ਦੋਸਤਾਨਾ ਵਿਹਾਰ ਕਰਦੇ ਹੋਏ, ਇਸ ਅਸਥਾਨ ਦੀ ਸੁਰੱਖਿਆ ਅਤੇ ਸ਼ਾਨ ਯਕੀਨੀ ਬਣਾਈ ਰੱਖਣ। ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਗੋਲਡਨ ਟੈਂਪਲ ਪਲਾਜਾ ਦੇ ਹੇਠਾਂ ਬਣ ਰਹੇ ਇੰਟਰਪਰੀਟੈਸ਼ਨ ਸੈਂਟਰ ਦੀ ਪ੍ਰਗਤੀ ਦਾ ਵੀ ਜਾਇਜਾ ਲਿਆ ਅਤੇ ਜਰੂਰੀ ਸੁਝਾਓ ਦਿੱਤੇ।ਬਾਦਲ ਨੇ ਪਲਾਜਾ ਦੇ ਦੁਆਲੇ ਕੀਤੀ ਜਾ ਰਹੀ ਸਜਾਵਟੀ ਲਾਈਟਿੰਗ ਅਤੇ ਧਾਤ ਦੇ ਖੰਡੇ ਲਗਾਉਣ ਦਾ ਸੁਝਾਓ ਵੀ ਅਧਿਕਾਰੀਆਂ ਨੂੰ ਦਿੱਤਾ।
ਉਪ ਮੁੱਖ ਮੰਤਰੀ ਨੇ ਇਸ ਮੌਕੇ ਅਧਿਕਾਰੀਆਂ ਨਾਲ 23 ਅਕਤੂਬਰ ਦੇ ਵਾਰ ਮੈਮਰੋੀਅਲ ਉਦਘਾਟਨੀ ਸਮਾਗਮ ਅਤੇ 25 ਅਕਤੂਬਰ ਦੇ ਹੋਰ ਉਦਘਾਟਨਾਂ ਦਾ ਜਾਇਜਾ ਵੀ ਲਿਆ।ਉਨ੍ਹਾਂ ਦੱਸਿਆ ਕਿ 1 ਨਵੰਬਰ ਨੂੰ ਪੰਜਾਬ ਦੀ ਸਥਾਪਤੀ ਦੀ 50 ਵੀਂ ਵਰ੍ਹੇ ਗੰਢ ਸਬੰਧੀ ਮੁੱਖ ਸਮਾਗਮ ਟਾਊਨ ਹਾਲ ਵਿਖੇ ਕਰਵਾਇਆ ਜਾਵੇਗਾ, ਜਿਸ ਵਿੱਚ ਵਿਸ਼ਵ ਭਰ ਵਿੱਚ ਪੰਜਾਬੀਅਤ ਦਾ ਨਾਮ ਰੋਸ਼ਨ ਕਰਨ ਵਾਲੇ ਪੰਜਾਬੀਆਂ ਨੂੰ ਸੱਦਿਆ ਜਾ ਰਿਹਾ ਹੈ।
ਇਸ ਮੌਕੇ ਉਪ ਮੁੱਖ ਮੰਤਰੀ ਦੇ ਓ:ਐਸ:ਡੀ ਮਨਜਿੰਦਰ ਸਿੰਘ ਸਰਸਾ ਅਤੇ ਪਰਮਿੰਦਰ ਸਿੰਘ ਬਰਾੜ, ਮੁੱਖ ਸਕੱਤਰ ਸਰਵੇਸ਼ ਕੌਸ਼ਲ, ਡੀ:ਜੀ:ਪੀ ਸੁਰੇਸ਼ ਅਰੋੜਾ, ਉਪ ਮੁੱਖ ਮੰਤਰੀ ਪੰਜਾਬ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਤਿਵਾੜੀ, ਮੇਅਰ ਨਗਰ ਨਿਗਮ ਸ੍ਰੀ ਬਖਸ਼ੀ ਰਾਮ ਅਰੋੜਾ, ਸਕੱਤਰ ਸ੍ਰੀ ਮਨਦੀਪ ਸਿੰਘ, ਸਕੱਤਰ ਸ੍ਰੀ ਹੁਸਨ ਲਾਲ, ਕਮਿਸ਼ਨਰ ਜਲੰਧਰ ਡਵੀਜਨ ਹਰਭੂਪਿੰਦਰ ਸਿੰਘ ਨੰਦਾ, ਡਾਇਰੈਕਟਰ ਨਵਜੋਤ ਸਿੰਘ ਸੰਧੂ, ਡਿਪਟੀ ਕਮਿਸ਼ਨਰ ਵਰੂਣ ਰੂਜਮ, ਪੁਲਿਸ ਕਮਿਸ਼ਨਰ ਲੋਕ ਨਾਥ ਆਂਗਰਾ, ਹਰਦੀਪ ਸਿੰਘ ਢਿਲੋਂ, ਗੁਰਪ੍ਰਤਾਪ ਸਿੰਘ ਟਿੱਕਾ ਅਤੇ ਹੋਰ ਅਧਿਕਾਰੀ ਅਤੇ ਨੇਤਾ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply