
ਫਾਜ਼ਿਲਕਾ, 5 ਨਵੰਬਰ (ਵਿਨੀਤ ਅਰੋੜਾ)- ਮੈਥ ਅਤੇ ਸਾਇੰਸ ਟੀਚਰ ਐਸੋਸੀਏਸ਼ਨ ਪੰਜਾਬ ਨੇ ਸਿੱਖਿਆ ਵਿਭਾਗ ਵੱਲੋਂ ਰੈਮੀਡੀਅਲ ਜਮਾਤਾਂ ਲਗਾਉਣ ਦੇ ਹੁਕਮ ਦਾ ਪਾਲਣ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਐਸੋਸੀਏਸ਼ਨ ਨੇ ਰੈਮੀਡੀਅਲ ਜਮਾਤਾਂ ਦਾ ਬਾਇਕਾਟ ਕਰਨ ਦਾ ਫੈਸਲਾ ਲਿਆ ਹੈ ਅਤੇ ਇਸ ਸਬੰਧੀ ਇੱਕ ਮੰਗ ਪੱਤਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਰਾਹੀਂ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਨੂੰ ਭੇਜਿਆ ਹੈ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਦੇਸ਼ ਜੁਆਇੰਟ ਸਕੱਤਰ ਕਮਲ ਗਰਗ, ਅਸ਼ੋਕ ਫੁਟੇਲਾ, ਕ੍ਰਿਸ਼ਨ ਗੋਇਲ, ਵਿਜੈ ਘੋੜੇਲਾ, ਰਨਜੀਤ ਸਿੰਘ, ਰਾਮ ਕੁਮਾਰ, ਸੋਨੀਆ ਰਹੇਜਾ ਆਤਮਾ ਰਾਮ ਲੇਠੀਆ, ਪਰਮਜੀਤ ਕਾਕਾ, ਅਜੀਤ ਸਿੰਘ, ਰਮਨ ਸੇਠੀ, ਅਸ਼ੋਕ ਕੁਮਾਰ ਅਤੇ ਹੋਰਨਾ ਨੇ ਕਿਹਾ ਕਿ ਰੈਮੀਡੀਅਲ ਜਮਾਤਾਂ ਦੇ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਮਾਂ ਨਿਸ਼ਚਿਤ ਕਰਨ ਦੀ ਛੂਟ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਡੀਜੀਐਸਈ ਦੇ ਪੱਤਰ ਦੇ ਮੁਤਾਬਕ ਮਹਿਲਾ ਅਧਿਆਪਕਾਂ ਨੂੰ ਸਕੂਲ ਸਮੇਂ ਤੋਂ ਪਹਿਲਾਂ ਅਤੇ ਬਾਅਦ ਵਿਚ ਨਹੀਂ ਬੁਲਾਇਆ ਜਾ ਸਕਦਾ, ਅਜਿਹੇ ਵਿਚ ਉਨ੍ਹਾਂ ਅਧਿਆਪਕਾਂ ਤੋਂ ਸਕੂਲ ਟਾਇਮ ਤੋਂ ਬਾਅਦ ਕਿਵੇਂ ਰੈਮੀਡੀਅਲ ਜਮਾਤਾਂ ਲਗਵਾਈਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਇਨ੍ਹਾਂ ਜਮਾਤਾਂ ਦੇ ਲਈ ਵਿਦਿਆਰਥੀਆਂ ਦੇ ਮਾਪਿਆਂ ਦੀ ਸਹਿਮਣੀ ਲੈਣੀ ਜ਼ਰੂਰੀ ਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਈ ਸਕੂਲਾਂ ਵਿਚ ਦੂਰ ਦੂਰਾਡੇ ਤੋਂ ਬੱਚੇ ਪੜ੍ਹਨ ਲਈ ਆਉਂਦੇ ਹਨ। ਅਜਿਹੇ ਵਿਚ ਸਕੂਲ ਟਾਇਮ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਦਾ ਖਿਆਲ ਵੀ ਰਖਣਾ ਹੋਵੇਗਾ।
Punjab Post Daily Online Newspaper & Print Media