
ਅੰਮ੍ਰਿਤਸਰ, 31 ਮਈ (ਸੁਖਬੀਰ ਸਿੰਘ)- ਦਿਨੋਂ ਦਿਨ ਵੱਧ ਰਹੀ ਮਹਿੰਗਾਈ ਅਤੇ ਵੱਡੇ ਨੋਟਾਂ ਨੂੰ ਰੱਖਣ ਦੇ ਦਿਖਾਵੇ ਆਦਿ ਨੇ ਜਿੱਥੇ ਪਹਿਲਾਂ ਇੱਕ ਅਤੇ ਦੋ ਦੇ ਨੋਟ ਨੂੰ ਗਾਇਬ ਹੀ ਕਰ ਦਿੱਤਾ ਹੈ, ਉੱਥੇ ਹੁਣ ਪੰਜ ਦਾ ਨੋਟ ਵੀ ਟਾਵਾਂ-ਟਾਵਾਂ ਹੀ ਨਜ਼ਰੀਂ ਪੈਂਦਾ ਹੈ। ਹੁਣ ਵਿਵਹਾਰਕ ਤੌਰ ਤੇ ਜਨਜੀਵਨ ਵਿੱਚ ਕਾਗਜ਼ ਵਾਲੀ ਕਰੰਸੀ ਦੀ ਵਰਤੋਂ ਕਰਦਿਆਂ ਛੋਟੇ ਨੋਟ ਵਜੋਂ ਘੱਟ ਤੋਂ ਘੱਟ ਦਸ ਦਾ ਨੋਟ ਹੀ ਚੱਲਦਾ ਹੈ। ਬਾਕੀ ਛੋਟੇ ਨੋਟਾਂ ਦੇ ਗਾਇਬ ਹੋਣ ਨਾਲ ਬਾਜ਼ਾਰ ਚ ਜਿਹੜੀ ਪੈਕਿੰਗ ਵਸਤੂ ਪੰਜ ਰੁਪਏ ਦੀ ਹੁੰਦੀ ਸੀ, ਉਸ ਦੀ ਵੀ ਕੁਝ ਮਾਤਰਾ ਵਧਾ ਕੇ ਹੁਣ ਘੱਟ ਤੋਂ ਘੱਟ ਦਸ ਰੁਪਏ ਕੀਮਤ ਰੱਖਣ ਦਾ ਰੁਝਾਨ ਹੋ ਗਿਆ ਹੈ। ਉਂਜ ਵੀ ਜਦੋਂ ਕਿਸੇ ਦੁਕਾਨ ਤੋਂ ਖਰੀਦੋ ਫਰੋਖਤ ਉਪਰੰਤ ਕੁੱਲ ਬਿੱਲ ਬਣਦਾ ਹੈ ਤਾਂ ਛੋਟੇ ਨੋਟ ਨਾ ਹੋਣ ਦੀ ਸੂਰਤ ਵਿੱਚ ਬਕਾਏ ਵਜੋਂ ਟਾਫੀਆਂ ਦੇ ਕੇਹੀ ਸਾਰ ਦਿੱਤਾ ਜਾਂਦਾ ਹੈ। ਦੂਜੇ ਬੰਨੇ ਬਕਾਏ ਲਈ ਛੋਟੇ ਨੋਟ ਨਾ ਹੋਣ ਕਾਰਨ ਬਹੁਤੀਆਂ ਥਾਵਾਂ ਤੇ ਅਗਲੀ ਵਾਰ ਅਡਜਸਟ ਕਰਨ ਲਈ ਛੋਟੀ ਸਲਿੱਪ ਤੇ ਇੱਕ ਤੋਂ ਲੈ ਕੇ ਨੌ ਤੱਕ ਰੁਪਏ ਲਿਖ ਕੇ ਕੰਮ ਚਲਾਇਆ ਜਾ ਰਿਹਾ ਹੈ। ਪਹਿਲਾਂ-ਪਹਿਲ ਵਿਆਹ ਅਤੇ ਖੁਸ਼ੀ ਚ ਕਰਵਾਈ ਜਾਂਦੀ ਵੇਲ ਜਾਂ ਹੋ ਸ਼ਗਨ ਦੀ ਰਸਮ ਸਮੇਂ ਛੋਟੇ ਨੋਟਾਂ ਚ ਇੱਕ ਦੋ ਜਾਂ ਪੰਜ ਦੇ ਨੋਟਾਂ ਦੀ ਹੀ ਸਰਦਾਰੀ ਹੁੰਦੀ ਸੀ। ਹੁਣ ਤਾਂ ਲਾੜੇ ਦੇ ਗੱਲ ਵਿੱਚ ਪਾਏ ਹਾਰਾਂ ਵਿੱਚ ਵੀ ਉਕਤ ਨੋਟ ਨਜ਼ਰੀ ਨਹੀਂ ਪੈਂਦੇ। ਖੁਸ਼ੀਨਾਮੇ ਇੱਕ ਦਾ ਨੋਟ ਮਿਲ ਜਾਣ ਤੇ ਕਦੇ ਪਿੰਡਾਂ ਵਿੱਚ ਹੁੰਦੀ ਮਹਿਫਲ ਚ ਨੱਚਦਾ ਨਚਾਰ, ਡਰਾਮਾ ਕਰਨ ਵਾਲਾ ਟਿੱਡੀ, ਮੁੱਛਾ, ਵਧਾਈ ਦੇਣ ਪੁੱਜੇ ਕਿੰਨਰ ਵੱਲੋਂ ਵੇਲ, ਭਾਂਗਾਂ ਵਾਲੇ ਦੇ ਨਾਂ ਦੀ ਵੇਲ ਨਾਲ ਛੋਟੇ ਨੋਟ ਦੀ ਖੂਬ ਵਡਿਆਈ ਹੁੰਦੀ ਸੀ। ਹੁਣ ਤਾਂ ਘਰ ਦੇ ਛੋਟੇ ਬੱਚੇ ਵੀ ਕਿਸੇ ਖਾਣ ਵਾਲੀ ਚੀਜ਼ ਲਈ ਇੱਕ, ਦੋ ਜਾਂ ਪੰਜ ਦੇ ਨੋਟ ਦੀ ਮੰਗ ਨਹੀਂ ਕਰਦੇ। ਧਾਰਮਿਕ ਸਮਾਗਮਾਂ ਵਿੱਚ ਵੀ ਚੜ੍ਹਾਵੇ ਵਜੋਂ ਛੋਟੇ ਨੋਟਾਂ ਦੀ ਹਾਜ਼ਰੀ ਨਹੀਂ ਲੱਗਦੀ। ਹੁਣ ਜਦੋਂ ਕਿਧਰੇ ਪੰਜ ਦਾ ਨੋਟ ਮਿਲ ਜਾਵੇ ਤਾਂ ਭਾਵੇਂ ਉਸ ਦੀ ਹਾਲਤ ਮੈਲੀ ਕੁਚੈਲੀ ਜਾਂ ਫਿਰ ਚੇਪੀਆਂ ਹੀ ਲੱਗੀਆਂ ਹੋਣ ਪਰ ਇੱਕ ਵਾਰ ਦੇਖ ਕੇ ਬਾਕੀ ਨੋਟਾਂ ਦੇ ਮੁਕਾਬਲੇ ਨਿਵੇਕਲਾ ਜਿਹਾ ਮਹਿਸੂਸ ਹੁੰਦਾ ਹੈ। ਫਿਰ ਜੇਕਰ ਨੋਟ ਇੱਕ ਜਾਂ ਦੋ ਦਾ ਹੋਵੇ ਤਾਂ ਫਿਰ ਇੱਕ ਪ੍ਰਾਪਤੀ ਵਾਂਗ ਲੱਗਣ ਲੱਗ ਪੈਂਦਾ ਹੈ। ਹੁਣ ਤਾਂ ਇੱਕ , ਦੇ ਅਤੇ ਕਿਸੇ ਹੱਦ ਤੱਕ ਪੰਜ ਦੇ ਨੋਟ ਦੀ ਸੰਭਾਲ ਉਨ੍ਹਾਂ ਹੱਥਾਂ ਤੱਕ ਹੀ ਸੀਮਤ ਹੋ ਗਈ ਹੈ, ਜੋ ਪੁਰਾਣੇ ਨੋਟਾਂ ਨੂੰ ਸੰਭਾਲਣ ਦਾ ਸ਼ੋਂਕ ਪਾਲੀ ਬੈਠੇ ਹਨ। ਸਰਕਾਰ ਨੇ ਬੇਸ਼ੱਕ ਇੰਨ੍ਹਾਂ ਗਾਇਬ ਹੋਏ ਨੋਟਾਂ ਦੇ ਇਵਜ਼ ਵਜੋਂ ਚਾਂਦੀ ਦੇ ਸਿੱਕੇ ਭੇਜੇ ਹਨ, ਪਰ ਕਾਗਜ਼ ਵਾਲੇ ਇੱਕ, ਦੋ ਜਾਂ ਪੰਜ ਦੇ ਨੋਟ ਨਾਲ ਜੁੜੀਆਂ ਯਾਦਾਂ ਦੀ ਪੂਰਤੀ ਨਹੀਂ ਹੋ ਸਕਦੀ।
Punjab Post Daily Online Newspaper & Print Media