ਅੰਮ੍ਰਿਤਸਰ, 8 ਨਵੰਬਰ (ਪੰਜਾਬ ਪੋਸਟ ਬਿਊਰੋ)- ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮ੍ਰਿਤਸਰ ਇਕਾਈ ਵਲੋਂ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਵਲੋਂ ਐਨ.ਡੀ.ਟੀ.ਵੀ. ਇੰਡੀਆ ਨਿਊਜ਼ ਚੈਨਲ ਦੇ ਪ੍ਰਸਾਰਨ ਉਤੇ ਇਕ ਦਿਨ ਦਾ ਬੈਨ ਲਾਉਣ ਦੇ ਪੱਖਪਾਤੀ ਅਤੇ ਗੈਰ ਜਮਹੂਰੀ ਫੈਸਲੇ ਖਿਲਾਫ ਹਾਲ ਗੇਟ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਬੈਨ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ।
ਇਸ ਮੌਕੇ ਕੇਂਦਰ ਸਰਕਾਰ ਦੇ ਫੈਸਲੇ ਦੀ ਨਿਖੇਧੀ ਕਰਦਿਆਂ ਸੁਸਾਇਟੀ ਦੇ ਜਥੇਬੰਦਕ ਮੁਖੀ ਸੁਮੀਤ ਸਿੰਘ ਨੇ ਕਿਹਾ ਕਿ ਪਠਾਨਕੋਟ ਅਤਿਵਾਦੀ ਹਮਲੇ ਦੀ ਕਵਰੇਜ਼ ਕਰਦੇ ਸਮੇਂ ਹੋਰਨਾਂ ਟੀ.ਵੀ ਚੈਨਲਾਂ ਵਲੋਂ ਵੀ ਸੰਵੇਦਨਸ਼ੀਲ ਜਾਣਕਾਰੀ ਨਸ਼ਰ ਕੀਤੀ ਗਈ ਸੀ, ਪਰ ਐਨ.ਡੀ.ਟੀ.ਵੀ ਵਲੋਂ ਪਿਛਲੇ ਸਮੇਂ ਵਿਚ ਜੇ.ਐਨ.ਯੂ ਵਿਵਾਦ, ਫਾਸ਼ੀਵਾਦੀ ਅਸਹਿਣਸ਼ੀਲਤਾ ਅਤੇ ਭੂਪਾਲ ਪੁਲੀਸ ਮੁਕਾਬਲੇ ਆਦਿ ਅਤੇ ਕਈ ਹੋਰ ਅਹਿਮ ਮੁਦਿਆਂ ਸਬੰਧੀ ਤੱਥਾਂ ਤੇ ਆਧਾਰਿਤ ਸਰਕਾਰ ਵਿਰੋਧੀ ਰਿਪੋਰਟਿੰਗ ਕਰਨ ਕਰਕੇ ਇਸ ਚੈਨਲ ਨੂੰ ਜਾਣ ਬੁਝ ਕੇ ਨਿਸ਼ਾਨਾ ਬਣਾਇਆ ਗਿਆ ਹੈ।ਉਨ੍ਹਾਂ ਦੋਸ਼ ਲਾਇਆ ਕਿ ਮੀਡੀਏ ਉਤੇ ਅਣਐਲਾਨੀ ਸੈਂਸਰਸ਼ਿਪਪ ਲਾ ਕੇ ਖੁਦ ਕੇਂਦਰ ਸਰਕਾਰ ਭਾਰਤੀ ਸੰਵਿਧਾਨ ਦੀ ਧਾਰਾ 19 ਤਹਿਤ ਮਿਲੀ ਵਿਚਾਰ ਪ੍ਰਗਟਾਵੇ ਦੀ ਆਜਾਦੀ ਦੀ ਉਲੰਘਣਾ ਕਰ ਰਹੀ ਹੈ ਅਤੇ ਫਾਸ਼ੀਵਾਦੀ ਰਾਜਨੀਤੀ ਦੇ ਰਸਤੇ ਉਤੇ ਚਲ ਰਹੀ ਹੈ।
ਇਸ ਮੌਕੇ ਐਡਵੋਕੇਟ ਅਮਰਜੀਤ ਬਾਈ ਨੇ ਕਿਹਾ ਕਿ ਸਮੂਹ ਟੀਵੀ ਚੈਨਲਾਂ ਵਲੋਂ ਕੁਝ ਸਾਲ ਪਹਿਲਾਂ ਜਦੋਂ ਮੁੰਬਈ ਵਿਖੇ ਹੋਏ ਅਤਿਵਾਦੀ ਹਮਲਿਆਂ ਦੀ ਲਾਈਵ ਕਵਰੇਜ ਵਿਖਾਈ ਗਈ ਸੀ ਤਾਂ ਉਦੋਂ ਵੀ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਲੋਂ ਦੇਸ਼ ਦੀ ਸੁਰੱਖਿਆ ਦੇ ਨਾਂ ਹੇਠ ਕਿਸੇ ਚੈਨਲ ਵਿਰੁੱਧ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ। ਉਨ੍ਹਾਂ ਮੀਡੀਏ ਉਤੇ ਅਜਿਹੇ ਬੈਨ ਨੂੰ ਐਮਰਜੈਂਸੀ ਦੇ ਹਾਲਾਤ ਕਰਾਰ ਦਿੱਤਾ ਅਤੇ ਚੈਨਲ ਦੇ ਖਿਲਾਫ ਦਿੱਤੇ ਹੁਕਮ ਰੱਦ ਕਰਨ ਦੀ ਮੰਗ ਕੀਤੀ।
ਤਰਕਸ਼ੀਲ ਆਗੂਆਂ ਬਲਦੇਵ ਰਾਜ ਵੇਰਕਾ, ਕਾਮਰੇਡ ਅਜੀਤ ਸਿੰਘ, ਮੇਜਰ ਸਿੰਘ ਅਤੇ ਕਰਨਰਾਜ ਸਿੰਘ ਨੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਉਤੇ ਦੋਸ਼ ਲਾਇਆ ਕਿ ਬਹੁਤ ਸਾਰੇ ਟੀਵੀ ਚੈਨਲ ਪਾਖੰਡੀ ਬਾਬਿਆਂ, ਤਾਂਤਰਿਕਾਂ, ਜੋਤਸ਼ੀਆਂ ਦੀ ਝੂਠੀ ਤੇ ਗੈਰ ਕਾਨੂੰਨੀ ਇਸ਼ਤਿਹਾਰਬਾਜ਼ੀ ਕਰਨ ਦੇ ਨਾਲ ਨਾਲ ਫਿਰਕਾਪ੍ਰਸਤੀ ਅਸ਼ਲੀਲਤਾ ਅਤੇ ਅੰਧ ਵਿਸ਼ਵਾਸ ਫੈਲਾ ਕੇ ਕੇਬਲ ਟੀਵੀ ਨੈਟਵਰਕ ਰੈਗੂਲੇਸ਼ਨ ਐਕਟ 1994 ਦੀ ਸ਼ਰੇਆਮ ਉਲੰਘਣਾ ਕਰ ਰਹੇ ਹਨ ਪਰ ਉਨ੍ਹਾਂ ਖਿਲਾਫ ਮੰਤਰਾਲੇ ਵਲੋਂ ਕਦੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ।
ਤਰਕਸ਼ੀਲ ਆਗੂਆਂ ਨੇ ਕੇਂਦਰੀ ਸਰਕਾਰ ਤੋਂ ਮੰਗ ਕੀਤੀ ਕਿ ਐਨਡੀਟੀਵੀ ਨਿਊਜ਼ ਚੈਨਲ ਖਿਲਾਫ ਇਕ ਦਿਨਾ ਬੈਨ ਕਰਨ ਦੇ ਹੁਕਮ ਤੁਰੰਤ ਰੱਦ ਕੀਤੇ ਜਾਣ ਅਤੇ ਸਮੁੱਚੇ ਮੀਡੀਏ ਦੀ ਅਜਾਦੀ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਰਾਜ ਕੁਮਾਰ ਵੇਰਕਾ, ਡਾ. ਹਜ਼ਾਰਾ ਸਿੰਘ ਚੀਮਾ, ਡਾ. ਕਸ਼ਮੀਰ ਸਿੰਘ, ਨਵਤੇਜ ਸਿੰਘ, ਵਿਦਿਆਰਥੀ ਆਗੂ ਵਿਜੈ ਕੁਮਾਰ, ਰਾਜਿੰਦਰ ਸਿੰਘ, ਦਮਨਜੀਤ ਕੌਰ, ਨਾਗਰ ਮੱਲ, ਅਰੂੜ ਚੰਦ ਆਦਿ ਮੈਂਬਰਾਂ ਨੇ ਸ਼ਮੂਲੀਅਤ ਕੀਤੀ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media