
ਅੰਮ੍ਰਿਤਸਰ, 9 ਨਵੰਬਰ (ਜਗਦੀਪ ਸਿੰਘ ਸੱਗੂ)- ਬੀ ਡਵੀਜਨ ਪੁਲਿਸ ਸਟੇਸ਼ਨ ਦੀ ਪੁਲਿਸ ਦੇ ਏ.ਐਸ.ਆਈ ਪ੍ਰਸ਼ੋਤਮ ਲਾਲ ਵਲੋਂ ਪੁਲਿਸ ਪਾਰਟੀ ਸਮੇਤ ਸ਼ਰਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਬੈਂਕਾਂ ਬਲੇਰ (ਭਿੱਖੀਵਿੰਡ) ਨੂੰ ਤਾਰਾਂ ਵਾਲਾ ਪੁੱਲ ਜੀ.ਟੀ ਰੋਡ ਦੇ ਨੇੜਿਓਂ ਚੋਰੀ ਕੀਤੇ ਹੋਏ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਗਿਆ।ਉਨਾਂ ਕਿਹਾ ਕਿ ਇਸ ਮਾਮਲੇ ਸਬੰਧੀ ਮੁਕੱਦਮਾ ਨੰਬਰ 180 ਮਿਤੀ 4.11.2016 ਦਰਜ ਕਰ ਕੇ ਜਦ ਪੁਛਗਿੱਛ ਕੀਤੀ ਗਈ ਤਾਂ ਸ਼ਰਨਜੀਤ ਸਿੰਘ ਦੀ ਨਿਸ਼ਾਨਦੇਹੀ ‘ਤੇ 2 ਹੋਰ ਚੋਰੀ ਦੇ ਮੋਟਰਾਈਕਲ ਬਰਾਮਦ ਕੀਤੇ ਗਏ ਅਤੇ ਸ਼ਰਨਜੀਤ ਸਿੰਘ ਨੇ ਇਹ ਖੁਲਾਸਾ ਕੀਤਾ ਕਿ ਉਹ ਬੋਹੜ ਸਿੰਘ ਪੁੱਤਰ ਕਰਮ ਸਿੰਘ, ਬਿੱਕਰ ਸਿੰਘ ਪੁੱਤਰ ਸਰਦੂਲ ਸਿੰਘ ਵਾਸੀਆਨ ਭਿੱਖੀਵਿੰਡ ਅਤੇ ਅਵਤਾਰ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਫਰੰਦੀਪੁਰ ਨਾਲ ਮਿਲ ਕੇ ਮੋਟਰਸਾਈਕਲ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦਾ ਹੈ ।ਸ਼ਰਨਜੀਤ ਸਿੰਘ ਨੇ ਕਿਹਾ ਕਿ ਉਨਾਂ ਨੇ ਇੱਕ ਗਰੋਹ ਬਣਾਇਆ ਹੋਇਆ ਹੈ, ਜਿਸ ਦਾ ਸਰਗਨਾ ਬੋਹੜ ਸਿੰਘ ਹੈ ਅਤੇ ਉਹ ਗਰੁਦਆਰਾ ਸ਼ਹੀਦ ਬਾਬਾ ਦੀਪ ਸਿੰਘ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚੋਂ ਮੋਟਰਸਾਈਕਲ ਚੋਰੀ ਕਰਦੇ ਸਨ।ਉਸ ਨੇ ਦੱਸਿਆ ਕਿ ਅਵਤਾਰ ਸਿੰਘ ਚੋਰੀ ਕੀਤੇ ਮੋਟਰ ਸਾਈਕਲਾਂ ਨੂੰ ਲੁਕਾਉਂਦਾ ਸੀ ਤੇ ਵੇਚਣ ਵਿੱਚ ਉਹਨਾਂ ਦੀ ਮਦਦ ਕਰਦਾ ਸੀ।ਏ.ਐਸ.ਆਈ ਪ੍ਰਸ਼ੋਤਮ ਲਾਲ ਨੇ ਦੱਸਿਆ ਕਿ ਉਕਤ ਚਾਰ ਮੈਂਬਰੀ ਚੋਰ ਗਰੋਹ ਵਿਚੋਂ ਦੋਸ਼ੀ ਸ਼ਰਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਬੈਂਕਾਂ ਬਲੇਰ, ਬਿੱਕਰ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਭਿੱਖੀਵਿੰਡ, ਅਵਤਾਰ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਫਰੰਦੀਪੁਰ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਚੋਰੀ ਦੇ 9 ਮੋਟਰਸਾਈਕਲ ਬਰਾਮਦ ਕੀਤੇ ਜਾ ਚੁੱਕੇ ਹਨ, ਜਦ ਕਿ ਇਸ ਗਿਰੋਹ ਦਾ ਮੁੱਖੀਆ ਬੋਹੜ ਸਿੰਘ ਪੁੱਤਰ ਕਰਮ ਸਿੰਘ ਵਾਸੀ ਭਿੱਖੀਵਿੰਡ ਅਜੇ ਫਰਾਰ ਹੈ।ਜਿਸ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।ਉਨਾਂ ਕਿਹਾ ਕਿ ਦੋਸ਼ੀਆਂ ਪਾਸੋਂ ਜਾਂਚ ਪੜਤਾਲ ਦੌਰਾਨ ਚੋਰੀ ਦੇ ਹੋਰ ਵੀ ਮੋਟਰਸਾਈਕਲ ਬਰਾਮਦ ਹੋਣ ਦੀ ਸੰਭਾਵਨਾ ਹੈ।ਇਸ ਸਮੇਂ ਏ.ਸੀ.ਪੀ ਲਾਇੰਸੈਂਸਿੰਗ ਗੌਰਵ ਤੂਰਾ ਆਈ.ਪੀ.ਐਸ, ਏ.ਐਸ.ਆਈ ਸੂਬਾ ਸਿੰਘ ਤੇ ਏ.ਐਸ.ਆਈ ਸਤਨਾਮ ਸਿੰਘ ਤੋਂ ਇਲਾਵਾ ਹੋਰ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ।
Punjab Post Daily Online Newspaper & Print Media