
ਪਠਾਨਕੋਟ, 11 ਨਵੰਬਰ (ਪੰਜਾਬ ਪੋਸਟ ਬਿਊਰੋ)- ਕਣਕ ਦੀ ਸਫਲ ਕਾਸ਼ਤ ਲਈ ਜ਼ਰੂਰੀ ਹੈ ਕਿ ਬਿਜਾਈ ਲਈ ਵਰਤਿਆ ਜਾਣ ਵਾਲ ਬੀਜ ਸਿਫਾਰਸ਼ਸ਼ੁਦਾ ਕਿਸਮ ਦਾ ਨਰੋਆ ਅਤੇ ਬਿਮਾਰੀ ਰਹਿਤ ਹੋਵੇ। ਇਹ ਵਿਚਾਰ ਡਾ ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਹਾੜੀ ਮੁਹਿੰਮ ਅਤੇ ਕੌਮੀ ਅੰਨ ਸੁਰੱਖਿਆ ਮਿਸ਼ਨ ਤਹਿਤ ਲਗਾਏ ਸਰਕਲ ਭੋਆ ਦੇ ਪਿੰਡ ਸੁਲਤਾਨਪੁਰਾ ਵਿੱਚ ਹੈਪੀਸੀਡਰ ਰਾਹੀਂ ਕਣਕ ਦੀ ਬਿਜਾਈ ਦੇ ਲਗਾਏ ਗਏ ਪ੍ਰਦਰਸ਼ਨੀ ਪਲਾਟ ਮੌਕੇ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਹੇ। ਬਲਵਿੰਦਰ ਕੁਮਾਰ ਖੇਤੀਬਾੜੀ ਉਪ ਨਿਰੀਖਕ ਦੇ ਪ੍ਰਬੰਧਾਂ ਹੇਠ ਅਮੋਲ ਕੁਮਾਰ ਖੇਤਾਂ ਵਿੱਚ ਲਗਾਏ ਪ੍ਰਦਰਸ਼ਨੀ ਪਲਾਟ ਮੌਕੇ ਡਾ. ਬਲਦੇਵ ਸਿੰਘ ਸੰਧੂ ਖੇਤੀਬਾੜੀ ਅਫਸਰ (ਸੇਵਾ ਮੁਕਤ) ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਡਾ. ਅਮਰੀਕ ਸਿੰਘ ਨੇ ਕਿਸਾਨਾਂ ਨੂੰ ਸੰਬੋੋਧਨ ਕਰਦਿਆਂ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਇੱਕ ਟਨ ਪਰਾਲੀ ਸਾੜਣ ਨਾਲ 400 ਕਿਲੋ ਜੈਵਿਕ ਕਾਰਬਨ, 5.5 ਕਿਲੋ ਨਾਈਟਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼, 1.2 ਕਿਲੋ ਸਲਫਰ ਅਤੇ ਮਿੱਟੀ ਵਿਚਲੇ ਲਘੂ ਜੀਵਾਂ ਦਾ ਬਹੁਤ ਨੁਕਸਾਨ ਹੁੰਦਾ ਹੈ। ਉਨਾਂ ਕਿਹਾ ਕਿ ਹੈਪੀ ਸੀਡਰ ਮਸ਼ੀਨ ਨਾਲ ਕੰਬਾਈਨ ਨਾਲ ਕਟਾਈ ਕੀਤੇ ਝੋਨੇ ਦੇ ਖੇਤ ਨੂੰ ਬਿਨਾਂ ਵਾਹਿਆਂ ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ।ਉਨਾਂ ਕਿਹਾ ਕਿ ਹੈਪੀ ਸੀਡਰ ਅਜਿਹੀ ਮਸ਼ੀਨ ਹੈ ਜਿਸ ਨਾਲ ਇਕੋ ਸਮੇਂ ਝੋਨੇ ਦੀ ਪਰਾਲੀ ਨੂੰ ਕੁਤਰ ਕੇ ਖੇਤ ਵਿੱਚ ਖਿਲਾਰਣ ਦੇ ਨਾਲ-ਨਾਲ ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ।ਉਨਾਂ ਕਿਹਾ ਕਿ ਕੰਬਾਈਨ ਨਾਲ ਝੋਨੇ ਦੀ ਕਟਾਈ ਤੋਂ ਬਾਅਦ ਪਰਾਲ ਨੂੰ ਇਕਸਾਰ ਖਿਲਾਰਨਾਂ ਕਣਕ ਦੇ ਜੰਮ ਅਤੇ ਸਹੀ ਵਾਧੇ ਲਈ ਬਹੁਤ ਜ਼ਰੂਰੀ ਹੈ। ਉਨਾਂ ਕਿਹਾ ਕਿ ਹੈਪੀ ਸੀਡਰ ਨਾਲ ਬਿਜਾਈ ਕੀਤੀ ਕਣਕ ਨਾਲ ਜਿਥੇ ਖੇਤੀ ਲਾਗਤ ਖਰਚੇ ਘਟਦੇ ਹਨ ਉਥੇ ਪੈਦਾਵਾਰ ਵੀ 1-2 ਕੁਇੰਟਲ ਪ੍ਰਤੀ ਏਕੜ ਵੱਧ ਨਿਕਲਦੀ ਹੈ।ਉੇਨਾਂ ਖੇਤੀਬਾੜੀ ਵਿਭਾਗ ਅਤੇ ਜ਼ਿਲਾ ਪ੍ਰਸ਼ਾਸ਼ਣ ਵੱਲੋਂ ਜਾਰੀ ਵੈਬਸਾਈਟ ਖੇਤ ਤੋਂ ਘਰ ਬਾਰੇ ਕਿਸਾਨਾਂ ਨੂੰ ਜਾਗਰੁਕ ਕੀਤਾ ਅਤੇ ਵੈਬਸਾਈਟ ਨਾਲ ਜੁੜਣ ਅਤੇ ਜ਼ਿਲਾ ਪ੍ਰਸ਼ਾਸ਼ਨ ਦੁਆਰਾ ਪਿੰਡ ਡੇਅਰੀਵਾਲ ਵਿਖੇ ਸ਼ੁਰੂ ਕੀਤੀ ਗਊਸ਼ਾਲਾ ਵਿੱਚ ਰਹਿਣ ਵਾਲੇ ਪਸ਼ੂਆਂ ਲਈ ਚਾਰਾ ਦਾਨ ਕਰਨ ਦੀ ਅਪੀਲ ਕੀਤੀ।
Punjab Post Daily Online Newspaper & Print Media