ਨਵੀਂ ਦਿੱਲੀ, 12 ਨਵੰਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਨਾਨਕ ਦੇਵ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 222 ਯਾਤਰੀਆਂ ਦਾ ਜੱਥਾ ਭੇਜਿਆ ਗਿਆ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅਰਦਾਸ ਉਪਰੰਤ ਸ਼ੁਭ ਇੱਛਾਵਾਂ ਯਾਤਰੀਆਂ ਨੂੰ ਪੇਸ਼ ਕਰਦੇ ਹੋਏ ਗੁਰਦੁਆਰਾ ਦਮਦਮਾ ਸਾਹਿਬ ਤੋਂ ਜਥੇ ਨੂੰ ਰਵਾਨਾ ਕੀਤਾ।ਦਿੱਲੀ ਕਮੇਟੀ ਵੱਲੋਂ ਪਾਕਿਸਤਾਨੀ ਦੂਤਘਰ ਨੂੰ 260 ਸਿੱਖਾਂ ਨੂੰ ਵੀਜ਼ਾ ਦੇਣ ਦੀ ਅਰਜ਼ੀ ਦਿੱਤੀ ਗਈ ਸੀ ਜਿਸ ਤੇ 222 ਯਾਤਰੀਆਂ ਨੂੰ ਵੀਜ਼ਾ ਪ੍ਰਾਪਤ ਹੋਇਆ ਹੈ। ਜੀ.ਕੇ. ਨੇ ਦੱਸਿਆ ਕਿ ਕਮੇਟੀ ਵੱਲੋਂ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ 14 ਨਵੰਬਰ ਨੂੰ ਆਯੋਜਿਤ ਹੋਣ ਵਾਲੇ ਅੰਮ੍ਰਿਤ ਸੰਚਾਰ ਲਈ ਪੰਜ ਪਿਆਰੇ ਅਤੇ 200 ਪ੍ਰਾਣੀਆਂ ਲਈ ਕਕਾਰ ਵੀ ਭੇਜੇ ਗਏ ਹਨ। ਲਗਭਗ 60 ਸਾਲਾਂ ਬਾਅਦ ਮੁੜ ਤੋਂ ਗੁਰਦੁਆਰੇ ਵੱਜੋਂ ਖੁਲ ਰਹੇ ਗੁਰਦੁਆਰਾ ਕਿਆਰਾ ਸਾਹਿਬ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਸਥਾਪਿਤ ਹੋਏ ਗੁਰੂ ਨਾਨਕ ਦੇਵ ਜੀ ਦੇ ਅੰਗੀਠਾ ਸਾਹਿਬ ਦੇ ਦਰਸ਼ਨ ਕਰਕੇ ਉਕਤ ਜੱਥੇ ਵੱਲੋਂ 21 ਨਵੰਬਰ ਤਕ ਦੀ ਆਪਣੀ ਯਾਤਰਾ ਦੌਰਾਨ ਦਰਸ਼ਨ ਕਰਕੇ ਆਉਣ ਦੀ ਜੀ.ਕੇ. ਨੇ ਜਾਣਕਾਰੀ ਦਿੱਤੀ।
ਜੀ.ਕੇ. ਨੇ ਕਿਹਾ ਕਿ ਪਾਕਿਸਤਾਨ ਨਾਲ ਵਿਗੜੇ ਸਿਆਸੀ ਹਾਲਾਤਾਂ ਦੇ ਬਾਵਜੂਦ ਕਮੇਟੀ ਵੱਲੋਂ ਜੱਥਾਂ ਭੇਜਣ ਦਾ ਫੈਸਲਾ ਲਿਆ ਗਿਆ ਹੈ ਕਿਉਂਕਿ ਅਸੀਂ ਆਪਣੇ ਗੁਰੂ ਦੇ ਪਵਿੱਤਰ ਅਸਥਾਨਾਂ ਤੋਂ ਮੁਖ ਨਹੀਂ ਮੋੜ ਸਕਦੇ। ਜੱਥੇ ਵਿਚ ਸ਼ਾਮਿਲ ਯਾਤਰੀਆਂ ਨੂੰ ਭਾਗਾਂ ਵਾਲੇ ਦੱਸਦੇ ਹੋਏ ਉਨ੍ਹਾਂ ਲਈ ਪਿੱਛੋ ਖੁਲ੍ਹੇ ਦਰਸ਼ਨ ਦੀਦਾਰਾਂ ਦੀ ਅਰਦਾਸ ਕਰਨ ਦੀ ਵੀ ਗੱਲ ਕਹੀ। ਜੀ.ਕੇ. ਨੇ ਕਿਹਾ ਕਿ ਅਸੀਂ ਉਸ ਦਿਨ ਦੀ ਇੰਤਜ਼ਾਰ ਵਿਚ ਹਾਂ ਜਦੋਂ ਬਿਨਾਂ ਵੀਜ਼ਾ ਸਾਨੂੰ ਪਾਕਿਸਤਾਨ ਜਾਣ ਦੀ ਮਨਜੂਰੀ ਮਿਲੇਗੀ।ਇਸ ਮੌਕੇ ਕੁਲਦੀਪ ਸਿੰਘ ਭੋਗਲ, ਯਾਤਰਾ ਵਿਭਾਗ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ ਆਦਿਕ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media