Friday, March 6, 2026

ਖਾਲਸਾ ਕਾਲਜ ‘ਤੋਂ ਆਰੰਭ ਹੋ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜਾ ‘ਅਲੌਕਿਕ ਨਗਰ ਕੀਰਤਨ’ ਨਗਰ ਕੀਰਤਨ

ppn1211201613
ਅੰਮ੍ਰਿਤਸਰ, 12 ਨਵੰਬਰ (ਸੁਖਬੀਰ ਸਿੰਘ ਖੁਰਮਣੀਆ)- ਖਾਲਸਾ ਕਾਲਜ ਗਵਰਨਿੰਗ ਕੌਂਸਲ ਦੁਆਰਾ ਪਹਿਲੀ ਪਾਤਸ਼ਾਹੀ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 548ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਵਿਸ਼ਾਲ ਅਲੌਕਿਕ ਨਗਰ ਕੀਰਤਨ ਕੱਢਿਆ ਗਿਆ। ਜਿਸ ਵਿੱਚ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਤੋਂ ਇਲਾਵਾ ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਸਰਬਜੀਤ ਸਿੰਘ ਚਾਹਲ, ਸਮੂਹ ਕਾਲਜ/ਸਕੂਲਾਂ ਦੇ ਪ੍ਰਿੰਸੀਪਲਾਂ, ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਨੇ ਹਾਜ਼ਰੀ ਲਵਾਈ।
ਇਸ ਪਵਿੱਤਰ ਦਿਹਾੜੇ ਦੇ ਸਬੰਧ ਵਿੱਚ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਸਮੂਹ ਸਕੂਲਾਂ ਅਤੇ ਕਾਲਜਾਂ ਦੇ ਲਗਪਗ 25,000 ਹਜ਼ਾਰ ਤੋਂ ਵਧੇਰੇ ਸੰਗਤਾਂ ਨੇ ਨਗਰ ਕੀਰਤਨ ਵਿੱਚ ਹਾਜ਼ਰੀ ਲਵਾਕੇ ਇਲਾਹੀ ਨਜ਼ਾਰੇ ਦਾ ਆਨੰਦ ਮਾਣਿਆ। ਨਗਰ ਕੀਰਤਨ ਵਿੱਚ ਸ਼ਾਮਿਲ ਵਿਦਿਆਰਥੀ-ਵਿਦਿਆਰਥਣਾਂ ‘ਬੋਲੇ ਸੋ ਨਿਹਾਲ, ਪੰਥ ਕੀ ਜੀਤ’ ਆਦਿ ਜੈਕਾਰੇ ਗੂੰਜਾਉਂਦੇ ਹੋਏ ਸ਼ਾਮਿਲ ਹੋਏ ਅਤੇ ਗੁਰਬਾਣੀ ਸ਼ਬਦ ਦਾ ਉਚਾਰਣ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਪਹੁੰਚੇ। ਇਸ ਮੌਕੇ ‘ਤੇ ਵੱਖ-ਵੱਖ ਵਿੱਦਿਅਕ ਸੰਸਥਾਵਾਂ ਤੇ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗਤਕੇ ਦੇ ਜੌਹਰ ਵੀ ਦਿਖਾਏ। ਨਗਰ ਕੀਰਤਨ ਖਾਲਸਾ ਕਾਲਜ ਤੋਂ ਸ਼ੁਰੂ ਹੋ ਕੇ ਪੁਤਲੀਘਰ ਚੌਂਕ, ਰੇਲਵੇ ਸਟੇਸ਼ਨ, ਭੰਡਾਰੀ ਪੁੱਲ ਅਤੇ ਹਾਲ ਬਜਾਰ ਤੋਂ ਹੁੰਦਾ ਹੋਇਆ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਨਤਮਸਤਕ ਹੋਇਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸਮੂਹਿਕ ਅਰਦਾਸ ਹੋਈ।
ਗੁਰਪੁਰਬ ਮੌਕੇ ਦੇਸ਼-ਵਿਦੇਸ਼ ਵਿੱਚ ਵੱਸਦੀਆਂ ਸਮੂਹ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਨੂੰ ਊਚ-ਨੀਚ, ਜਾਤ-ਪਾਤ, ਵਹਿਮ-ਭਰਮ ਅਤੇ ਹੱਕ-ਸੱਚ ਦੀ ਕੀਰਤ ਕਮਾਈ ਕਰਨ ਦਾ ਸੁਨੇਹਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਲਯੁੱਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਕੇ ਲੋਕਾਂ ਨੂੰ ਸੱਚ ਦੇ ਮਾਰਗ ‘ਤੇ ਚਲਣ ਤੋਂ ਇਲਾਵਾ ਉਸ ਸੱਚੇ ਪ੍ਰਮੇਸ਼ਵਰ ਧੰਨ ਸ੍ਰੀ ਨਿਰੰਕਾਰ ਜੋ ਕਿ ਜੁਗਾ ਜੁਗੰਤਰ ਹਾਜ਼ਰ-ਨਾਜ਼ਰ ਹੈ, ਦਾ ਨਾਮ ਸਿਮਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵੱਖ-ਵੱਖ ਸੰਸਥਾਵਾਂ ਵੱਲੋਂ ਨਗਰ ਕੀਰਤਨ ਦੇ ਸਵਾਗਤ ‘ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਚੀਫ਼ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਅਤੇ ਗਵਰਨਿੰਗ ਕੌਂਸਲ ਦੇ ਮੈਂਬਰ ਹਰਮਿੰਦਰ ਸਿੰਘ, ਨਿਰਮਲ ਸਿੰਘ ਅਤੇ ਸੰਤੋਖ ਸਿੰਘ ਸੇਠੀ ਤੋਂ ਇਲਾਵਾ ਹੋਰਨਾਂ ਸ਼ਰਧਾਲੂਆਂ ਵੱਲੋਂ ਜੀ. ਟੀ. ਰੋਡ ਵਿਖੇ ਨਗਰ ਕੀਰਤਨ ਦਾ ਖਾਸ ਸਵਾਗਤ ਕਰਦਿਆਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ। ਇਸ ਮੌਕੇ ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਯੂਨੀਵਰਸਿਟੀ ਰਜਿਸਟਰਾਰ ਡਾ. ਜਸਵਿੰਦਰ ਸਿੰਘ ਢਿੱਲੋਂ, ਡਾਇਰੈਕਟਰ ਯੂਥ ਵੈਲਫ਼ੇਅਰ ਡਾ. ਸੁਖਬੀਰ ਕੌਰ ਮਾਹਲ, ਡਾਇਰੈਕਟਰ ਰਿਸਰਚ ਡਾ. ਆਰ. ਕੇ. ਧਵਨ, ਕੰਟਰੋਲਰ ਐਗਜਾਮੀਨੇਸ਼ਨ ਡਾ. ਅਮਰਪਾਲ ਸਿੰਘ, ਕੌਂਸਲ ਦੇ ਜੁਆਇੰਟ ਸਕੱਤਰ ਅਜ਼ਮੇਰ ਸਿੰਘ ਹੇਰ, ਸ. ਸੁਖਦੇਵ ਸਿੰਘ ਅਬਦਾਲ, ਰਾਜਬੀਰ ਸਿੰਘ, ਸਰਦੂਲ ਸਿੰਘ ਮੰਨਣ, ਪ੍ਰਿੰ: ਡਾ. ਸੁਰਿੰਦਰਪਾਲ ਕੌਰ ਢਿੱਲੋਂ, ਪ੍ਰਿੰ: ਡਾ. ਨੀਲਮ ਹੰਸ, ਪ੍ਰਿੰ: ਡਾ. ਹਰਭਜਨ ਸਿੰਘ, ਪ੍ਰਿੰ: ਡਾ. ਜਸਪਾਲ ਸਿੰਘ, ਪ੍ਰਿੰ: ਐੱਸ. ਕੇ. ਜੰਡ, ਪ੍ਰਿੰ: ਨਿਰਮਲ ਸਿੰਘ ਭੰਗੂ, ਪ੍ਰਿੰ: ਹਰੀਸ਼ ਕੁਮਾਰੀ, ਪ੍ਰਿੰ: ਨਾਨਕ ਸਿੰਘ, ਪ੍ਰਿੰ: ਡਾ. ਸਰਵਜੀਤ ਕੌਰ ਬਰਾੜ, ਪ੍ਰਿੰ: ਤੇਜਿੰਦਰ ਕੌਰ ਬਿੰਦਰਾ, ਪ੍ਰਿੰ: ਗੁਰਿੰਦਰਜੀਤ ਕੌਰ, ਅੰਡਰ ਸੈਕਟਰੀ ਡੀ. ਐੱਸ. ਰਟੌਲ, ਅਧਿਆਪਕ ਸਾਹਿਬਾਨ, ਗੈਰ ਅਧਿਆਪਨ ਸਟਾਫ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਸਮੂੰਹ ਕਾਲਜ, ਸਕੂਲ ਦੇ ਵਿਦਿਆਰਥੀ ਹਾਜ਼ਰ ਸਨ। ਇਸ ਮੌਕੇ ਉੱਪ ਕੁਲਪਤੀ ਡਾ. ਚਾਹਲ ਅਤੇ ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਬੱਚਿਆਂ ਦੀ ਅਥਾਹ ਸ਼ਰਧਾ ਤੇ ਉਤਸ਼ਾਹ ਵੇਖ ਕੇ ਗੁਰਪੁਰਬ ਦੀ ਲੱਖ-ਲੱਖ ਵਧਾਈ ਦਿੱਤੀ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply