Tuesday, July 15, 2025
Breaking News

ਸੰਗੀਤ ਨਾਟਕ ਅਕੈਡਮੀ ਵੱਲੋਂ ਲਖਵਿੰਦਰ ਵਡਾਲੀ ਨੂੰ ਦਿੱਤਾ ਜਾਵੇਗਾ ਉਸਤਾਦ ਬਿਸਮਿੱਲਾ ਖਾਨ ਯੁਵਾ ਪੁਰਸਕਾਰ-2012

ਪਿਤਾ ਪਦਮ ਸ਼੍ਰੀ ਪੂਰਨ ਚੰਦ ਵਡਾਲੀ ਤੇ ਚਾਚਾ ਉਸਤਾਦ ਪਿਆਰੇ ਲਾਲ ਵਡਾਲੀ ਨੂੰ 1992 ‘ਚ ਮਿਲਿਆ ਸੀ ਇਹ ਪੁਰਸਕਾਰ

PPN310526

ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ ਬਿਊਰੋ)- ਦੇਸ਼ ਦੀ ਸਿਰਮੌਰ ਸੰਸਥਾ ‘ਸੰਗੀਤ ਨਾਟਕ ਅਕੈਡਮੀ’ ਵੱਲੋਂ ‘ਉਸਤਾਦ ਬਿਸਮਿੱਲਾ ਖਾਨ ਯੁਵਾ ਪੁਰਸਕਾਰ 2012’ ਲਈ ਸੰਗੀਤ, ਡਾਂਸ ਅਤੇ ਥੀਏਟਰ ਦੇ ਕਲਾਕਾਰਾਂ ਦੇ ਨਾਵਾਂ ਦੀ ਲਿਸਟ ਜਾਰੀ ਕੀਤੀ ਗਈ ਹੈ, ਜਿਸ ਵਿੱਚ ਪੰਜਾਬ ਦੇ ਨੌਜਵਾਨ ਸੂਫੀ ਗਾਇਕ ਲਖਵਿੰਦਰ ਵਡਾਲੀ ਨੂੰ ਫੋਕ ਗੀਤਾਂ (ਲੋਕ ਗਾਇਕੀ) ਦੇ ਬਦਲੇ ਚੁਣਿਆ ਗਿਆ ਹੈ ਅਤੇ ਇਹ ਪੁਰਸਕਾਰ ਸੰਗੀਤ ਨਾਟਕ ਅਕੈਡਮੀ ਵੱਲੋਂ ਜੁਲਾਈ 2014 ‘ਚ ਦਿੱਤਾ ਜਾਵੇਗਾ। ਲਖਵਿੰਦਰ ਵਡਾਲੀ ਸੂਫੀ ਗਾਇਕ ਪਦਮਸ਼੍ਰੀ ਪੂਰਨ ਚੰਦ ਵਡਾਲੀ ਦਾ ਬੇਟਾ ਅਤੇ ਉਸਤਾਦ ਪਿਆਰੇ ਲਾਲ ਵਡਾਲੀ ਦਾ ਭਤੀਜਾ ਹੈ। ਆਪਣੇ ਪਿਤਾ ਅਤੇ ਚਾਚਾ ਕੋਲੋਂ ਬਚਪਨ ਤੋਂ ਸੂਫੀ ਗਾਇਕੀ ਦੇ ਗੁਰ ਸਿੱਖਦਾ ਆ ਰਿਹਾ ਲਖਵਿੰਦਰ ਭਾਵੇਂ ਸਕੂਲ ਸਮੇਂ ਦੌਰਾਨ ਹੀ ਗਾਉਣ ਲੱਗ ਗਿਆ ਸੀ, ਪ੍ਰੰਤੂ ਉਸਨੇ ਆਪਣੀ ਗਾਇਕੀ ਦੀ ਸ਼ੁਰੂਆਤ ਸਾਲ 2005 ‘ਚ ਆਈ ਪਲੇਠੀ ਐਲਬਮ ‘ਬੁੱਲਾ’ ਰਾਹੀਂ ਕੀਤੀ, ਇਸ ਐਲਬਮ ਦੇ ਗੀਤ ‘ਦੀਵਾ ਨਾ ਬੁਝਾਈਂ’ ਅਤੇ ‘ਕੁੱਲੀ ਵਿੱਚੋਂ ਨੀ ਯਾਰ ਲੱਭ ਲੈ’ ਤੋਂ ਇਲਾਵਾ ‘ਕੰਡੇ ਉੱਤੇ ਮਹਿਰਮਾਂ ਵੇ ਆਜਾ ਕਦੋਂ ਦੀ ਖੜੀ’ ਨੇ ਇਸ ਨੌਜਵਾਨ ਗਾਇਕ ਨੂੰ ਆਪਣੀ ਵੱਖਰੀ ਪਛਾਣ ਦੇਣ ਦੇ ਨਾਲ-ਨਾਲ ਮਕਬੂਲੀਅਤ ਵੀ ਦਿੱਤੀ। ਇਸ ਤੋਂ ਬਾਅਦ ਸਾਲ 2007 ‘ਚ ਲਖਵਿੰਦਰ ਦੀ ਐਲਬਮ ‘ਮਾਹੀਆ’ ਵਿਚ ਲਖਵਿੰਦਰ ਅਤੇ ਉਹਨਾਂ ਦੇ ਪਿਤਾ ਪਦਮਸ਼੍ਰੀ ਪੂਰਨ ਚੰਦ ਵਡਾਲੀ ਵੱਲੋਂ ਗਾਏ ਗੀਤ ‘ਵੇ ਮਾਹੀਆ ਤੇਰੇ ਵੇਖਣ ਨੁੰ ਚੁੱਕ ਚਰਖਾ ਗਲੀ ਦੇ ਵਿੱਚ ਡਾਹਵਾਂ’ ਨੂੰ ਦੁਨੀਆਂ ਭਰ ‘ਚ ਲੋਕਾਂ ਨੇ ਬਹੁਤ ਪਸੰਦ ਕੀਤਾ। ਇਸ ਤੋਂ ਇਲਾਵਾ ਇਸੇ ਐਲਬਮ ਦੇ ਗੀਤ ‘ਸਾਂਵਲ ਰੰਗੀਏ ਬੱਦਲੀਏ ਆਜਾ’ ਨੂੰ ਵੀ ਲੋਕਾਂ ਨੇ ਬਹੁਤ ਪਿਆਰ ਦਿੱਤਾ। ਸਾਲ 2011 ‘ਚ ਸੂਫੀ ਐਲਬਮ ‘ਨੈਣਾਂ ਦੇ ਬੂਹੇ’ ਵਿੱਚ ਆਪਣੇ ਪਿਤਾ ਪਦਮਸ਼੍ਰੀ ਪੂਰਨ ਚੰਦ ਵਡਾਲੀ ਤੇ ਚਾਚਾ ਉਸਤਾਦ ਪਿਆਰੇ ਲਾਲ ਵਡਾਲੀ ਨਾਲ ਮਿਲ ਕੇ ਲਖਵਿੰਦਰ ਵਡਾਲੀ ਵੱਲੋਂ ਗਾਏ ਗੀਤ ‘ਅੱਜ ਸੱਜਣਾ ਤੇਰਾ ਨਾਂ ਲੈ ਕੇ ਤੈਨੂੰ ਕੋਲ ਬਿਠਾ ਕੇ ਪੀਣੀ ਏ’ ਨੂੰ ਵੀ ਵਿਸ਼ਵ ਪ੍ਰਸਿੱਧੀ ਮਿਲੀ। ਇਸ ਤੋਂ ਇਲਾਵਾ ਇਸੇ ਐਲਬਮ ਦੇ ਗੀਤ ‘ਯਾਰ ਬਹਿ ਗਿਆ ਨੈਣਾਂ ਦੇ ਬੂਹੇ ਆ ਕੇ ਖ਼ੁਦਾ ਦੀ ਗੱਲ ਕੀ ਕਰੀਏ’ ਰਾਹੀਂ ਲਖਵਿੰਦਰ ਨੇ ਸੂਫੀ ਸੰਗੀਤ ਪ੍ਰੇਮੀਆਂ ਦੇ ਦਿਲਾਂ ‘ਤੇ ਅਮਿੱਟ ਛਾਪ ਛੱਡੀ। ਸਾਲ 2012 ‘ਇਸ਼ਕੇ ਦਾ ਜਾਮ’ ਵਿਚ ਵਡਾਲੀ ਬ੍ਰਦਰਜ਼ ਅਤੇ ਲਖਵਿੰਦਰ ਵਡਾਲੀ ਵੱਲੋਂ ਗਾਏ ਗੀਤ ‘ਤੁਝੇ ਤੱਕਿਆ ਤੋ ਲਗਾ ਮੁਝੇ ਐਸੇ ਜੈਸੇ ਮੇਰੀ ਈਦ ਹੋ ਗਈ’ ਨੂੰ ਵੀ ਸਰੋਤਿਆਂ ਨੇ ਅਥਾਹ ਪਿਆਰ ਦਿੱਤਾ। ਇਸ ਤੋਂ ਇਲਾਵਾ ਇਸੇ ਐਲਬਮ ਦੇ ਗੀਤ ‘ਰੂਹਾਨੀਅਤ ਜੁਗਨੀ’ ਰਾਹੀਂ ਲਖਵਿੰਦਰ ਨੇ ਮੁੜ ਤੋਂ ਸੰਗੀਤ ਪ੍ਰੇਮੀਆਂ ਦੇ ਦਿਲਾਂ ‘ਤੇ ਰਾਜ ਕੀਤਾ। ਸਾਲ 2014 ‘ਚ ਲਖਵਿੰਦਰ ਵਡਾਲੀ ਦੇ ਆਏ ਸਿੰਗਲ ਟ੍ਰੈਕ ਗੀਤ ‘ਜੇ ਆਪ ਨਚਾਵੇ ਯਾਰ ਤਾਂ ਨੱਚਣਾ ਪੈਂਦਾ ਹੈ’ ਨੂੰ ਦੇਸ਼ਾਂ-ਵਿਦੇਸ਼ਾਂ ‘ਚ ਵੱਸਦੇ ਸੰਗੀਤ ਪ੍ਰੇਮੀਆਂ ‘ਚ ਬਹੁਤ ਮਕਬੂਲ ਹੋਇਆ।ਸਾਲ 2009 ‘ਚ ਇੰਟਰਨੈਸ਼ਨਲ ਚੈਨਲ ਐਨ.ਡੀ.ਟੀ.ਵੀ ਵੱਲੋਂ ਸ਼ੁਰੂ ਕੀਤੇ ਸੰਗੀਤਕ ਮੁਕਾਬਲਿਆਂ ਦੇ ਸ਼ੋਅ ‘ਜਨੂਨ ਕੁਛ ਕਰ ਦਿਖਾਣੇ ਕਾ’ ‘ਚ ਲਖਵਿੰਦਰ ਵਡਾਲੀ ਨੇ ਉਸਤਾਦ ਰਾਹਤ ਫਤਿਹ ਆਲੀ ਖਾਨ, ਇਲਾ ਅਰੁਨ, ਮਿਊਜ਼ਿਕ ਡਾਇਰੈਕਟਰ ਆਨੰਦ ਰਾਜ ਆਨੰਦ ਵਰਗੇ ਕੈਪਟਨਾਂ ਦੀ ਸਰਪ੍ਰਸਤੀ ਹੇਠ ਪੰਜਾਬੀ ਲੋਕ ਗਾਇਕੀ ਦਾ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਇਲਾਵਾ ਚੈਨਲ ਸਟਾਰ ਪਲੱਸ ‘ਚ ਦੇਸ਼ ਦੇ ਸਭ ਤੋਂ ਵੱਡੇ ਰਿਆਲਟੀ ਸ਼ੋਅ ‘ਮਿਊਜ਼ਿਕ ਕਾ ਮਹਾ ਮੁਕਬਲਾ’ ‘ਚ ਲਖਵਿੰਦਰ ਵਡਾਲੀ ਨੇ ਸ਼ੰਕਰ ਮਹਾਦੇਵਨ, ਹਿਮੇਸ਼ ਰੇਸ਼ਮੀਆਂ, ਸ਼ਾਨ, ਸ਼ਰੇਆ ਗੋਸ਼ਾਲ, ਮੋਹਿਤ ਚੌਹਾਨ ਅਤੇ ਮਿੱਕਾ ਵਰਗੇ ਕੈਪਟਨਾਂ ਦੀ ਸਰਪ੍ਰਸਤੀ ਹੇਠ ਆਪਣੀ ਗਾਇਕੀ ਦਾ ਪ੍ਰਦਰਸ਼ਨ ਕੀਤਾ ਸੀ। ਲਖਵਿੰਦਰ ਵਡਾਲੀ ਸੂਫੀ ਤੇ ਲੋਕ ਗਾਇਕ ਹੋਣ ਦੇ ਨਾਲ-ਨਾਲ ਇੱਕ ਵਧੀਆ ਅਦਾਕਾਰ ਵੀ ਹਨ, ਉਹਨਾਂ ਨੇ ਭਰੂਣ ਹੱਤਿਆ ਖਿਲਾਫ ਜਾਗਰੂਕ ਕਰਦੀ ਪੰਜਾਬੀ ਫਿਲਮ ‘ਅੱਖੀਆਂ ਉਡੀਕਦੀਆਂ’ ਅਤੇ ਨਸ਼ਿਆਂ ਖਿਲਾਫ ਲੋਕਾਂ ਨੂੰ ਲਾਮਬੰਦ ਕਰਨ ਲਈ ‘ਛੇਵਾਂ ਦਰਿਆ’ ‘ਚ ਮੁੱਖ ਕਿਰਦਾਰ ਨਿਭਾਇਆ। ਸੂਫੀ ਗਾਇਕੀ ਨੂੰ ਸਮਰਪਿਤ ਨੌਜਵਾਨ ਗਾਇਕ ਲਖਵਿੰਦਰ ਵਡਾਲੀ ਨੇ ਆਪਣੇ ਪਿਤਾ ਪਦਮਸ਼੍ਰੀ ਪੂਰਨ ਚੰਦ ਵਡਾਲੀ ਤੇ ਉਸਤਾਦ ਪਿਆਰੇ ਲਾਲ ਵਡਾਲੀ ਦੇ ਨਕਸ਼ੇ ਕਦਮ ‘ਤੇ ਚਲਦਿਆਂ ਆਪਣੀ ਗਾਇਕੀ ਨੂੰ ਲੱਚਰਤਾ ਤੋਂ ਹਮੇਸ਼ਾ ਹੀ ਦੂਰ ਰੱਖਿਆ ਹੈ। ਸੰਗੀਤ ਨਾਟਕ ਅਕੈਡਮੀ ਵੱਲੋਂ ‘ਉਸਤਾਦ ਬਿਸਮਿੱਲਾ ਖਾਨ’ ਪੁਰਸਕਾਰ ਲਖਵਿੰਦਰ ਵਡਾਲੀ ਨੂੰ ਦੇਣ ਦੇ ਫੈਸਲੇ ਤੋਂ ਬਾਅਦ ਵੱਖ-ਵੱਖ ਸ਼ਖਸੀਅਤਾਂ ਨੇ ਲਖਵਿੰਦਰ ਵਡਾਲੀ ਨੂੰ ਫੋਨ ‘ਤੇ ਵਧਾਈਆਂ ਦਿੱਤੀਆਂ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply