
ਬਟਾਲਾ, 22 ਨਵੰਬਰ (ਨਰਿੰਦਰ ਬਰਨਾਲ)- ਬੀਤੇ ਦਿਨ ਸਰਕਾਰੀ ਮਿਡਲ ਸਕੂਲ ਗੁੱਜਰਪੁਰਾ ਵਿਖੇ ਸ਼੍ਰੀ ਗੁਰੂ ਰਾਮ ਦਾਸ ਡੈਂਟਲ ਕਾਲਜ ਅੰਮ੍ਰਿਤਸਰ ਵੱਲੋਂ ਡਾ: ਪਿ੍ਰੰਸਜੀਤ ਕੌਰ ਅਤੇ ਡਾ: ਕੰਵਲਜੀਤ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਦੰਦਾਂ ਦੀਆਂ ਬਿਮਾਰੀਆਂ ਅਤੇ ਉਹਨਾਂ ਦੇ ਕਾਰਨਾਂ ਪ੍ਰਤੀ ਜਾਗਰੂਕ ਕਰਨ ਲਈ ਦੰਦਾਂ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਇੰਟਰਨ ਗੁਰਲੀਨ ਕੌਰ, ਦਿਵਜੋਤ ਕੌਰ, ਦਰਸ਼ਪ੍ਰੀਤ ਕੌਰ, ਬਿਕਰਮਜੀਤ ਧਾਲੀਵਾਲ, ਹਰਲੀਨ ਕੌਰ, ਹਰਮਨ ਕੌਰ, ਜਸਮੀਤ ਕੌਰ ਵੱਲੋਂ ਵਿਦਿਆਰਥੀਆਂ ਦੇ ਦੰਦਾਂ ਦਾ ਚੈਕ ਅੱਪ ਕੀਤਾ ਗਿਆ।ਵਿਦਿਆਰਥੀਆਂ ਨੂੰ ਬਰੱਸ਼ ਕਰਨ ਦੇ ਸਹੀ ਤਰੀਕੇ ਬਾਰੇ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਗਿਆ ਕਿ ਬਰੱਸ਼ ਕਰਨ ਦੇ ਗਲਤ ਤਰੀਕੇ ਕਾਰਨ ਦੰਦਾਂ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਸਕਦੀਆਂ ਹਨ।ਕੈਂਪ ਦੌਰਾਨ ਵਿਦਿਆਰਥੀਆਂ ਨੂੰ ਦੰਦਾਂ ਦੀਆਂ ਬਿਮਾਰੀਆਂ ਦੇ ਕਾਰਨਾਂ ਅਤੇ ਉਚਿਤ ਤਰੀਕੇ ਅਪਣਾ ਕੇ ਇਹਨਾਂ ਬਿਮਾਰੀਆਂ ਤੋਂ ਬਚਣ ਬਾਰੇ ਜਾਗਰੂਕ ਕੀਤਾ ਗਿਆ।ਇਸ ਮੌਕੇ ਡਾ: ਪਿ੍ਰੰਸਜੀਤ ਕੌਰ ਅਤੇ ਡਾ: ਕੰਵਲਜੀਤ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਦਿਨ ਵਿੱਚ ਦੋ ਵਾਰ ਸਹੀ ਤਰੀਕੇ ਨਾਲ ਬਰੱਸ਼ ਕਰਨ ਅਤੇ ਦੰਦਾਂ ਦੀ ਸਹੀ ਦੇਖਭਾਲ ਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਸਕੂਲ ਇੰਚਾਰਜ਼ ਰਵਿੰਦਰਜੀਤ ਸਿੰਘ ਪੰਨੂ ਵੱਲੋਂ ਮਿਡਲ ਸਕੂਲ ਗੁਜਰਪੁਰਾ ਵਿਖੇ ਵਿਸ਼ੇਸ ਤੌਰ ਤੇ ਪਹੁੰਚੀ ਹੋਈ ਡਾਕਟਰਾਂ ਦੀ ਇਸ ਟੀਮ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਇਸ ਟੀਮ ਵੱਲੋਂ ਦਿੱਤੀ ਗਈ ਵਡਮੁੱਲੀ ਜਾਣਕਾਰੀ ਅਨੁਸਾਰ ਦੰਦਾਂ ਦੀ ਦੇਖਭਾਲ ਕਰਨ ਲਈ ਪ੍ਰੇਰਿਤ ਕੀਤਾ।ਅੰਤ ਵਿੱਚ ਸਕੂਲ ਇੰਚਾਰਜ਼ ਰਵਿੰਦਰਜੀਤ ਸਿੰਘ ਪੰਨੂ ਅਤੇ ਸਕੂਲ ਅਧਿਆਪਕ ਸਾਹਿਬਾਨ ਵੱਲੋਂ ਡੈਂਟਲ ਹਸਪਤਾਲ ਅੰਮ੍ਰਿਤਸਰ ਵੱਲੋਂ ਆਈ ਹੋਈ ਟੀਮ ਦੀ ਅਗਵਾਈ ਕਰ ਰਹੇ ਡਾ: ਪਿ੍ਰੰਸਜੀਤ ਕੌਰ ਅਤੇ ਡਾ: ਕੰਵਲਜੀਤ ਸਿੰਘ ਨੂੰ ਵਿਸ਼ੇਸ਼ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇੰਟਰਨ ਗੁਰਲੀਨ ਕੌਰ, ਦਿਵਜੋਤ ਕੌਰ, ਦਰਸ਼ਪ੍ਰੀਤ ਕੌਰ, ਬਿਕਰਮਜੀਤ ਧਾਲੀਵਾਲ, ਹਰਲੀਨ ਕੌਰ, ਹਰਮਨ ਕੌਰ, ਜਸਮੀਤ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਮੌਕੇ ਵਿਦਿਆਰਥੀਆਂ ਵੱਲੋਂ ਆਪਣੇ ਦੰਦਾਂ ਦੀ ਸਾਂਭ ਸੰਭਾਲ ਕਰਨ ਦਾ ਪ੍ਰਣ ਕੀਤਾ ਗਿਆ।ਇਸ ਕੈਂਪ ਦੌਰਾਨ ਸਕੂਲ ਇੰਚਾਰਜ਼ ਰਵਿੰਦਰਜੀਤ ਸਿੰਘ ਪੰਨੂ, ਮੈਡਮ ਦਲਜੀਤ ਕੌਰ ਸੰਧੂ, ਮੈਡਮ ਵੀਰ ਕੌਰ, ਮੈਡਮ ਪ੍ਰਭਜੋਤ ਕੌਰ, ਮਾਸਟਰ ਕਰਨੈਲ ਸਿੰਘ, ਮਾਸਟਰ ਸ਼ਰਨਜੀਤ ਕੁਮਾਰ ਅਤੇ ਸਕੂਲ ਵਿਦਿਆਰਥੀ ਹਾਜ਼ਰ ਸਨ।
Punjab Post Daily Online Newspaper & Print Media