
ਬਠਿੰਡਾ, 22 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਕੱਲ੍ਹ ਕੀਤੇ ਵਾਅਦੇ ਅਨੁਸਾਰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੇ ਪਰਿਵਾਰ ਦੇ ਸਵਿਸ ਬੈਂਕ ਖਾਤੇ ਇਹ ਕਹਿੰਦੇ ਹੋਏ ਜਨਤਕ ਕੀਤੇ ਕਿ ਪੂਰੇ ਪਰਿਵਾਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਬਤੌਰ ਪੰਜਾਬ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ 2002 ਤੋਂ 2007 ਤੱਕ ਇਨ੍ਹਾਂ ਖਾਤਿਆਂ ਵਿਚ ਇਹ ਪੈਸਾ ਜਮਾ ਕੀਤਾ ਹੈ।
ਆਪਣੇ 11 ਰੋਜਾ ਦੌਰੇ ਦੇ ਦੂਜੇ ਦਿਨ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਅਤੇ ਉਸਦੇ ਪੁੱਤਰ ਰਣਇੰਦਰ ਸਿੰਘ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਦਾ ਖੁਲਾਸਾ ਕੀਤਾ, ਜਿਹੜੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਵਰ੍ਹੇ 2005 ਵਿਚ ਖੁਲਵਾਏ ਗਏ ਸਨ। ਦਿੱਲੀ ਦੇ ਮੁੱਖ ਮੰਤਰੀ ਨੇ ਰਣਇੰਦਰ ਸਿੰਘ ਅਤੇ ਪਰਨੀਤ ਕੌਰ ਦੇ ਖਾਤਿਆਂ ਦੇ ਨੰਬਰ ਅਤੇ ਸਾਂਝੇ ਖਾਤੇ ਦੇ ਨੰਬਰ ਵੀ ਪੜ ਕੇ ਸੁਣਾਏ। ਜਿੰਨਾਂ ਵਿਚ ਪਰਿਵਾਰ ਨੇ ਬਇਮਾਨੀ ਦਾ ਪੈਸਾ ਜਮਾ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਖਾਤਿਆਂ ਦੀ ਜਾਣਕਾਰੀ ਦਾ ਖੁਲਾਸਾ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੇ ਸਵਿਸ ਬੈਂਕ ਵਿਚ 26 ਜੁਲਾਈ 2005 ਨੂੰ ਖਾਤਾ ਖੁਲਵਾਇਆ ਅਤੇ ਉਸਦਾ ਖਾਤਾ ਨੰਬਰ 509018445 ਹੈ। ਕੈਪਟਨ ਦੇ ਪੁੱਤਰ ਰਣਇੰਦਰ ਸਿੰਘ ਨੇ ਵੀ ਉਸੇ ਦਿਨ ਸਵਿਸ ਬੈਂਕ ਵਿਚ ਖਾਤਾ ਖੁਲਵਾਇਆ ਜਿਸਦਾ ਨੰਬਰ 5090184484 ਹੈ। ਕੇਜਰੀਵਾਲ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਇਨ੍ਹਾਂ ਖਾਤਿਆਂ ਦੇ ਨਾਲ ਨਾਲ ਇਸ ਪਰਿਵਾਰ ਵਲੋਂ ਬੇਇਮਾਨੀ ਦੀ ਕਮਾਈ ਟਿਕਾਣੇ ਲਗਾਉਣ ਲਈ ਇਕ ਟਰੱਸਟ ਦਾ ਗਠਨ ਵੀ ਕੀਤਾ ਹੋਇਆ ਹੈ। ਜਿਸਦਾ ਸਵਿਸ ਬੈਂਕ ਖਾਤਾ ਨੰਬਰ 5090284483 ਹੈ।ਕੇਜਰੀਵਾਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੈਲੇਂਜ ਕੀਤਾ ਕਿ ਜੋ ਖੁਲਾਸਾ ਉਨ੍ਹਾਂ ਨੇ ਕੀਤਾ ਹੈ ਜੇਕਰ ਇਸ ਵਿਚ ਕੋਈ ਵੀ ਗਲਤ ਜਾਣਕਾਰੀ ਹੋਵੇ ਤਾਂ ਅਮਰਿੰਦਰ ਸਿੰਘ ਨੂੰ ਖੁੱਲੀ ਛੁੱਟੀ ਹੈ ਕਿ ਉਹ ਉਨ੍ਹਾਂ ਖਿਲਾਫ ਮਾਨਹਾਨੀ ਦਾ ਕੇਸ ਦਾਇਰ ਕਰਨ ਅਤੇ ਉਨ੍ਹਾਂ ਨੂੰ ਜੇਲ ਭੇਜਣ।ਕੈਪਟਨ ਅਮਰਿੰਦਰ ਸਿੰਘ ਤੇ ਤਿੱਖਾ ਹਮਲਾ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਵਰ੍ਹੇ 2002 ਵਿਚ ਸੱਤਾ ਵਿਚ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦਿਵਾਲੀਆ ਹੋ ਗਏ ਸਨ ਅਤੇ ਉਨ੍ਹਾਂ ਕੋਲ ਆਪਣੇ ਮੋਤੀ ਮੱਹਲ ਨੂੰ ਰੰਗ ਕਰਵਾਉਣ ਲਈ ਪੈਸਾ ਵੀ ਨਹੀਂ ਸੀ।
ਬਾਦਲ ਪਰਿਵਾਰ ਦੀ ਗੱਲ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਬਾਦਲ ਪਰਿਵਾਰ ਅਤੇ ਕੰਪਨੀ ਜਿਹੜੀ ਕੇ ਅਮਰਿੰਦਰ ਸਿੰਘ ਤੋਂ ਬਾਅਦ ਸੱਤਾ ਵਿਚ ਆਈ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ। ਕੇਜਰੀਵਾਲ ਨੇ ਲੋਕਾਂ ਤੋ ਪੁਛਿਆ ਕਿ ਪੰਜਾਬ ਵਿਚ ਸਭ ਤੋਂ ਵੱਧ ਕਾਲਾ ਧਨ ਕਿਸ ਕੋਲ ਹੈ ਤਾਂ ਲੋਕਾਂ ਨੇ ਇਕਸੁਰ ਹੋ ਕੇ ਉਚੀ ਅਵਾਜ ਵਿਚ ਜਵਾਬ ਦਿੱਤਾ ‘ਬਾਦਲ ਪਰਿਵਾਰ’ ‘ਬਾਦਲ ਪਰਿਵਾਰ’ ਕੇਜਰੀਵਾਲ ਨੇ ਫੇਰ ਮੋਦੀ ਦੀ ਹਿੰਮਤ ‘ਤੇ ਸਵਾਲ ਖੜਾ ਕਰਦਿਆਂ ਕਿਹਾ ਕਿ ਉਸ ਨੂੰ ਬਾਦਲ ਪਰਿਵਾਰ ਦੇ ਪਿੱਛੇ ਪੈਣਾ ਚਾਹੀਦਾ ਸੀ, ਜਿੰਨਾਂ ਕੋਲ ਸਭ ਤੋਂ ਵੱਧ ਕਾਲਾ ਧਨ ਹੈ ਨਾ ਕਿ ਨੋਟਬੰਦੀ ਕਰਕੇ ਆਮ ਆਦਮੀ ਦੇ ਪਿੱਛੇ।
‘ਬਾਦਲਾਂ ਨੇ ਪਿਛਲੇ 10 ਸਾਲਾਂ ਵਿਚ ਪੰਜਾਬ ਵਿਚ ਲਗਭਗ ਸਾਰੇ ਕਾਰੋਬਾਰਾਂ ਟਰਾਂਸਪੋਰਟ, ਕੇਵਲ, ਮਾਈਨਿੰਗ, ਸ਼ਰਾਬ ਆਦਿ ‘ਤੇ ਕਬਜਾ ਕਰਕੇ ਮੋਟਾ ਪੈਸਾ ਇਕੱਠਾ ਕੀਤਾ ਹੈ’ ਇਹ ਕਹਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਬਾਦਲਾਂ ਨੇ ਪੰਜਾਬ ਨੂੰ ਅਪਣੇ ਪੂਰੀ ਤਾਕਤ ਨਾਲ ਪੈਸਾ ਇਕੱਠਾ ਕਰਨ ਲਈ ਨਿਚੋੜਿਆ ਹੈ। ਕੇਜਰੀਵਾਲ ਨੇ ਕਿਹਾ ਕਿ ਬਾਦਲ ਸਰਕਾਰ ਸਿੱਖ ਕੌਮ ਦੀ ਹਿਤੈਸ਼ੀ ਨਹੀਂ ਹੈ ਕਿਉਂਕਿ ਬਾਦਲ ਸਰਕਾਰ 1984 ਦੇ ਸਿੱਖ ਕਤਲੇਆਮ ਦਾ ਇਨਸਾਫ ਪ੍ਰਾਪਤ ਕਰਨ ਵਿਚ ਬੁਰੀ ਤਰ੍ਹਾਂ ਫੇਲ ਰਹੀ ਹੈ।
‘ਸੱਤਾ ਵਿਚ ਆਉਣ ਤੋਂ ਬਾਅਦ ਇਨਕਵਾਰੀ ਕਮਿਸ਼ਨ ਬਣਾ ਕੇ ਬਾਦਲਾਂ ਦੇ ਸਾਰੇ ਗਲਤ ਕੰਮਾਂ ਦੀ ਜਾਂਚ ਕਰਵਾ ਕੇ ਕਾਨੂੰਨ ਮੁਤਾਬਿਕ ਉਨ੍ਹਾਂ ਨੂੰ ਸਜਾ ਦੇਵਾਂਗੇ’ ਕੇਜਰੀਵਾਲ ਨੇ ਇਹ ਕਹਿੰਦਿਆਂ ਐਲਾਨ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ, ਕੁਰਾਨ-ਏ-ਸ਼ਰੀਫ ਅਤੇ ਭਗਵਤ ਗੀਤਾ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਸਜਾ ਦਿੱਤੀ ਜਾਵੇਗੀ ਤਾਂ ਕਿ ਉਹ ਭਵਿੱਖ ਵਿਚ ਅਜਿਹਾ ਕਰਨ ਬਾਰੇ ਸੋਚ ਵੀ ਨਾ ਸਕੇ। ਕੇਜਰੀਵਾਲ ਨੇ ਫਿਰ ਤੋਂ ਕਿਹਾ ਕਿ ਮਾਇਨੀਂਗ ਦੇ ਠੇਕੇ ਅਤੇ ਬਸਾਂ ਦੇ ਪਰਮਿਟ ਜਿਹੜੇ ਬਾਦਲਾਂ ਨੇ ਆਪਣੀ ਤਾਕਤ ਦੀ ਗਲਤ ਵਰਤੋਂ ਕਰਕੇ ਹਾਸਿਲ ਕੀਤੇ ਹਨ ਉਹ ਵਾਪਿਸ ਲਏ ਜਾਣਗੇ ਅਤੇ ਬੇਰੋਜਗਾਰ ਨੌਜਵਾਨਾਂ ਵਿਚ ਵੰਡੇ ਜਾਣਗੇ, ਜਦੋਂ ਆਪ ਸੱਤਾ ‘ਚ ਆਵੇਗੀ।
Punjab Post Daily Online Newspaper & Print Media