
ਅੰਮ੍ਰਿਤਸਰ, ੫ ਦਸੰਬਰ (ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਵਿਖੇ ਪੰਜਾਬ ਸਰਕਾਰ ਅਤੇ ਪੀ. ਐਚ. ਡੀ ਚੈਂਬਰ ਆਫ ਕਾਮਰਸ ਵੱਲੋਂ ਪੰਜਾਬ ਅੰਤਰਰਾਸ਼ਟਰੀ ਵਪਾਰ ਮੇਲਾ (ਪਾਈਟੈਕਸ) ਇਸ ਵਾਰ 8 ਤੋਂ 12 ਦਸੰਬਰ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਤਜਿੰਦਰ ਪਾਲ ਸਿੰਘ ਸੰਧੂ ਨੇ ਅੱਜ ਸਥਾਨਕ ਬੱਚਤ ਭਵਨ ਵਿਖੇ ਇਸ ਮੇਲੇ ਦੇ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਅਤੇ ਪ੍ਰਬੰਧਕਾਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਵਾਰ ਦਾ ਮੇਲਾ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ ਕਿਉਂਕਿ ਇਸ ਵਿਚ ਵੱਖ-ਵੱਖ ਮੁਲਕਾਂ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਕੋਨਿਆਂ ਵਿਚੋਂ ਵੀ ਵਪਾਰੀ ਆਪਣੇ ਨਵੇਂ ਉਤਪਾਦਾਂ ਦੀ ਪੇਸ਼ਕਾਰੀ ਕਰਨਗੇ।ਇਸ ਮੇਲੇ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਡੇ ਪੱਧਰ ‘ਤੇ ਪ੍ਰਬੰਧ ਕੀਤੇ ਜਾ ਰਹੇ ਹਨ ਜਿਸ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਇਸ ਸਬੰਧੀ ਤਿਆਰ ਹੋ ਰਹੇ ਪੰਡਾਲ ਵਿਚ ਸੈਂਕੜੇ ਸਟਾਲ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਸਾਂਝ ਤੇ ਸੇਵਾ ਕੇਂਦਰਾਂ ਸਬੰਧੀ ਵੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਵੀ ਜਾਗਰੂਕ ਕੀਤਾ ਜਾਵੇਗਾ।ਉਨ੍ਹਾਂ ਮੇਲੇ ਲਈ ਬਿਜਲੀ, ਪਾਣੀ, ਸਫ਼ਾਈ, ਸੁਰੱਖਿਆ, ਟ੍ਰੈਫਿਕ ਅਤੇ ਪਾਰਕਿੰਗ, ਮੈਡੀਕਲ ਸਹੂਲਤ, ਫਾਇਰ ਬ੍ਰਿਗੇਡ, ਸੁੰਦਰੀਕਰਨ ਅਤੇ ਹੋਰਨਾਂ ਪਹਿਲੂਆਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦੇ ਨੋਡਲ ਅਫ਼ਸਰ ਜ਼ਿਲ੍ਹਾ ਉਦਯੋਗ ਕੇਂਦਰ ਅੰਮ੍ਰਿਤਸਰ ਦੇ ਜਨਰਲ ਮੈਨੇਜਰ ਹੋਣਗੇ।ਉਨ੍ਹਾਂ ਇਹ ਵੀ ਕਿਹਾ ਕਿ ਮੇਲੇ ਲਈ ਪਾਰਕਿੰਗ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਬਾਹਰ ਸੜਕਾਂ ‘ਤੇ ਵਾਹਨ ਲਗਾਉਣ ਵਾਲਿਆਂ ਦੇ ਵਾਹਨ ਟੋਅ ਕਰ ਲਏ ਜਾਣਗੇ। ਇਸ ਮੌਕੇ ਉਨ੍ਹਾਂ ਮੇਲੇ ਨੂੰ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਵੈ ਸੇਵੀ ਸੰਸਥਾਵਾਂ ਅਤੇ ਅਧਿਕਾਰੀਆਂ ਦੇ ਸੁਝਾਅ ਵੀ ਲਏ।ਸੰਧੂ ਨੇ ਦੱਸਿਆ ਕਿ ੮ ਦਸੰਬਰ ਨੂੰ ਸਵੇਰੇ 7.30 ਵਜੇ ਅੰਗ ਦਾਨ ਸਬੰਧੀ ਕੰਪਨੀ ਬਾਗ ਤੋਂ ‘ਪਾਈਟੈਕਸ’ ਮੇਲੇ ਤੱਕ ‘ਰਨ ਟੂ ਸੇਵ ਏ ਲਾਈਫ’ ਨਾਂਅ ਦੀ ਇਕ ਦੌੜ ਦਾ ਆਯੋਜਨ ਹੋਵੇਗਾ, ਜਿਸ ਵਿਚ ਸਕੂਲਾਂ-ਕਾਲਜਾਂ ਦੇ ਵਿਦਿਆਰਥੀ ਹਿੱਸਾ ਲੈ ਕੇ ਲੋਕਾਂ ਨੂੰ ਅੰਗ ਦਾਨ ਪ੍ਰਤੀ ਜਾਗਰੂਕ ਕਰਨਗੇ। ਇਸ ਮੌਕੇ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਬੀ. ਐਸ ਬਰਾੜ, ਚੈਂਬਰ ਦੇ ਕਨਵੀਨਰ ਜੈਦੀਪ ਸਿੰਘ, ਕਾਰਜਕਾਰੀ ਅਧਿਕਾਰੀ ਜਸਦੀਪ ਸਿੰਘ ਮੱਕੜ, ਮੈਂਬਰ ਕੰਵਲਜੀਤ ਸਿੰਘ ਜੌਲੀ, ਫੰਕਸ਼ਨ ਮੈਨੇਜਰ ਸਿਮਰਜੋਤ ਸਿੰਘ, ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਬਾਜ ਸਿੰਘ, ਜੇ. ਐਸ ਸੰਧੂ, ਹਰਪਾਲ ਸਿੰਘ, ਦੀਪਕ ਬੱਬਰ, ਆਰ. ਡੀ ਸ਼ਰਮਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media