ਮੀਡੀਆ ਕਰਮੀਆਂ ਤੇ ਕੀਤਾ ਹਮਲਾ, ਕਈਆਂ ਦੇ ਪਾਟੇ ਕੱਪੜੇ
ਪੱਤਰਕਾਰਾਂ ਨੇ ਕੀਤਾ ਰੋਸ-ਕੇਜਰੀਵਾਲ ਨੇ ਪੱਤਰਕਾਰਾਂ ਤੋਂ ਮੰਗੀ ਮੁਆਫੀ

ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਮਖੀ ਅਰਵਿੰਦ ਕੇਜਰੀਵਾਲ ਨੇ ਆਪਣੇ ਸਾਥੀਆਂ ਸਮੇਤ ਜਨਰਲ ਡਾਇਰ ਤੋ ਬਾਅਦ ਦੂਜੀ ਵਾਰੀ ਜਲਿਆਵਾਲਾ ਬਾਗ ਵਿਖੇ ਦਾਖਲ ਹੋ ਕੇ ਗੁੰਡਾਗਰਦੀ ਕੀਤੀ ਤੇ ਜਨਰਲ ਡਾਇਰ ਦੀ ਤਰਾਂ ਦਫਤਰ ਦੀ ਭੰਨਤੋੜ ਕਰਨ ਤੋ ਇਲਾਵਾ ਕੇਜਰੀਵਾਲ ਦੀ ਕਵਰੇਜ ਕਰ ਰਹੇ ਮੀਡੀਆ ਕਰਮੀਆਂ ‘ਤੇ ਵੀ ਹਮਲਾ ਕਰਕੇ ਸਾਬਤ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਕੋਈ ਸੰਵਿਧਾਨਕ ਪਾਰਟੀ ਨਹੀ ਇਸ ਵਿੱਚ ਕੁੱਝ ਸ਼ਰੀਫ ਵਿਅਕਤੀਆ ਨੂੰ ਛੱਡ ਕੇ ਵਧੇਰੇ ਕਰਕੇ ਗੁੰਡਿਆ ਦਾ ਬੋਲਬਾਲਾ ਹੈ।
ਜਲਿਆਂਵਾਲਾ ਬਾਗ ਜਿਸ ਨੂੰ ਅਜ਼ਾਦੀ ਪਰਵਾਨਿਆ ਤੇ ਸ਼ਹੀਦਾਂ ਦੇ ਖੂਨ ਨਾਲ ਸਿੰਝੇ ਬਾਗ ਹੋਣ ਦਾ ਮਾਣ ਹਾਸਲ ਹੈ ਵਿਖੇ ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਆਪਣੇ ਸਾਥੀਆਂ ਨਾਲ ਧਾੜਵੀ ਬਣ ਕੇ ਦਾਖਲ ਹੋਏ, ਜਿਸ ਕਾਰਨ ਬਾਗ ਵਿੱਚ ਮੌਜੂਦ ਸੈਲਾਨੀਆ ਵਿੱਚ ਇਸ ਤਰੀਕੇ ਨਾਲ ਹਫੜਾ ਮੱਚ ਗਈ ਜਿਵੇਂ ਇੱਕ ਵਾਰੀ ਫਿਰ ਅੰਗਰੇਜ ਜਨਰਲ ਡਾਇਰ ਨੇ ਹਮਲਾ ਕਰ ਦਿੱਤਾ ਹੋਵੇ। ਇਸ ਮੌਕੇ ਕੇਜਰੀਵਾਲ ਦੇ ਸਾਥੀਆਂ ਨੇ ਆਮ ਲੋਕਾਂ ਦੀ ਕੁੱਟਮਾਰ ਵੀ ਕੀਤੀ ਅਤੇ ਕਵਰੇਜ ਕਰ ਰਹੇ ਮੀਡੀਆ ਕਰਮੀਆਂ ‘ਤੇ ਵੀ ਹਮਲਾ ਕਰ ਦਿੱਤਾ ਗਿਆ, ਜਦ ਕਿ ਮੌਕੇ ਤੋ ਮੌਜੂਦ ਪੁਲੀਸ ਇੰਸਪੈਕਟਰ ਸੁਰਿੰਦਰ ਕੁਮਾਰ ਆਪਣੇ ਸਾਥੀਆ ਸਮੇਤ ਮੂਕ ਦਰਸ਼ਕ ਬਣ ਕੇ ਸਭ ਕੁੱਝ ਦੇਖਦਾ ਰਿਹਾ। ਮੀਡੀਆ ਕਰਮੀਆਂ ਨੇ ਜਦੋਂ ਹਮਲਾਵਾਰ ਕੇਜਰੀਵਾਲ ਦੇ ਸਾਥੀਆਂ ਦੀ ਸ਼ਿਕਾਇਤ ਮੌਜੂਦ ਇੰਸਪੈਕਟਰ ਸੁਰਿੰਦਰ ਕੁਮਾਰ ਨੂੰ ਕੀਤੀ ਤਾਂ ਉਸ ਨੇ ਕਿਹਾ ਕਿ ਪਹਿਲਾਂ ਹਮਲਾਵਰ ਵਿਅਕਤੀ ਦੇ ਨਾਮ ਦੀ ਦਰਖਾਸਤ ਲਿਖ ਕੇ ਦਿੱਤੀ ਜਾਵੇ ਫਿਰ ਕਾਰਵਾਈ ਕੀਤੀ ਜਾਵੇਗੀ।
ਕੇਜਰੀਵਾਲ ਸਾਥੀਆਂ ਸਮੇਤ ਜਲ੍ਹਿਆਵਾਲਾ ਬਾਗ ਦੇ ਸੈਕਟਰੀ ਐਸ. ਕੇ. ਮੁੱਕਰਜੀ ਦੇ ਦਫਤਰ ਤੇ ਕਾਬਜ ਹੋ ਗਏ ਤੇ ਉਹਨਾਂ ਨੇ ਦਫਤਰ ਦਾ ਦਰਵਾਜਾ ਵੀ ਤੋੜ ਦਿੱਤਾ।ਇਸ ਸਮੇਂ ਜਦੋ ਪੱਤਰਕਾਰ ਕੇਜਰੀਵਾਲ ਦੀ ਕਵਰੇਜ ਕਰ ਰਹੇ ਸਨ ਤਾਂ ਉਸ ਦੇ ਕੁੱਝ ਸਾਥੀਆਂ ਨੇ ਮੀਡੀਆ ਕਰਮੀਆਂ ‘ਤੇ ਹਮਲਾ ਕਰ ਦਿੱਤਾ ਤੇ ਕਈ ਮੀਡੀਆ ਵਾਲਿਆਂ ਦੇ ਕੱਪੜੇ ਵੀ ਪਾੜ ਦਿੱਤੇ ਗਏ। ਇਸ ਸਬੰਧੀ ਜਦੋਂ ਕੇਜਰੀਵਾਲ ਨੂੰ ਸ਼ਿਕਾਇਤ ਕੀਤੀ ਤਾਂ ਉਹਨਾਂ ਨੇ ਮੁਆਫੀ ਮੰਗਦਿਆਂ ਕਿਹਾ ਕਿ ਵਾਪਰੀ ਘਟਨਾ ਤੇ ਉਹਨਾਂ ਨੂੰ ਅਫਸੋਸ ਹੈ ਤੇ ਭਵਿੱਖ ਵਿੱਚ ਅਜਿਹਾ ਮੌਕਾ ਨਹੀ ਦਿੱਤਾ ਜਾਵੇਗਾ।ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਜਸਬੀਰ ਸਿੰਘ ਪੱਟੀ ਤੇ ਜਨਰਲ ਸਕੱਤਰ ਸ੍ਰ. ਜਗਮੋਹਨ ਸਿੰਘ ਨੇ ਮੀਡੀਆ ਕਰਮੀਆਂ ‘ਤੇ ਕੀਤੇ ਗਏ ਹਮਲੇ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇਸ ਸਬੰਧੀ ਕਨੂੰਨੀ ਮਾਹਿਰਾਂ ਦੀ ਰਾਇ ਲੈ ਕੇ ਕਾਰਵਾਈ ਵੀ ਕੀਤੀ ਜਾਵੇਗੀ ਤੇ ਅਣਗਹਿਲੀ ਵਤਰਣ ਵਾਲੇ ਪੁਲੀਸ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨ ਲਈ ਕਮਿਸ਼ਨਰ ਪੁਲੀਸ ਸ੍ਰ. ਜਤਿੰਦਰ ਸਿੰਘ ਔਲਖ ਤੋ ਮੰਗ ਵੀ ਕੀਤੀ ਗਈ।
ਜਿਸ ਤਰੀਕੇ ਨਾਲ ਕੇਜਰੀਵਾਲ ਦੇ ਸਾਥੀ ਭੂਤਰੇ ਹੋਏ ਸਨ ਉਸ ਤੋ ਇੰਜ ਹੀ ਪ੍ਰਤੀਤ ਹੁੰਦਾ ਸੀ ਕਿ ਇਹ ਕਿਸੇ ਵਿਅਕਤੀ ਦਾ ਕਤਲ ਵੀ ਕਰ ਸਕਦੇ ਹਨ। ਇਸ ਤੋ ਪਹਿਲਾਂ ਕੇਜਰੀਵਾਲ ਦੇ ਸਾਥੀਆਂ ਨੇ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਭੰਗ ਕਰਦਿਆਂ ਉਥੇ ਵੀ ਮੀਡੀਆ ਤੇ ਹਮਲਾ ਕੀਤਾ।ਗੁੱਸੇ ਵਿੱਚ ਆਏ ਲੋਕਾਂ ਨੇ ਵੀ ਕੁੱਝ ਉਹਨਾਂ ਗੁੰਡਿਆਂ ਨੂੰ ਵੀ ਕੁੱਟਾਪਾ ਚਾੜਿਆ, ਜਿਹੜੇ ਹਾਲਾਤ ਖਰਾਬ ਕਰਨ ਲਈ ਦੋਸ਼ੀ ਸਨ।
ਦੂਸਰੇ ਪਾਸੇ ਜਲਿਆਂਵਾਲਾ ਬਾਗ ਦੇ ਸੈਕਟਰੀ ਸ੍ਰੀ ਐਸ.ਕੇ. ਮੁਖਰਜੀ ਨੇ ਕਿਹਾ ਕਿ ਉਹਨਾਂ ਦੇ ਦਫਤਰ ਵਿੱਚ ਪ੍ਰੈਸ ਕਾਨਫਰੰਸ ਕਰਨ ਦੀ ਉਹਨਾਂ ਕੋਲੋ ਕੋਈ ਵੀ ਆਗਿਆ ਨਹੀ ਲਈ ਗਈ ਸਗੋਂ ਧੱਕੇ ਨਾਲ ਕੇਜਰੀਵਾਲ ਤੇ ਉਸ ਦੇ ਸਾਥੀਆਂ ਨੇ ਦਫਤਰ ਤੇ ਕਬਜਾ ਕੀਤਾ ਹੈ। ਉਹਨਾਂ ਕਿਹਾ ਕਿ ਕੁੱਝ ਲੋਕਾਂ ਨੇ ਦਫਤਰ ਦਾ ਦਰਵਾਜਾ ਤੋੜ ਕੇ ਇੱਕ ਵਾਰੀ ਜਨਰਲ ਡਾਇਰ ਦੀ ਯਾਦ ਦਿਲਾ ਦਿੱਤੀ ਹੈ। ਉਹਨਾਂ ਕਿਹਾ ਕਿ ਦਫਤਰ ਦੀ ਭੰਨਤੋੜ ਕਰਨ ਤੇ ਜਬਰੀ ਕਬਜਾ ਕਰਨ ਦੀ ਉਹ ਪੁਲੀਸ ਕੋਲ ਸ਼ਿਕਾਇਤ ਵੀ ਦਰਜ ਕਰਾਉਣਗੇ। ਉਹਨਾਂ ਕਿਹਾ ਕਿ ਕੇਜਰੀਵਾਲ ਤੇ ਉਸ ਦੇ ਸਾਥੀ ਜਿਸ ਤਰੀਕੇ ਨਾਲ ਜਲਿਆਵਾਲਾ ਬਾਗ ਵਿੱਚ ਦਾਖਲ ਹੋਏ ਉਸ ਤੋ ਘਬਰਾ ਕੇ ਬਹੁਤ ਸਾਰੇ ਸੈਲਾਨੀ ਡਰਦੇ ਹੋਏ ਬਾਹਰ ਦੌੜ ਗਏ ਤੇ ਵੇਖਦੇ ਹੀ ਵੇਖਦੇ ਬਾਗ ਖਾਲੀ ਹੋ ਗਿਆ।
Punjab Post Daily Online Newspaper & Print Media