
ਫਾਜ਼ਿਲਕਾ, 7 ਦਸੰਬਰ (ਵਿਨੀਤ ਅਰੋੜਾ) – ਰੇਲਵੇ ਦੀਆਂ ਸਮਸਿਆਵਾਂ ਦੇ ਹੱਲ ਲਈ ਨਾਰਦਨ ਰੇਲਵੇ ਪੈਸੰਜਰ ਸੰਮਤੀ ਵੱਲੋਂ ਸ਼ਹੀਦ ਉਧਮ ਸਿੰਘ ਚੋਂਕ ਦੇ ਸਾਹਮਣੇ ਲਗਾਇਆ ਗਿਆ ਧਰਨਾ ਅੱਜ ਲਗਾਤਾਰ 7ਵੇਂ ਦਿਨ ਵੀ ਜਾਰੀ ਰਿਹਾ। ਅੱਜ ਧਰਨੇ ਵਿਚ ਪੀ.ਡਬਲਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਸ਼ਾਖਾ ਨਗਰ ਕੌਂਸਲ ਫਾਜ਼ਿਲਕਾ ਦੇ ਪ੍ਰਧਾਨ ਕੁਲਬੀਰ ਸਿੰਘ ਢਾਬਾਂ ਦੀ ਪ੍ਰਧਾਨਗੀ ਵਿਚ ਸ਼ਾਖਾ ਮੈੈਂਬਰ ਨਰੇਸ਼ ਖੰਨਾ, ਸੁਰਿੰਦਰ ਕੁਮਾਰ, ਹਰਬੰਸ ਸਿੰਘ, ਬੰਸੀ ਲਾਲ, ਭਗਵਾਨ ਦਾਸ, ਰਾਮ ਕ੍ਰਿਸ਼ਨ ਧੁਨਕੀਆਂ, ਬਖ਼ਤਾਵਰ ਸਿੰਘ ਘੜੁੰਮੀ, ਰਜਿੰਦਰ ਸਿੰਘ, ਪ੍ਰੇਮ ਸਿੰਘ, ਮੁਨਸ਼ਾ ਸਿੰਘ, ਕੁਲਵੰਤ ਗਾਬਾ, ਰਾਜਪਾਲ ਗੁੰਬਰ, ਕਾਮਰੇਡ ਸ਼ਕਤੀ ਧਰਨੇ ਤੇ ਬੈਠੇ।
ਸੰਬੋਧਤ ਕਰਦੇ ਹੋਏ ਸੰਮਤੀ ਦੇ ਪ੍ਰਧਾਨ ਡਾ. ਅਮਰ ਲਾਲ ਬਾਘਲਾ ਨੇ ਕਿਹਾ ਕਿ ਰੇਲਵੇ ਵਿਭਾਗ ਦੀ ਇਸ ਖੇਤਰ ਦੇ ਪ੍ਰਤੀ ਅਣਵੇਖੀ ਦੇ ਕਾਰਨ ਜਨਤਾ ਨੂੰ ਰੇਲਵੇ ਵਿਭਾਗ ਦੇ ਖਿਲਾਫ਼ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਧਰਨਾ ਰੇਲਵੇ ਸਟੇਸ਼ਨ ਦੇ ਸਾਹਮਣੇ ਲਗਾਇਆ ਗਿਆ ਸੀ ਪਰ ਉਕਤ ਧਰਨੇ ਨੂੰ ਡੀਆਰਐਡ ਦੇ ਹੁਕਮਾਂ ਤੇ ਉੱਥੋਂ ਹਟਾ ਦਿੱਤਾ ਗਿਆ ਪਰ ਸੰਮਤੀ ਵੱਲੋਂ ਰੇਲਵੇ ਸਮਸਿਆਵਾਂ ਨੂੰ ਦੂਰ ਕਰਵਾਉਣ ਸਬੰਧੀ ਹਾਰ ਨਾ ਮੰਨਦੇ ਹੋਏ ਸ਼ਹੀਦ ਉਧਮ ਸਿੰਘ ਪਾਰਕ ਦੇ ਸਾਹਮਣੇ ਫਿਰ ਤੋਂ ਧਰਨਾ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਨੇ ਫਿਰੋਜ਼ਪੁਰ ਡਵਿਜ਼ਨ ਦੇ ਡੀਆਰਐਮ ਦੇ ਵਿਵਹਾਰ ਦੀ ਡੱਟਕੇ ਅਲੋਚਨਾ ਕਰਕੇ ਨਾਅਰੇਬਾਜੀ ਵੀ ਕੀਤੀ। ਸੰਮਤੀ ਦੇ ਮੈਂਬਰਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਰੇਲਵੇ ਵਿਭਾਗ ਨੇ ਸੰਮਤੀ ਦੇ ਮੈਂਬਰਾਂ ਨੂੰ ਅਸੰਵਿਧਾਨਿਕ ਢੰਗ ਅਪਣਾਕੇ ਗ੍ਰਿਫ਼ਤਾਰ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਸੰਘਰਸ਼ ਪੂਰੇ ਫਿਰੋਜ਼ਪੁਰ ਡਵਿਜ਼ਨ ਵਿਚ ਫੈਲ ਜਾਵੇਗਾ। ਉਨ੍ਹਾਂ ਕਿਹਾ ਕਿ ਰੇਲਵੇ ਵਿਭਾਗ ਵੱਲੋਂ ਬੀਤੇ ਲੰਬੇ ਸਮੇਂ ਤੋਂ ਦਿੱਲੀ ਵਾਲੀ ਰੇਲਗੱਡੀ ਛੱਡਕੇ ਕੋਈ ਵੀ ਲੰਬੀ ਦੂਰੀ ਦੀ ਰੇਲ ਗੱਡੀ ਨਹੀਂ ਚਲਾਈ ਗਈ ਜੋਕਿ ਇਲਾਕੇ ਦੇ ਲੋਕਾਂ ਦੀ ਮੁੱਖ ਮੰਗ ਸੀ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਵਿਚ ਡੀਐਮਯੂ ਗੱਡੀਆਂ ਦੇ ਡੱਬੇ ਵਧਾਉਣਾ ਅਤੇ ਉਨ੍ਹਾਂ ਵਿਚ ਪਖਾਨਿਆਂ ਦਾ ਪ੍ਰਬੰਧ ਕਰਨਾ, ਫਾਜ਼ਿਲਕਾ-ਅਬੋਹਰ ਦੇ ਵਿਚਕਾਰ ਹੋਰ ਗੱਡੀਆਂ ਚਲਾਉਣਾ, ਚੰਡੀਗੜ੍ਹ-ਫਿਰੋਜ਼ਪੁਰ ਗੱਡੀ ਨੂੰ ਫਾਜ਼ਿਲਕਾ-ਅਬੋਹਰ ਤੱਕ ਵਧਾਉਣਾ, ਫਾਜ਼ਿਲਕਾ-ਫਿਰੋਜ਼ਪੁਰ ਕੈਂਟ ਦੇ ਫਾਟਕਾਂ ਤੇ ਅੰਡਰਬ੍ਰਿਜ਼ ਬਣਵਾਉਣਾ, ਅਬੋਹਰ-ਫਾਜ਼ਿਲਕਾ, ਫਾਜ਼ਿਲਕਾ-ਫਿਰੋਜ਼ਪੁਰ ਦੇ ਵਿਚਕਾਰ 24 ਘੰਟੇ ਰੇਲ ਸਰਵਿਸ ਦਾ ਪ੍ਰਬੰਧ ਕਰਨਾ, ਬਹੁਤ ਪੁਰਾਣੇ ਅਤੇ ਨੀਂਵੇ ਬਣੇ ਸਾਰਿਆਂ ਪਲੇਟਫਾਰਮਾਂ ਨੂੰ ਉੱਚਾ ਕਰਨਾ, ਮੱਲਾਂਵਾਲੀ (ਫਿਰੋਜ਼ਪੁਰ) ਤੋਂ ਪੱਟੀ ਤਰਨਤਾਰਨ ਤੱਕ ਨਵੇਂ ਮੰਜ਼ੂਰ ਹੋਏ ਰੇਲ ਟ੍ਰੈਕ ਨੂੰ ਤਿਆਰ ਕਰਨਾ, ਕੋਟਕਪੂਰਾ ਤੋਂ ਮੋਗੇ ਤੱਕ ਨਵੀਂ ਰੇਲ ਲਾਇਨ ਵਿਛਾਉਣਾ ਜਿਸਦਾ ਸਰਵੇ ਹੋ ਚੁੱਕਿਆ ਹੈ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸੰਮਤੀ ਦੀਆਂ ਮੰਗਾਂ ਨੂੰ ਮੰਨ ਕੇ ਸਮਸਿਆਵਾਂ ਨੂੰ ਦੂਰ ਨਹੀਂ ਕੀਤਾ ਜਾਂਦਾ ਤਦ ਤੱਕ ਇਹ ਧਰਨਾ ਅਣਮਿੱਥੇ ਸਮੇਂ ਤੱਕ ਚਲਦਾ ਰਹੇਗਾ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media