
ਫਾਜ਼ਿਲਕਾ, 21 ਦਸੰਬਰ (ਵਿਨੀਤ ਅਰੋੜਾ) – ਕੇਂਦਰ ਸਰਕਾਰ ਵੱਲੋਂ 500-1000 ਰੁਪਏ ਦੇ ਨੋਟ ਬੰਦ ਕਰਨ ਸਬੰਧੀ ਕੀਤੇ ਐਲਾਣ ਦੇ ਅੱਜ ਲਗਭਗ ਡੇਢ ਮਹੀਨੇ ਬਾਅਦ ਵੀ ਜਿੱਥੇ ਲੋਕਾਂ ਨੂੰ ਬੈਂਕ ਦੇ ਸਾਹਮਣੇ ਲੰਬੀਆਂ ਲੰਬੀਆਂ ਲਾਇਨਾਂ ਵਿਚ ਲੱਗੇ ਹੋਏ ਵੇਖਿਆ ਜਾ ਰਿਹਾ ਹੈ। ਉੱਥੇ ਅੱਜ ਸਵੇਰੇ ਲਗਭਗ 9.15 ਵਜੇ ਸਥਾਨਕ ਗਊਸ਼ਾਲਾ ਰੋਡ ਤੇ ਸਥਿਤ ਸੈਂਟ੍ਰਲ ਬੈਂਕ ਆਫ਼ ਇੰਡੀਆ ਵਿਚੋਂ ਕੈਸ਼ ਲੈਣ ਲਈ ਆਏ ਲੋਕਾਂ ਦੇ ਸਬਰ ਦਾ ਬੰਨ੍ਹ ਉਸ ਸਮੇਂ ਟੁੱਟ ਗਿਆ ਜਦੋਂ ਬੈਂਕ ਅਧਿਕਾਰੀਆਂ ਨੇ ਗ੍ਰਾਹਕਾਂ ਨੂੰ ਕੈਸ਼ ਨਾ ਹੋਣ ਦੀ ਗੱਲ ਕਹਿ ਦਿੱਤੀ। ਇਸ ਮੌਕੇ ਕਸ਼ਮੀਰ ਸਿੰਘ ਪਿੰਡ ਕਰਨੀਖੇਡਾ, ਗੁਲਜ਼ਾਰ ਸਿੰਘ, ਭਜਨ ਲਾਲ ਅਤੇ ਨਾਨਕ ਸਿੰਘ ਖੂਈਖੇੜਾ, ਬਨਵਾਰੀ ਲਾਲ ਅਤੇ ਦਰਜ਼ਨਾਂ ਦੀ ਗਿਣਤੀ ਵਿਚ ਕੈਸ਼ ਲੈੈਣ ਆਏ ਲੋਕਾਂ ਨੇ ਸੈਂਟ੍ਰਲ ਬੈਂਕ ਆਫ਼ ਇੰਡੀਆ ਦੇ ਸਾਹਮਣੇ ਰੋਸ ਵਜੋਂ ਧਰਨਾ ਲਗਾਕੇ ਜ਼ੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਬੈਂਕ ਖਪਤਕਾਰਾਂ ਨੇ ਕਿਹਾ ਕਿ ਉਹ ਬੀਤੇ ਲਗਭਗ ਡੇਢ ਮਹੀਨੇ ਤੋਂ ਸਰਕਾਰ ਵੱਲੋਂ ਲਗਾਈ ਗਈ ਨੋਟਬੰਦੀ ਦੇ ਕਾਰਨ ਹਰ ਰੋਜ਼ ਬੈਂਕ ਤੋਂ ਕੈਸ਼ ਲੈਣ ਲਈ ਆਉਂਦੇ ਹਨ ਅਤੇ ਬੈਂਕ ਦੇ ਸਾਹਮਣੇ ਲੱਗਣ ਵਾਲੀਆਂ ਲੰਬੀਆਂ ਲੰਬੀਆਂ ਲਾਇਨਾਂ ਵਿਚ ਕੇਸ਼ ਲੈਣ ਲਈ ਆਪਣੀ ਵਾਰੀ ਦੀ ਉਡੀਕ ਕਰਦੇ ਹਨ। ਜਿਸ ਕਾਰਨ ਜਿੱਥੇ ਉਨ੍ਹਾਂ ਨੂੰ ਵੱਖ ਵੱਖ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਬੈਂਕ ਅਧਿਕਾਰੀ ਅਤੇ ਕਰਮਚਾਰੀ ਕੈਸ਼ ਨਾ ਹੋਣ ਦੀ ਗੱਲ ਕਹਿ ਕੇ ਉਨ੍ਹਾਂ ਨੂੰ ਟਾਲ ਦਿੰਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਖਾਲ੍ਹੀ ਹੱਥ ਵਾਪਸ ਜਾਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਲਗਾਈ ਗਈ ਨੋਟਬੰਦੀ ਦੇ ਕਾਰਨ ਅਤੇ ਬੈਂਕਾਂ ਤੋਂ ਕੈਸ਼ ਨਾ ਮਿਲਣ ਕਾਰਨ ਉਨ੍ਹਾਂ ਨੂੰ ਘਰ ਦਾ ਗੁਜ਼ਾਰਾ ਚਲਾਉਣ ਅਤੇ ਹੋਰ ਖਰਚਿਆਂ ਦੇ ਚਲਦੇ ਪ੍ਰੇਸ਼ਾਨੀਆਂ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ।
ਨੋਟਬੰਦੀ ਦੇ ਕਾਰਨ ਹਰ ਵਰਗ ਪ੍ਰੇਸ਼ਾਨ: ਧਰਨੇ ਵਾਲੀ ਥਾਂ ਤੇ ਹਾਜ਼ਰ ਤ੍ਰਨਮੂਲ ਕਾਂਗਰਸ ਦੇ ਜ਼ਿਲ੍ਹਾ ਕੋਆਰਡੀਨੇਟਰ ਵਿਸ਼ਾਲ ਕਾਮਰਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਈ ਗਈ ਨੋਟਬੰਦੀ ਦੇ ਕਾਰਨ ਦੇਸ਼ ਦਾ ਹਰ ਵਰਗ ਪ੍ਰੇਸ਼ਾਨ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਵਰਗ ਜਿਸ ਨੇ ਹਰ ਦਿਨ ਸਵੇਰੇ ਆਪਣੇ ਕੰਮ ਤੇ ਜਾਣਾ ਹੁੰਦਾ ਹੈ ਉੱਥੇ ਇਨ੍ਹਾਂ ਮਜ਼ਦੂਰਾਂ ਨੂੰ ਲਾਇਨਾਂ ਵਿਚ ਲੱਗੇ ਹੋਏ ਵੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਦੇ ਕਾਰਨ ਬਾਜ਼ਾਰਾਂ ਵਿਚ ਵਪਾਰ ਪੂਰੀ ਤਰ੍ਹਾਂ ਨਾਲ ਠੱਪ ਹੋ ਚੁੱਕਿਆ ਹੈ ਅਤੇ ਬਾਜ਼ਾਰਾਂ ਵਿਚ ਮੰਦੀ ਛਾਈ ਹੋਈ ਹੈ ਅਤੇ ਕਿਸੇ ਵੀ ਮਜ਼ਦੂਰ ਨੂੰ ਕੰਮ ਨਹੀਂ ਮਿਲ ਰਿਹਾ। ਜਿਸ ਕਾਰਨ ਜਿਆਦਾਤਰ ਮਜ਼ਦੂਰ ਬੇਰੁਜ਼ਗਾਰ ਹੋ ਗਏ ਹਨ। ਉੱਥੇ ਕਿਸਾਨਾਂ ਨੂੰ ਕਣਕ ਦੀ ਫਸਲ ਦੀ ਬਿਜਾਈ ਲਈ ਬੀਜ, ਖਾਦ ਅਤੇ ਹੋਰ ਸਮਾਨ ਖਰੀਦਣ ਲਈ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ ਪਰ ਨੋਟਬੰਦੀ ਦੇ ਚਲਦੇ ਪੂਰਾ ਕੈਸ਼ ਨਾ ਮਿਲਣ ਕਾਰਨ ਕਿਸਾਨ ਵੀ ਪ੍ਰੇਸ਼ਾਨ ਹੋ ਰਹੇ ਹਨ।
Punjab Post Daily Online Newspaper & Print Media