ਨਵੀਂ ਦਿੱਲੀ, 21 ਦਸੰਬਰ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਨੂੰ ਠੱਗੀ ਵਿਚ ਮਾਹਿਰ ਦੱਸਦੇ ਹੋਏ ਸ਼ੰਟੀ ’ਤੇ ਕਰਾਰਾ ਹਮਲਾ ਬੋਲਿਆ ਹੈ।ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ ਨੇ ਸ਼ੰਟੀ ਵੱਲੋਂ ਉਨ੍ਹਾਂ ਦੇ ਖਿਲਾਫ਼ ਕਥਿਤ ਤੌਰ ਤੇ ਸਥਾਨਕ ਗੁਰਦੁਆਰੇ ਲਈ ਗਏ ਫ਼ੰਡ ’ਚ ਨਿਯਮਾਂ ਦੀ ਉਲੰਘਣਾ ਕਰਨ ਦੇ ਲਗਾਏ ਗਏ ਦੋਸ਼ਾ ਨੂੰ ਸ਼ੰਟੀ ਦੀ ਬੌਖਲਾਹਟ ਕਰਾਰ ਦਿੱਤਾ ਹੈ।ਦਰਅਸਲ ਸ਼ੰਟੀ ਨੇ ਦਿੱਲੀ ਕਮੇਟੀ ਵੱਲੋਂ ਗੁਰਦੁਆਰਾ ਦਸਮੇਸ਼ ਦਰਬਾਰ, ਸ਼ਾਸ਼ਤ੍ਰੀ ਨਗਰ ਵਿਖੇ ਕੀਰਤਨ ਸਮਾਗਮ ਲਈ 20 ਹਜਾਰ ਰੁਪਏ ਦੀ ਭੇਜੀ ਗਈ ਸਹਾਇਤਾ ਰਾਸ਼ੀ ਦੌਰਾਨ ਨਿਯਮਾਂ ਦੀ ਕਥਿਤ ਉਲੰਘਣਾ ਦਾ ਬੀਤੇ ਦਿਨੀਂ ਮੀਡੀਆ ਰਾਹੀਂ ਦਾਅਵਾ ਕੀਤਾ ਸੀ। ਸਤਪਾਲ ਨੇ ਦੱਸਿਆ ਕਿ ਆਉਂਦੀਆਂ ਚੋਣਾਂ ਲਈ ਨਵੀਂ ਹੱਦਬੰਦੀ ਕਰਕੇ ਸ਼ੰਟੀ ਦਾ ਕਰਮਪੁਰਾ ਵਾਰਡ ਉਨ੍ਹਾਂ ਦੇ ਹਲਕੇ ਤ੍ਰੀ ਨਗਰ ਵਿਚ ਸ਼ਾਮਿਲ ਹੋ ਗਿਆ ਹੈ।ਜਿਸ ਕਰਕੇ ਸ਼ੰਟੀ ਆਪਣੀ ਖਿਸਕਦੀ ਸਿਆਸੀ ਜਮੀਨ ਨੂੰ ਵੇਖ ਕੇ ਬੇਲੋੜੀ ਇਲਜਾਮਤ੍ਰਾਸ਼ੀ ਕਰ ਰਹੇ ਹਨ। ਸ਼ੰਟੀ ਵੱਲੋਂ ਇੱਕ ਕਥਿਤ ਕਾਗਜ ਦੇ ਸਹਾਰੇ ਲਗਾਏ ਗਏ ਦੋਸ਼ਾਂ ਨੂੰ ਫਰਜ਼ੀ ਦੱਸਦੇ ਹੋਏ ਸਤਪਾਲ ਨੇ ਸ਼ੰਟੀ ਉਪਰ ਬਸੰਤ ਵਿਹਾਰ ਪੋਲੀਟੈਕਨਿਕ ਲਈ ਨਕਲੀ ਐਨ.ਓ.ਸੀ ਤਿਆਰ ਕਰਵਾਉਣ ਦੇ ਦੋਸ਼ ਤਹਿਤ ਬਸੰਤ ਵਿਹਾਰ ਥਾਣੇ ਵਿਖੇ 16 ਅਗਸਤ 2015 ਨੂੰ ਦਰਜ਼ ਹੋਈ ਐਫ.ਆਈ.ਆਰ ਨੰਬਰ 1226 ਦਾ ਵੀ ਹਵਾਲਾ ਦਿੱਤਾ।ਜਿਸ ਵਿਚ ਸ਼ੰਟੀ ਅਤੇ ਉਸ ਦੇ ਸਾਥਿਆਂ ’ਤੇ ਧਾਰਾ 420/467/468/471 ਤਹਿਤ ਠੱਗੀ ਅਤੇ ਜਾਅਲਸਾਜ਼ੀ ਦੇ ਆਰੋਪ ਲੱਗੇ ਹਨ।
ਸ਼ੰਟੀ ਦੀ ਕਾਰਜਪ੍ਰਣਾਲੀ ਨੂੰ ਸ਼ੱਕੀ ਕਰਾਰ ਦਿੰਦੇ ਹੋਏ ਸਤਪਾਲ ਨੇ ਸ਼ੰਟੀ ਦੇ ਜਨਰਲ ਸਕੱਤਰ ਰਹਿਣ ਦੌਰਾਨ ਲੰਗਰ ਲਈ ਸ਼ਬਜੀ ਮੰਗਾਉਣ ਲਈ ਕਰੋੜਾਂ ਰੁਪਏ ਦੇ ਫਰਜੀ ਬਿੱਲ ਤਿਆਰ ਕਰਨ ਦੇ ਸ਼ੰਟੀ ਦੇ ਸਾਬਕਾ ਸਾਥੀ ਤੇ ਸਾਬਕਾ ਜੁਆਇੰਟ ਸਕੱਤਰ ਕਰਤਾਰ ਸਿੰਘ ਕੋਛੜ ਵੱਲੋਂ ਇੱਕਤਰ ਕੀਤੇ ਗਏ ਸਬੂਤਾਂ ਦਾ ਵੀ ਚੇਤਾ ਕਰਾਇਆ। ਸਤਪਾਲ ਨੇ ਸ਼ੰਟੀ ਵੱਲੋਂ ਕੀਤੇ ਗਏ ਇੱਕ ਹੋਰ ਫਰਜੀਵਾੜੇ ਦਾ ਖੁਲਾਸਾ ਕਰਦੇ ਹੋਏ ਇੱਕੋ ਟੈਕ ਕੰਪਨੀ ਨੂੰ ਕੰਪਿਊਟਰ ਦੀ ਖਰੀਦ ਲਈ 50 ਫੀਸਦੀ ਐਡਵਾਂਸ ਦੇ ਤੌਰ ’ਤੇ ਸ਼ੰਟੀ ਵੱਲੋਂ 14 ਲੱਖ 35 ਹਜਾਰ ਰੁਪਏ ਚੈਕ ਨੰਬਰ 608187 ਮਿਤੀ 09.01.2012 ਨੂੰ ਭੁਗਤਾਨ ਕਰਨ ਦਾ ਦਾਅਵਾ ਕੀਤਾ। ਜਿਸਦੇ ਬਦਲੇ ਅੱਜੇ ਤਕ ਕਮੇਟੀ ਨੂੰ ਨਾ ਕੰਪਿਊਟਰ ਮਿਲੇ ਹਨ ਤੇ ਨਾ ਹੀ ਐਡਵਾਂਸ ਵਿਚ ਦਿੱਤੀ ਗਈ ਰਾਸ਼ੀ ਪ੍ਰਾਪਤ ਹੋਈ ਹੈ।
ਸਤਪਾਲ ਨੇ ਜੋਰ ਦੇ ਕੇ ਕਿਹਾ ਕਿ ਜੇਕਰ ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਵਾਸਤੇ ਸਥਾਨਿਕ ਗੁਰਦੁਆਰਿਆਂ ਨੂੰ ਸਹਾਇਤਾ ਦੇਣਾ ਗਲਤ ਹੈ ਤਾਂ ਅਸੀਂ ਜਰੂਰ ਦੇਵਾਂਗੇ, ਪਰ ਇਸ ਦੇ ਨਾਲ ਹੀ ਸਿਆਸਤ ਤੋਂ ਪ੍ਰੇਰਿਤ ਹੋ ਕੇ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਜਵਾਬ ਵੀ ਕਾਨੂੰਨੀ ਤਰੀਕੇ ਨਾਲ ਦਿੱਤਾ ਜਾਵੇਗਾ। ਸਤਪਾਲ ਨੇ ਕਿਹਾ ਕਿ ਛੇਤੀ ਹੀ ਸ਼ੰਟੀ ਨੂੰ ਕਾਨੂੰਨੀ ਨੋਟਿਸ ਭੇਜ ਕੇ ਕਮੇਟੀ ਦੇ ਮਾਨ ’ਤੇ ਗਲਤ ਤਥਾਂ ਦੇ ਨਾਲ ਪਹੁੰਚਾਈ ਗਈ ਚੋਟ ਦਾ ਵੀ ਕਾਨੂੰਨੀ ਰਾਹ ਰਾਹੀਂ ਨਿਪਟਾਰਾ ਕੀਤਾ ਜਾਵੇਗਾ।ਉਧਰ ਗੁਰਮੀਤ ਸਿੰਘ ਸ਼ੰਟੀ ਨੇ ਸਤਪਾਲ ਸਿੰਘ ਵਲੋਂ ਦੋਸ਼ਾਂ ਨੂੰ ਗਲਤ ਕਰਾਰ ਦਿਤਾ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media