ਪਠਾਨਕੋਟ, 21 ਦਸੰਬਰ (ਪ.ਪ)- ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸਵਰੂਪ ਕੁਮਾਰ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਤਕਨੀਕੀ ਤੌਰ ਤੇ ਮਜ਼ਬੂਤ ਕਰਨ ਲਈ ਵਿਸ਼ਵ ਮਿੱਟੀ ਸਾਲ 2016 ਤਹਿਤ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਸ਼ੇਖੂਚੱਕ ਵਿੱਚ ਲਗਾਇਆ ਗਿਆ। ਪ੍ਰਿਤਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ ਦੇ ਪ੍ਰਬੰਧਾਂ ਹੇਠ ਲਗਾਏ ਇਸ ਕੈਂਪ ਦੀ ਪ੍ਰਧਾਨਗੀ ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ (ਹੈ.ਕੁ.) ਨੇ ਕੀਤੀ। ਇਸ ਮੌਕੇ ਅਮਰੀਕ ਸਿੰਘ ਖੇਤੀਬਾੜੀ ਅਫਸਰ, ਸੰਦੀਪ ਸਿੰਘ ਢਿਲੋਂ ਖੇਤੀਬਾੜੀ ਵਿਕਾਸ ਅਫਸਰ, ਜਤਿੰਦਰ ਕੁਮਾਰ ਖੇਤੀ ਵਿਸਥਾਰ ਅਫਸਰ, ਪ੍ਰਗਟ ਸਿੰਘ, ਹਰਮੀਤ ਸਿੰਘ ਬੀ.ਟੀ.ਐਮ, ਸੌਰਵ ਕੁਮਾਰ, ਹਰਭਜਨ ਸਿੰਘ, ਬਲਵਾਨ ਸਿੰਘ, ਦੇਵ ਰਾਜ ਬੇਦੀ ਖੇਤੀਬਾੜੀ ਉਪ ਨਿਰੀਖਕ, ਧਰਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਕਿਸਾਨ ਔਰਤਾਂ ਹਾਜ਼ਰ ਸਨ। ਇਸ ਮੌਕੇ ਕਿਸਾਨਾਂ ਨੂੰ ਮਿੱਟੀ ਟੈਸਟ ਰਿਪੋਰਟਾਂ ਵੀ ਵੰਡੀਆਂ ਗਈਆਂ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਹਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਖੇਤੀ ਲਾਗਤ ਖਰਚੇ ਘਟਾਉਣ ਲਈ ਫਸਲਾਂ ਵਿੱਚ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਖੇਤੀ ਮਾਹਿਰਾਂ ਨਾਲ ਸੰਪਰਕ ਕਰਕੇ ਸਿਫਾਰਸ਼ ਕੀਤੀਆਂ ਦਵਾਈਆਂ ਦੀ ਵਰਤੋਂ ਕੀਤੀ ਜਾਵੇ।ਉਨਾਂ ਕਿਹਾ ਕਿ ਕਣਕ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਫਸਲ ਦਾ ਨਿਰੰਤਰ ਨਿਰੀਖਣ ਕਰਦੇ ਰਹਿਣਾ ਚਾਹੀਦਾ ਅਤੇ ਜਦੋਂ ਵੀ ਕਿਸੇ ਕਿਸਮ ਦੀ ਸਮੱਸਿਆ ਆਵੇ ਤਾਂ ਖੇਤੀ ਮਾਹਿਰਾਂ ਨਾਲ ਸੰਪਰਕ ਕੀਤਾ ਜਾਵੇ। ਖੇਤੀ ਜਿਨਸਾਂ ਦੇ ਸਿੱਧੇ ਮੰਡੀਕਰਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਅਮਰੀਕ ਸਿਂਘ ਨੇ ਦੱਸਿਆ ਕਿ ਖੇਤੀ ਤੋਂ ਸ਼ੁੱਧ ਆਮਦਨ ਵਿੱਚ ਵਾਧਾ ਕਰਨ ਲਈ ਕਿਸਾਨਾਂ ਨੂੰ ਦਾਲਾਂ, ਦੁੱਧ ਅਤੇ ਦੁੱਧ ਪਦਾਰਥ, ਬਾਸਮਤੀ ਦੇ ਚਾਵਲ, ਸ਼ਹਿਦ, ਸਬਜੀਆਂ, ਦੇਸੀ ਮੱਕੀ ਆਦਿ ਦਾ ਖਪਤਕਾਰਾਂ ਨੂੰ ਸਿੱਧਾ ਮੰਡੀਕਰਨ ਕਰਨ ਨੂੰ ਉਤਸ਼ਾਹਿਤ ਕਰਨ ਲਈ ਪਹਿਲਾ ਕਿਸਾਨ ਬਾਜ਼ਾਰ 18 ਦਸੰਬਰ ਦਿਨ ਐਤਵਾਰ ਨੂੰ ਸਥਾਨਕ ਰਾਮ ਲੀਲਾ ਗਰਾਉਂਡ ਵਿਖੇ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ ਗਿਆ ਸੀ ਜਿਸ ਨੂੰ ਖਪਤਕਾਰਾਂ ਅਤੇ ਕਿਸਾਨਾਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਗਿਆ। ਉਨਾਂ ਦੱਸਿਆ ਕਿ ਅਗਲਾ ਕਿਸਾਨ ਬਾਜ਼ਾਰ ਮਿਤੀ 25 ਦਸੰਬਰ ਦਿਨ ਐਤਵਾਰ ਨੂੰ ਖੇਤੀਬਾੜੀ ਦਫਤਰ ਇੰਦਰਾ ਕਲੋਨੀ ਵਿੱਚ ਦੁਪਹਿਰ 12.15 ਵਜੇ ਤੋਂ ਸ਼ਾਮ 5 ਵਜੇ ਤੱਕ ਲਗਾਇਆ ਜਾਵੇਗਾ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਭਰਪੂਰ ਫਾਇਦਾ ਉਠਾਉਣ। ਸੰਦੀਪ ਸਿੰਘ ਨੇ ਕਣਕ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੀਲਕਾਂ, ਬਟਨਬੂਟੀ, ਕਾਇਆਂ ਕੋਠੀ ਦੀ ਰੋਕਥਾਮ ਲਈ ਵਰਤੀ ਜਾਣ ਵਾਲੀ 20 ਗ੍ਰਾਮ ਕਾਰਪੈਂਟਰਜ਼ੋਲ (ਅਫਿਨਟੀ) ਨਦੀਨ ਨਾਸ਼ਕ ਦੀ ਵਰਤੋਂ ਲਈ ਪ੍ਰਤੀ ਏਕੜ 200 ਲਿਟਰ ਪਾਣੀ ਦੀ ਹੀ ਵਰਤੋਂ ਕੀਤੀ ਜਾਵੇ ਕਿਉਂਕਿ ਘੱਟ ਪਾਣੀ ਵਰਤਣ ਨਾਲ ਕਣਕ ਉਪਰ ਮਾੜਾ ਪ੍ਰਭਾਵ ਪੈਂਦਾ ਹੈ। ਪ੍ਰਿਤਪਾਲ ਸਿੰਘ ਨੇ ਹਾੜੀ ਦੀਆਂ ਫਸਲਾਂ ਵਿੱਚ ਸਰਬਪੱਖੀ ਖਾਦ ਪ੍ਰਬੰਧ ਅਪਨਾਉਣ ਤੇ ਜ਼ੋਰ ਦਿੰਦਿਆਂ ਕਿਹਾ ਕਿ ਕਣਕ ਦੀ ਫਸਲ ਵਿੱਚ ਸਲਫਰ ਜਾਂ ਕੋਈ ਗੈਰ ਸਿਫਾਰਸ਼ਸ਼ੁਦਾ ਖਾਦਾਂ ਦੀ ਵਰਤੋਂ ਨਾ ਕੀਤੀ ਜਾਵੇ ਕਿਉਂ ਕਿ ਇਸ ਤਰਾਂ ਖੇਤੀ ਲਾਗਤ ਖਰਚ ਵਧਣ ਦੇ ਨਾਲ ਮਿੱਟੀ ਦਾ ਪ੍ਰਦੂਸ਼ਣ ਵੀ ਵਧਦਾ ਹੈ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media