Friday, May 24, 2024

ਮੱਕੜ ਨੇ ਕੇਂਦਰ ਨੂੰ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਰੇਲ ਗੱਡੀ ਨਾ ਮੁਹੱਈਆ ਕਰਾਉਣ ਲਈ ਲਿਖਿਆ ਪੱਤਰ- ਸਰਨਾ

PPN090619

ਅੰਮ੍ਰਿਤਸਰ, 9  ਜੂਨ (ਪੰਜਾਬ ਪੋਸਟ ਬਿਊਰੋ)-   ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਵੱਲੋ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ 16 ਜੂਨ ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਗਏ ਜੱਥੇ ਲਈ ਰੇਲ ਗੱਡੀ ਭੇਜਣ ਤੋ ਮਨਾ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਮੱਕੜ ਨੂੰ ਕੋਈ ਅਧਿਕਾਰ ਨਹੀ ਕਿ ਉਹ ਸਿੱਖ ਸੰਗਤਾਂ ਨੂੰ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਤੋ ਰੋਕੋ।ਜਾਰੀ ਇੱਕ ਬਿਆਨ ਰਾਹੀ ਸ੍ਰ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਬੀਤੀ ੬ ਜੂਨ ਨੂੰ ਸ਼੍ਰੋਮਣੀ ਕਮੇਟੀ ਦੀ ਨਲਾਇਕੀ ਕਾਰਨ ਵਾਪਰੀ ਖੂਨੀ ਝੜਪ ਦੀਆ ਹਾਲੇ ਅਖਬਾਰਾਂ ਵਿੱਚ ਲੱਗੀਆ ਖਬਰਾਂ ਦੀ ਸਿਆਹੀ ਵੀ ਨਹੀ ਸੁੱਕੀ ਕਿ ਮੱਕੜ ਮਹਾਰਾਜ ਨੇ ਇੱਕ ਹੋਰ ਨਵੀ ਲੀਲਾ ਪਾਉਦਿਆ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ 16 ਜੂਨ ਨੂੰ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਪਾਕਿਸਤਾਨ ਜਾ ਰਹੇ ਸ਼ਰਧਾਲੂਆ ਨੂੰ ਰੇਲ ਗੱਡੀ ਮੁਹੱਈਆ ਕਰਵਾਉਣ ਤੋ ਮਨਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਜਦੋਂ ਉਹਨਾਂ ਨੇ ਵਿਦੇਸ਼ ਮੰਤਰੀ ਬੀਬੀ ਸ਼ੁਸ਼ਮਾ ਸਵਰਾਜ ਨਾਲ ਰਾਬਤਾ ਕਾਇਮ ਕੀਤਾ ਤਾਂ ਉਹਨਾਂ ਨੇ ਮੱਕੜ ਦੀ ਚਿੱਠੀ ਦਾ ਹਵਾਲਾ ਦਿੰਦਿਆ ਰੇਲ ਗੱਡੀ ਮੁਹੱਈਆ ਕਰਾਉਣ ਤੋ ਇਨਕਾਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋ ਲੈ ਕੇ ਦੁਨੀਆ ਭਰ ਦੇ ਹਰ ਛੋਟੇ ਵੱਡੇ ਗੁਰੂਦੁਆਰੇ ਵਿੱਚ ਸਵੇਰੇ ਸ਼ਾਮ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰੇ ਬਖਸ਼ਣ ਦੀ ਅਰਦਾਸ ਕੀਤੀ ਜਾਂਦੀ ਹੈ ਤੇ ਦੂਸਰੇ ਪਾਸੇ ਸ਼ਰੋਮਣੀ ਕਮੇਟੀ ਹੀ ਸੰਗਤਾਂ ਨੂੰ ਦਰਸ਼ਨ ਕਰਨ ਤੋ ਰੋਕਣ ਲਈ ਰੁਕਾਵਟਾਂ ਖੜੀਆ ਕਰ ਰਹੀ ਹੈ। ਉਹਨਾਂ ਕਿਹਾ ਕਿਹਾ ਕਿ ਗੁਰੂ ਸਾਹਿਬਾਨ ਦੇ ਗੁਰਪੁਰਬ ਤਾਂ ਦੇਸਾਂ ਵਿਦੇਸ਼ਾਂ ਵਿੱਚ ਸਿੱਖ ਸੰਗਤਾਂ ਸਾਰਾ ਸਾਲ ਮਨਾਉਦੀਆ ਰਹਿੰਦੀਆ ਹਨ ਅਤੇ ਇਹਨਾਂ ਸਮਾਗਮਾਂ ਵਿੱਚ ਤਖਤਾਂ ਦੇ ਜਥੇਦਾਰ ਵੀ ਅਕਸਰ ਸ਼ਾਮਲ ਹੁੰਦੇ ਰਹਿੰਦੇ ਹਨ।ਉਹਨਾਂ ਕਿਹਾ ਕਿ ਮੱਕੜ ਦੀ ਨਲਾਇਕੀ ਨਾਲ ਹੀ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਖੂਨੀ ਝੜਪ ਹੋਈ ਤੇ ਹੁਣ ਫਿਰ ਮੱਕੜ ਨੇ ਕੇਂਦਰ ਨੂੰ ਸਿੱਖ ਸ਼ਰਧਾਲੂਆ ਨੂੰ ਗੱਡੀ ਨਾ ਮੁਹੱਈਆ ਕਰਾਉਣ ਲਈ ਪੱਤਰ ਲਿੱਖ ਕੇ ਜਿਹੜੀ ਬੱਜਰ ਗਲਤੀ ਕੀਤੀ ਹੈ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਮੱਕੜ ਸਿੱਖ ਪੰਥ ਵਿਰੋਧੀ ਸ਼ਕਤੀਆ ਦੇ ਹੱਥਾਂ ਵਿੱਚ ਖੇਡ ਰਿਹਾ ਹੈ। ਉਹਨਾਂ ਕਿਹਾ ਕਿ ਮੱਕੜ ਨੇ ਤਾਂ ਸਿੱਖ ਸ਼ਰਧਾਲੂਆ ਨੂੰ ਰੋਕਣ ਲਈ ਆਪਣਾ ਟਿੱਲ ਵਾਲਾ ਜ਼ੋਰ ਲਗਾ ਲਿਆ ਹੈ ਪਰ ਸੜਕੀ ਰਸਤੇ ਬੀਤੇ ਕਲ੍ਹ 300 ਸ਼ਰਧਾਲੂ ਲਾਹੌਰ ਪੁੱਜ ਗਏ ਹਨ। ਉਹਨਾਂ ਕਿਹਾ ਕਿ 400 ਸ਼ਰਧਾਲੂਆ ਦਾ ਵੀਜਾ ਲੱਗਾ ਹੈ ਤੇ ਬਾਕੀ ਸ਼ਰਧਾਲੂ ਵੀ ਜਲਦੀ ਹੀ ਸ਼ਹੀਦੀ ਜੋੜ ਮੇਲੇ ਵਿੱਚ ਭਾਗ ਲੈਣ ਲਈ ਪੁੱਜ ਜਾਣਗੇ।ਉਹਨਾਂ ਕਿਹਾ ਕਿ ਉਹ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਹੀ ਸਿੱਖਾਂ ਦਾ ਕੈਲੰਡਰ ਮੰਨਦੇ ਹਨ ਅਤੇ ਇਸ ਮੁਤਾਬਕ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ 16 ਜੂਨ ਨੂੰ ਹੀ ਬਣਦਾ ਹੈ। ਉਹਨਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਬਣਾ ਕੇ ਸਾਬਕਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸਿੱਖ ਪੰਥ ਦੀ ਅੱਡਰੀ ਹੋਦ ਦਾ ਸੰਕਲਪ ਲਿਆ ਸੀ ਪਰ ਕੁਝ ਪੰਥ ਵਿਰੋਧੀ ਸ਼ਕਤੀਆ ਨੂੰ ਜਦੋਂ ਇਹ ਚੰਗਾ ਨਾ ਲੱਗਾ ਤਾਂ ਉਹਨਾਂ ਨੇ ਵੋਟਾਂ ਦੀ ਆੜ ਹੇਠ ਇਸ ਕੈਲੰਡਰ ਨੂੰ ਨਾ ਬਖਸ਼ਿਆ। ਉਹਨਾਂ ਕਿਹਾ ਕਿ ਉਹ ਸੋਧੇ ਹੋਏ ਕੈਲੰਡਰ ਨੂੰ ਵੀ ਮੰਨਣ ਲਈ ਤਿਆਰ ਹਨ ਪਰ ਪਹਿਲਾਂ ਤਖਤਾਂ ਦੇ ਜਥੇਦਾਰ ਤਾਂ ਇਸ ‘ਤੇ ਇੱਕ ਮੱਤ ਹੋ ਜਾਣ। ਉਹਨਾਂ ਕਿਹਾ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਸੋਧੇ ਹੋਏ ਕੈਲੰਡਰ ਨੂੰ ਮਾਨਤਾ ਨਹੀ ਦਿੰਦੇ ਤੇ ਉਹਨਾਂ ਦੇ ਬਿਆਨ ਹਮੇਸ਼ਾਂ ਹੀ ਇਸ ਨੂੰ ਰੱਦ ਕਰਨ ਵਾਲੇ ਹੁੰਦੇ ਹਨ।ਉਹਨਾਂ ਕਿਹਾ ਕਿ 6 ਜੂਨ ਨੂੰ ਵੀ ਜੋ ਕੁਝ ਵਾਪਰਿਆ ਹੈ ਉਹ ਸਿੱਖ ਨੌਜਵਾਨਾਂ ਵੱਲੋ ਸ਼ਰੋਮਣੀ ਕਮੇਟੀ ਦੇ ਕੁਚੱਜੇ ਪ੍ਰਬੰਧ ਨੂੰ ਨਕਾਰਨ ਕਾਰਨ ਹੀ ਵਾਪਰਿਆ ਹੈ। ਉਹਨਾਂ ਕਿਹਾ ਕਿ ਸਿੱਖ ਪੰਥ ਵਿੱਚ ਗੁਰੂਦੁਆਰਾ ਸਾਹਿਬਾਨ ਦੇ ਪ੍ਰਬੰਧ ਲਈ ਸੇਵਾ ਦਲ ਹੀ ਬਣਾਇਆ ਜਾਂਦਾ ਹੈ ਤੇ ਟਾਸਕ ਫੋਰਸ ਸਿਰਫ ਸੁਰੱਖਿਆ ਦਲਾਂ ਵਿੱਚ ਹੀ ਹੁੰਦੀ ਹੈ। ਉਹਨਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਜਿਹੜੇ ਅਧਿਕਾਰੀਆ ਦੀ ਅਣਗਹਿਲੀ ਕਾਰਨ ਇਹ ਘਟਨਾ ਵਾਪਰੀ ਹੈ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਂਦੀ । ਉਹਨਾਂ ਕਿਹਾ ਕਿ ਹਾਲੇ ਵੀ ਸਮਾਂ ਹੈ ਕਿ ਜੇਲਾਂ ਵਿੱਚ ਬੰਦ ਨੌਜਵਾਨ ਦੇ ਮਾਪਿਆ ਨੂੰ ਬੁਲਾ ਕੇ ਬੱਚਿਆ ਨੂੰ ਸਮਝਾਇਆ ਜਾਵੇ ਤੇ ਮੁਕੱਦਮਾ ਵਾਪਸ ਲੈ ਕੇ ਉਹਨਾਂ ਦੀ ਤੁਰੰਤ ਰਿਹਾਈ ਨੂੰ ਯਕੀਨੀ ਬਣਾਇਆ ਜਾਵੇ।

Check Also

ਪਿੰਡ ਬੰਡਾਲਾ ਦੇ ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ- ਈ.ਟੀ.ਓ

ਜੰਡਿਆਲਾ ਗੁਰੂ, 23 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਖੁਸ਼ …

Leave a Reply