Friday, March 6, 2026

ਕੇਂਦਰ ਵਿਚ ਗੁਰੂ ਨਗਰੀ ਦੇ ਵਿਕਾਸ ਨੂੰ ਸਮਰਪਿਤ ਨੁਮਾਇੰਦੀ ਕਰਾਂਗਾ ਛੀਨਾ

ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)-ਪੰਜਾਬ ਦੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਜ਼ਿਮਨੀ ਚੋਣ ਲਈ ਸਾਂਝੇ ਉਮੀਦਵਾਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੇ ਹੱਕ ’ਚ ਚੋਣ ਪ੍ਰਚਾਰ ਮੌਕੇ ਵਿਰੋਧੀ ਧਿਰ ਕਾਂਗਰਸ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਹ ਜਮਾਤ ਸਿੱਖ ਵਿਰੋਧੀ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾਂ ਹੀ ਸਿੱਖਾਂ ਨਾਲ ਧਰੋਹ ਕਮਾਇਆ, ਜਿਸ ਦੀ ਜਿੰਦਾ ਮਿਸਾਲ ਸਿੱਖਾਂ ਦੇ ਸਰਵਉੱਚ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਅਤੇ ਸੰਨ 1984 ’ਚ ਸਿੱਖ ਕਤਲੇਆਮ ਹੈ।

PPN2001201709
ਉਨ੍ਹਾਂ ਕਿਹਾ ਕਿ ਪਿਛਲੀਆਂ 2014 ਦੀਆਂ ਆਮ ਲੋਕ ਸਭਾ ਦੀਆਂ ਚੋਣਾਂ ’ਚ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਜਿਤਾ ਕੇ ਗੁਰੂ ਨਗਰੀ ਦੇ ਲੋਕ ਪਛਤਾਅ ਰਹੇ ਹਨ, ਕਿਉਂਕਿ ਨਾ ਉਹ ਵੋਟਰਾਂ ਦਾ ਧੰਨਵਾਦ ਕਰਨ ਆਏ ਅਤੇ ਨਾ ਹੀ ਪਾਰਲੀਮੈਂਟ ’ਚ ਜਾ ਕੇ ਜਨਤਾ ਦੀ ਅਵਾਜ਼ ਬਣੇ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਇਸ ਚੋਣ ਦੀ ਹਾਰ ਤੋਂ ਬਾਅਦ ਵੀ ਵਿਕਾਸ ਦੇ ਵੱਡੇ ਪ੍ਰੋਜੈਕਟ ਅੰਮ੍ਰਿਤਸਰ ਲਈ ਲੈ ਕੇ ਆਏ, ਜਿਨ੍ਹਾਂ ’ਚ ਆਈ. ਆਈ. ਐੱਮ., ਹਾਰਟੀਕਲਚਰ ਇੰਸਟੀਚਿਊਟ, ਸਮਾਰਟ ਸਿਟੀ ਦਾ ਦਰਜਾ ਪ੍ਰਮੁੱਖ ਹਨ।ਛੀਨਾ ਜਿਨ੍ਹਾਂ ਨੇ ਕਿ ਆਪਣੇ ਚੋਣ ਪ੍ਰਚਾਰ ਮੌਕੇ ਕਿਹਾ ਕਿ ਉਹ ਕੇਂਦਰ ’ਚ ਗੁਰੂ ਨਗਰੀ ਦੇ ਨੁਮਾਇੰਦੇ ਹੋਣਗੇ ਅਤੇ ਸ੍ਰੀ ਅਰੁਣ ਜੇਤਲੀ ਜੋ ਕਿ ਗੁਰੂ ਨਗਰੀ ਨਾਲ ਅਥਾਹ ਮੋਹ ਰੱਖਦੇ ਹਨ, ਦੇਸ਼ ਵਿੱਤ ਮੰਤਰੀ ਦੇ ਹੋਣ ਨਾਤੇ ਜ਼ਿਲ੍ਹੇ ਦੇ ਹੋਰ ਵਿਕਾਸ ਲਈ ਖ਼ਜਾਨੇ ਦੇ ਦੁਆਰ ਖੁੱਲਵਾ ਦਿੱਤੇ ਜਾਣਗੇ
ਛੀਨਾ ਜੋ ਆਪਣੇ ਚੋਣ ਪ੍ਰਚਾਰ ਦੇ ਦੌਰਿਆਂ ਦੌਰਾਨ ਅੱਜ ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ ਦਲ ਦੇ ਉਮੀਦਵਾਰ ਗੁਰਪ੍ਰਤਾਪ ਸਿੰਘ ਟਿੱਕਾ ਦੀ ਚੋਣ ਰੈਲੀ ’ਚ ਪੁੱਜੇ ਸਨ, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹੁਤ ਜਲਦ ਹੀ ਉਨ੍ਹਾਂ ਦੇ ਹੱਕ ’ਚ ਚੋਣ ਪ੍ਰਚਾਰ ਲਈ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਅੰਮ੍ਰਿਤਸਰ ਆਉਣਗੇ।ਜਿਸ ਦੌਰਾਨ ਜੇਤਲੀ ਨਾਲ ਜ਼ਿਲ੍ਹੇ ਦੇ ਵਿਕਾਸ ਅਤੇ ਲੋਕਾਂ ਨੂੰ ਲਾਹੇਵੰਦ ਸੁਵਿਧਾਵਾਂ ਸਬੰਧੀ ਵਿਚਾਰ-ਵਟਾਂਦਰਾ ਕਰਕੇ ਗ੍ਰਾਂਟਾਂ ਦੇ ਗੱਫ਼ਿਆਂ ਲਈ ਚਰਚਾਵਾਂ ਕੀਤੀਆਂ ਜਾਣਗੀਆਂ ਅਤੇ ਸਰਹੱਦੀ ਜ਼ਿਲ੍ਹੇ ’ਚ ਖੇਤੀ ਅਧਾਰਿਤ ਉਦਯੋਗ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ ਤਾਂ ਜੋ ਵੱਡੇ ਅਤੇ ਛੋਟੇ ਪੈਮਾਨੇ ਦੇ ਉਦਯੋਗਾਂ ਦੇ ਵਿਸ਼ੇਸ਼ ਆਰਥਿਕ ਜ਼ੋਨ ਸਥਾਪਿਤ ਕਰਕੇ ਨੌਜਵਾਨ ਪੀੜ੍ਹੀ ਨੂੰ ਰੋਜ਼ਗਾਰ ਦੇ ਸਾਧਨ ਮੁਹੱਈਆ ਹੋ ਸਕਣ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply