ਨਵੀਂ ਦਿੱਲੀ 21 ਜਨਵਰੀ (ਪੰਜਾਬ ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਦੌਰਾਨ ਕੀਤੇ ਗਏ ਉਸਾਰੂ ਕਾਰਜਾਂ ਨੂੰ ਸੰਗਤਾਂ ਤਕ ਪਹੁੰਚਾਉਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਨੁੱਕੜ ਮੀਟਿੰਗਾਂ ਦੀ ਲੜੀ ਦੀ ਸ਼ੁਰੂਆਤ ਕਰਦੇ ਹੋਏ ਪੀਤਮਪੁਰਾ ਵਿਖੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ ਵੱਲੋਂ ਰੱਖੀ ਗਈ ਪ੍ਰਭਾਵੀ ਬੈਠਕ ਨੂੰ ਸੰਬੋਧਿਤ ਕੀਤਾ।
ਜੀ.ਕੇ ਨੇ ਆਪਣੇ ਭਾਸ਼ਣ ਦੌਰਾਨ ਕਮੇਟੀ ਵੱਲੋਂ ਕੀਤੇ ਗਏ ਕਾਰਜਾਂ ਨੂੰ ਆਪਣੀ ਧਾਰਦਾਰ ਵਾਕ ਕਲਾ ਦੇ ਨਾਲ ਰੱਖ ਕੇ ਸੰਗਤਾਂ ਨੂੰ ਜੈਕਾਰੇ ਛੱਡਣ ’ਤੇ ਮਜਬੂਰ ਕਰ ਦਿੱਤਾ।ਜਦੋਂ ਸਟੇਜ਼ ਸਕੱਤਰ ਵੱਲੋਂ ਇੱਕ ਵਾਰ ਫਿਰ ਤੋਂ ਅਕਾਲੀ ਦਲ ਦੀ ਕਮੇਟੀ ਨੂੰ ਮੌਕਾ ਦੇਣ ਦੀ ਵਕਾਲਤ ਕਰਦੇ ਹੋਏ ਸੰਗਤਾਂ ਨੂੰ ਅਪੀਲ ਕੀਤੀ ਗਈ ਤਾਂ ਭਾਵਨਾ ਵਿਚ ਵਹਿ ਕੇ ਕੁਝ ਬਜੂਰਗ ਖੜੇ ਹੋ ਕੇ ਸਵਾਲ ਪੁੱਛਣ ਲੱਗੇ ਕਿ ਮੌਜੂਦਾ ਕਮੇਟੀ ਨੂੰ ਹਟਾ ਕੌਣ ਰਿਹਾ ਹੈ।ਜੀ.ਕੇ ਨੇ ਕਿਹਾ ਕਿ ਪੁਰਾਣੀ ਕਮੇਟੀ ਦਾ ਏਜੰਡਾ ਆਪਣਾ ਪਰਿਵਾਰ ਸੀ ਤਾਂ ਸਾਡਾ ਏਜੰਡਾ ਪੰਥ।ਹੁਣ ਇਸ ਗੱਲ ਦਾ ਨਿਪਟਾਰਾ ਸੰਗਤਾਂ ਹੀ ਕਰ ਸਕਦੀਆਂ ਹਨ ਕਿ ਅਸੀਂ ਪੰਥ ਦੀ ਚੜ੍ਹਦੀਕਲਾ ਲਈ ਜੋ ਕਾਰਜ ਕੀਤੇ ਉਸ ਨਾਲ ਦਿੱਲੀ ਦੀਆਂ ਸੰਗਤਾਂ ਦਾ ਮਾਨ-ਸਤਿਕਾਰ ਕਿਤਨਾ ਵੱਧਿਆ ਹੈ। ਜੀ.ਕੇ ਨੇ ਕਿਹਾ ਕਿ ਬੀਤੇ 4 ਸਾਲਾਂ ਦੌਰਾਨ ਕਮੇਟੀ ਨੇ ਆਪਣੀ ਸਰਗਰਮ ਕਾਰਗੁਜਾਰੀ ਸੱਦਕਾ ਜੋ ਮਿਆਰੀ ਪ੍ਰੋਗਰਾਮ ਕਰਵਾਏ ਹਨ ਉਸਤੋਂ ਸਾਡੇ ਵਿਰੋਧੀ ਵੀ ਮੁਨੱਕਰ ਨਹੀਂ ਹੋ ਸਕਦੇ।ਇਸ ਸੰਬੰਧੀ ਉਨ੍ਹਾਂ ਨੇ ਦਿੱਲੀ ਫਤਹਿ ਦਿਵਸ ਮੌਕੇ ਲਾਲ ਕਿਲੇ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਤਾਬਦੀ ਮੌਕੇ ਕੁਤੁਬ ਮੀਨਾਰ ਤੇ ਕਨਾੱਟ ਪਲੈਸ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ 350 ਵੇਂ ਪ੍ਰਕਾਸ਼ ਮੌਕੇ ਇੰਡੀਆ ਗੇਟ ਵਿਖੇ ਹੋਏ ਸਮਾਗਮਾਂ ਦਾ ਹਵਾਲਾ ਦਿੱਤਾ। ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਪੁਰਾਣੀ ਕਮੇਟੀ ’ਤੇ ਸਟਾਫ਼ ਦਾ ਆਰਥਿਕ ਸ਼ੋਸ਼ਣ ਕਰਨ ਦਾ ਦੋਸ਼ ਲਗਾਉਂਦੇ ਹੋਏ ਸਰਨਾ ਦੇ ਪ੍ਰਧਾਨਗੀ ਕਾਲ ਦੌਰਾਨ ਸਕੂਲ ਸਟਾਫ਼ ਨੂੰ 6 ਮਹੀਨੇ ਤੱਕ ਤਨਖਾਵਾਂ ਨਾ ਮਿਲਣ ਦਾ ਵੀ ਖੁਲਾਸਾ ਕੀਤਾ।ਕਮੇਟੀ ’ਚ ਪ੍ਰਧਾਨ ਜੀ.ਕੇ ਵੱਲੋਂ ਲਾਗੂ ਕੀਤੇ ਗਏ ਆਰਥਿਕ ਸੁਧਾਰਾਂ ਸੱਦਕਾ ਹੁਣ ਸਮੁੱਚੇ ਸਟਾਫ਼ ਦੇ ਬੈਂਕ ਖਾਤੇ ’ਚ ਮਹੀਨੇ ਦੀ ਪਹਿਲੀ ਤਾਰੀਖ ਨੂੰ ਤਨਖਾਹ ਮਿਲਣ ਦਾ ਵੀ ਹਿਤ ਨੇ ਦਾਅਵਾ ਕੀਤਾ। ਚੱਢਾ ਵੱਲੋਂ ਇਸ ਮੌਕੇ ਜੀ.ਕੇ. ਨੂੰ ਫੁੱਲਾਂ ਦਾ ਗੁੱਲਦਸ਼ਤਾ ਦੇ ਕੇ ਜੀ ਆਇਆ ਕਿਹਾ ਗਿਆ। ਇਸ ਮੌਕੇ ਸੈਂਕੜੇ ਦੀ ਤਾਦਾਦ ਵਿਚ ਸੰਗਤ ਮੌਜੂਦ ਸੀ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media