ਬਠਿੰਡਾ, 23 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਚਾਰ ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ 1336 ਬਿਜਲਈ ਵੋਟਿੰਗ ਮਸ਼ੀਨਾਂ ਅਤੇ 205 ਵੋਟਰ ਵੈਰੀਫਾਈਡ ਪੇਪਰ ਆਡਿਟ ਟ੍ਰੇਲ (ਵੀ.ਵੀ ਪੈਟ) ਦੀ 6 ਵਿਧਾਨ ਸਭਾ ਹਲਕਿਆਂ ਲਈ ਦੂਜੇ ਪੜ੍ਹਾਅ ਦੀ ਵੰਡ ਮੁਕੰਮਲ ਕੀਤੀ। ਜ਼ਿਲ੍ਹਾ ਚੋਣ ਅਫ਼ਸਰ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ 6 ਵਿਧਾਨ ਸਭਾ ਹਲਕਿਆਂ ਲਈ ਸਥਾਪਿਤ 1051 ਬੂਥਾਂ ਲਈ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਵੰਡ ਚੋਣ ਨਿਗਰਾਨਾਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਕੀਤੀ ਗਈ। ਉਨ੍ਹਾਂ ਦੱਸਿਆ ਕਿ 1336 ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿਚੋਂ 1051 ਬੂਥਾਂ ਤੋਂ ਇਲਾਵਾ ਚੋਣ ਅਮਲੇ ਦੀ ਟ੍ਰੇਨਿੰਗ ਅਤੇ ਰਿਜ਼ਰਵ ਮਸ਼ੀਨਾਂ ਵੀ ਰੱਖੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬੈਲਟ ਯੂਨਿਟ ਅਤੇ ਕੰਟਰੋਲ ਯੂਨਿਟਾਂ ਦੇ ਮਿਲਾਨ ਪਿਛੋਂ ਸਬੰਧਤ ਰਿਟਰਨਿੰਗ ਅਫ਼ਸਰਾਂ ਨੂੰ ਮਸ਼ੀਨਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਹਲਕਾ ਵਾਰ ਮਸ਼ੀਨਾਂ ਦੀ ਪ੍ਰਵਾਨਗੀ ਸਬੰਧੀ ਜਾਣਕਾਰੀ ਦਿੰਦਿਆਂ ਥੋਰੀ ਨੇ ਦੱਸਿਆ ਕਿ 90-ਰਾਮਪੁਰਾ ਫੂਲ ਲਈ 220, 91-ਭੁੱਚੋ ਮੰਡੀ ਲਈ 233, 92-ਬਠਿੰਡਾ ਸ਼ਹਿਰੀ ਲਈ 254, 93-ਬਠਿੰਡਾ ਦਿਹਾਤੀ ਲਈ 205, 94-ਤਲਵੰਡੀ ਸਾਬੋ ਲਈ 208 ਅਤੇ 95-ਮੌੜ ਲਈ 216 ਮਸ਼ੀਨਾਂ ਜਾਰੀ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ 92-ਬਠਿੰਡਾ ਸ਼ਹਿਰੀ ਅਤੇ 93-ਬਠਿੰਡਾ ਦਿਹਾਤੀ ਦੇ ਸਾਰੇ ਬੂਥਾਂ ’ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨਾਲ ਵੀ.ਵੀ.ਪੈਟ. ਵੀ ਲੱਗਣਗੇ।
ਉਨ੍ਹਾਂ ਨੇ ਦੱਸਿਆ ਕਿ ਮਸ਼ੀਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਹੀਂ ਕੀਤੀ ਜਾ ਸਕਦੀ ਕਿਉਂਕਿ ਸਾਰੀਆਂ ਮਸ਼ੀਨਾਂ ਟੈਂਪਰ ਪਰੂਫ ਹਨ ਜੋ ਸੁਚੱਜੀ ਅਤੇ ਸੁਰੱਖਿਅਤ ਵੋਟਿੰਗ ਨੂੰ ਯਕੀਨੀ ਬਣਾਉਣਗੀਆਂ। ਉਨ੍ਹਾਂ ਦੱਸਿਆ ਕਿ ਮਸ਼ੀਨਾਂ ਰਾਹੀਂ ਵੋਟਰਾਂ ਨੂੰ ਵੋਟ ਪਾਉਣ ਵੇਲੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਹੀਂ ਆਵੇਗੀ ਅਤੇ ਹਰ ਮਸ਼ੀਨ ’ਤੇ ਉਮੀਦਵਾਰ ਦੇ ਨਾਂ ਅੱਗੇ ਉਸ ਦੀ ਤਸਵੀਰ ਛਪੀ ਹੋਵੇਗੀ।ਇਸ ਮੌਕੇ ਚੋਣ ਨਿਗਰਾਨ ਦਿਵਾਕਰ ਨਾਥ ਮਿਸ਼ਰਾ, ਆਈ.ਏ.ਐਸ, ਅਨਿਲ ਕੁਮਾਰ ਪਾਠਕ, ਆਈ.ਏ.ਐਸ, ਦੋਵੇਂ ਜਨਰਲ ਚੋਣ ਨਿਗਰਾਨ, ਵਧੀਕ ਜ਼ਿਲ੍ਹਾ ਚੋਣ ਅਫ਼ਸਰ ਡਾ. ਸ਼ੇਨਾ ਅਗਰਵਾਲ, ਸਹਾਇਕ ਕਮਿਸ਼ਨਰ ਅਭੀਜੀਤ ਕਪਲੀਸ਼ ਤੋਂ ਇਲਾਵਾ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵਿਚ ਆਮ ਆਦਮੀ ਪਾਰਟੀ ਦੇ ਵੈਭਵ ਕਸਰੀਜਾ, ਬਹੁਜਨ ਸਮਾਜ ਪਾਰਟੀ ਦੇ ਰਸ਼ਪਾਲ ਸਿੰਘ, ਕਾਂਗਰਸ ਪਾਰਟੀ ਦੇ ਅਮਨਦੀਪ ਸਿੰਘ ਜਟਾਣਾ, ਹਿੰਦੁਸਤਾਨ ਸ਼ਕਤੀ ਸੈਨਾ ਦੇ ਸੁਖਚੈਨ ਸਿੰਘ, ਆਪਣਾ ਪੰਜਾਬ ਪਾਰਟੀ ਦੇ ਵਜ਼ੀਰ ਸਿੰਘ, ਬਹੁਜਨ ਮੁਕਤੀ ਪਾਰਟੀ ਦੇ ਸੰਤ ਲਾਲ, ਸ਼੍ਰੋਮਣੀ ਅਕਾਲੀ ਦਲ (ਅ) ਦੇ ਹਰਵਿੰਦਰ ਸਿੰਘ ਹੈਰੀ, ਆਜ਼ਾਦ ਉਮੀਦਵਾਰ ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਚਰਨ ਸਿੰਘ ਅਤੇ ਜਸਵੰਤ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਸਮੂਹ ਹਾਜ਼ਰੀਨ ਨੇ ਈ.ਵੀ.ਐਮ ਦੀ ਰੈਂਡਮਾਈਜੇਸ਼ਨ ’ਤੇ ਪੂਰੀ ਤਸੱਲੀ ਪ੍ਰਗਟਾਈ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media