
ਅੰਮ੍ਰਿਤਸਰ, 24 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਅੱਜ ਅੱਤ ਦੀ ਠੰਡ ਦੇ ਮੌਸਮ ’ਚ ਗਰਮਾਹਟ ਮਹਿਸੂਸ ਕੀਤੀ ਗਈ, ਜਦੋਂ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਦੇ ਤਿੰਨ ਪ੍ਰਮੁੁੱਖ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਤੋਂ ਰਜਿੰਦਰ ਮੋਹਨ ਸਿੰਘ ਛੀਨਾ, ਕਾਂਗਰਸ ਤੋਂ ਗੁਰਜੀਤ ਸਿੰਘ ਔਜਲਾ ਤੇ ਆਪਣਾ ਪੰਜਾਬ ਪਾਰਟੀ ਤੋਂ ਗੁਰਿੰਦਰ ਸਿੰਘ ਬਾਜਵਾ ਅਚਨਚੇਤ ਕੰਪਨੀ ਬਾਗ ਵਿਖੇ ਆਹਣੇ ਸਾਹਮਣੇ ਹੋਏ। ਇੱਥੇ ਉਨ੍ਹਾਂ ਨੇ ਛੀਨਾ ਦੀ ਪਹਿਲਕਦਮੀ ਸਦਕਾ ‘ਕੌਫ਼ੀ’ ਦਾ ਇਕੱਠਿਆ ‘ਲੁਤਫ਼’ ਲਿਆ ਅਤੇ ਆਪਸ ’ਚ ਸਿਆਸਤ ਸਬੰਧੀ ਵਿਚਾਰਾਂ ਵੀ ਸਾਂਝੀਆਂ ਕੀਤੀਆਂ। ਇਹ ਅਨੋਖੀ ਘਟਨਾ ਉਸ ਵੇਲੇ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ, ਜਦੋਂ ਕਿਸੇ ਨਿੱਜੀ ਚੈਨਲ ਦੇ ਪ੍ਰੋਗਰਾਮ ਲਈ ਸੱਦੇ ਗਏ ਉਪਰੋਕਤ ਉਮੀਦਵਾਰ ਇਕੱਠੇ ਬਾਗ ’ਚ ਸੈਰ ਕਰਦਿਆਂ ਇਕ ਦੂਜੇ ਰੁਬਰੂ ਹੋਏ। ਬਿਨ੍ਹਾਂ ਕਿਸੇ ਕੜਵਾਹਟ ਦੇ ਛੀਨਾ ਨੇ ਪਹਿਲਾਂ ਗੁਰਿੰਦਰ ਸਿੰਘ ਬਾਜਵਾ ਅਤੇ ਫ਼ਿਰ ਔਜਲਾ ਨਾਲ ਹੱਥ ਮਿਲਾਉਂਦਿਆਂ ਗਲੇ ਵੀ ਮਿਲੇ। ਇਸ ਤੋਂ ਬਾਅਦ ਦੋਹਾਂ ਲੀਡਰਾਂ ਨੇ ਇਕੱਠਿਆਂ ਬੈਠ ਕੇ ਤਸਵੀਰਾਂ ਵੀ ਖਿੱਚਵਾਈਆਂ ਅਤੇ ਕਾਫ਼ੀ ਦੇਰ ਤੱਕ ਗੁਫ਼ਤੱਗੂ ਦਾ ਹਿੱਸਾ ਵੀ ਬਣੇ। ਛੀਨਾ ਨੇ ਕਿਹਾ ਕਿ ਉਹ ਅਲੱਗ ਅਲੱਗ ਰਾਜਨੀਤਿਕ ਪਾਰਟੀਆਂ ਦੀ ਨੁਮਾਇੰਦਗੀ ਕਰਦੇ ਹਨ ਅਤੇ ਵੱਖ ਵੱਖ ਵਿਚਾਰਧਾਰਾ ਵੀ ਰੱਖਦੇ ਹਨ। ਪਰ ਨਿੱਜੀ ਤੌਰ ’ਤੇ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਵੀ ਕੜਵਾਹਟ ਤੋਂ ਬਿਨ੍ਹਾਂ ਵਿਚਾਰਾਂ ਦੇ ਅਧਾਰ ’ਤੇ ਰਾਜਨੀਤੀ ਕਰਨੀ ਚਾਹੀਦੀ ਹੈ। ਵੱਖ ਵੱਖ ਨੇਤਾਵਾਂ ਨੇ ਆਪਣੀ ਆਪਣੀਆਂ ਪਾਰਟੀਆਂ ਦੇ ਪ੍ਰਚਾਰ ਦੌਰਾਨ ਕੰਪਨੀ ਬਾਗ ਵਿਖੇ ਸਵੇਰ ਦੀ ਸੈਰ ਕਰਨ ਵਾਲੇ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ। ਛੀਨਾ ਨੇ ਕਿਹਾ ਕਿ ਪਿਛਲੇ 12 ਸਾਲ ’ਚ ਇੱਥੋਂ ਲੋਕ ਸਭਾ ਦੇ ਨੁਮਾਇੰਦਿਆਂ ਨੇ ਹਲਕੇ ਨੂੰ ਅਣਗੌਲਿਆ ਕੀਤਾ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਖ਼ੇਤਰ ’ਚ ਗਾਇਬ ਰਹੇ। ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਦਾ ਮੁੱਖ ਫਰਜ਼ ਲੋਕਾਂ ’ਚ ਵਿਚਰ ਕੇ ਉਨ੍ਹਾਂ ਦੀਆਂ ਦੁਖ ਤਕਲੀਫ਼ਾਂ ਸਾਂਝੀਆਂ ਕਰਨਾ ਅਤੇ ਜਨਤਾ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲੱਭਣਾ ਹੁੰਦਾ ਹੈ। ਉਨ੍ਹਾਂ ਆਪਣੇ ਵਿਕਾਸ ਦੇ ਏਜੰਡੇ ’ਤੇ ਚੋਣ ਲੜਣ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਕਿਹਾ ਕਿ ਅੰਮ੍ਰਿਤਸਰ ਪਵਿੱਤਰ ਨਗਰੀ ਨੂੰ ਦੁਨੀਆ ਦੇ ਨਕਸ਼ੇ ’ਤੇ ਸੈਰ ਸਪਾਟਾ ਅਤੇ ਵਪਾਰਿਕ ਕੇਂਦਰ ਵਜੋਂ ਵਿਕਸਿਤ ਕਰਨਾ ਉਨ੍ਹਾਂ ਦਾ ਮੁੱਖ ਮਕਸਦ ਹੋਵੇਗਾ।
Punjab Post Daily Online Newspaper & Print Media