ਅੰਮ੍ਰਿਤਸਰ, 14 ਜੂਨ (ਪ੍ਰੀਤਮ ਸਿੰਘ)- ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਮੈਨੇਜ਼ਿੰਗ ਕਮੇਟੀ ਨੇ ਅੱਜ ਇਤਿਹਾਸਕ ਖਾਲਸਾ ਕਾਲਜ ਦੇ ਲਈ ਉੱਘੇ ਪੰਜਾਬੀ ਵਿਦਵਾਨ ਡਾ. ਮਹਿਲ ਸਿੰਘ ਨੂੰ ਪ੍ਰਿੰਸੀਪਲ ਦੇ ਅਹੁੱਦੇ ‘ਤੇ ਨਿਯੁਕਤ ਕਰ ਲਿਆ। ਪ੍ਰਿੰਸੀਪਲ ਦੇ ਅਹੁਦੇ ਦੀ ਚੋਣ ਲਈ ਗਠਿਤ ਕਮੇਟੀ ਨੇ ਡਾ. ਮਹਿਲ ਸਿੰਘ ਨੂੰ ਯੋਗ ਉਮੀਦਵਾਰ ਐਲਾਨਿਆ, ਜਿਸ ਉਪਰੰਤ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਉਨ੍ਹਾਂ ਨੂੰ ਅਹੁੱਦੇ ‘ਤੇ ਨਿਯੁਕਤ ਕਰ ਦਿੱਤਾ। ਡਾ. ਮਹਿਲ ਸਿੰਘ ਜੋ ਕਿ ਇਸ ਸਮੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਵੇਰਕਾ ਦੇ ਪ੍ਰਿੰਸੀਪਲ ਵਜੋਂ ਸੇਵਾ ਨਿਭਾਅ ਰਹੇ ਹਨ, ਜਲਦ ਹੀ ਆਪਣਾ ਅਹੁੱਦਾ ਸੰਭਾਲਣਗੇ। ਡਾ. ਮਹਿਲ ਸਿੰਘ ਪੰਜਾਬੀ ਭਾਸ਼ਾ ‘ਚ 7 ਪੁਸਤਕਾਂ ਜਿੰਨ੍ਹਾਂ ‘ਚ ‘ਮੁੱਢਲਾ ਪੰਜਾਬੀ ਨਾਵਲ’, ‘ਪੰਜਾਬੀ ਨਾਵਲ ਦਾ ਸਮਾਜ ਇਤਿਹਾਸਕ ਅਧਿਐਨ’, ‘ਜੀਵਨ ਸੰਤ ਬਾਬਾ ਤਾਰਾ ਸਿੰਘ’ ਅਤੇ ‘ਦਲਿਤ ਚੇਤਨ : ਸਿਧਾਂਤ ਤੇ ਵਿਹਾਰ (ਸੰਪਾਦਕ)’ ਆਦਿ ਪ੍ਰਮੁੱਖ ਹਨ, ਲਿਖ ਚੁੱਕੇ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਖੋਜ਼ ਪੱਤਰ ਵੀ ਲਿਖ ਚੁੱਕੇ ਹਨ ਅਤੇ ਉਨ੍ਹਾਂ ਦਾ ਪ੍ਰਿੰਸੀਪਲ ਦੇ ਅਹੁੱਦੇ ‘ਤੇ ਕੰਮ ਕਰਨ ਦਾ 16 ਸਾਲ ਦਾ ਲੰਮਾ ਤਜ਼ਰਬਾ ਹਾਸਲ ਹੈ ਅਤੇ ਉਹ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ, ਸਰਹਾਲੀ ‘ਚ ਪ੍ਰੋਫ਼ੈਸਰ ਅਤੇ ਪ੍ਰਿੰਸੀਪਲ ਦੇ ਅਹੁੱਦੇ ‘ਤੇ ਕੰਮ ਕਰ ਚੁੱਕੇ ਹਨ। ਪੰਜਾਬੀ ‘ਚ ਐੱਮ. ਏ. ਤੋਂ ਇਲਾਵਾ ਡਾ. ਮਹਿਲ ਸਿੰਘ ਪੀ. ਐੱਚ. ਡੀ. ਦੀ ਡਿਗਰੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕਰ ਚੁੱਕੇ ਹਨ। ਇਸ ਦੌਰਾਨ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਤੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਡਾ. ਮਹਿਲ ਸਿੰਘ ਪ੍ਰਿੰਸੀਪਲ ਦੇ ਅਹੁੱਦੇ ‘ਤੇ ਕੰਮ ਕਰਨ ਦੀ ਵਧੇਰੇ ਸਮੇਂ ਤੋਂ ਮੁਹਾਰਤ ਰੱਖਦੇ ਹਨ ਅਤੇ ਇਕ ਨਿਪੁੰਨ ਅਧਿਆਪਕ ਤੋਂ ਇਲਾਵਾ ਉਹ ਵਧੀਆ ਪ੍ਰਸ਼ਾਸ਼ਕ ਵੀ ਹਨ ਅਤੇ ਉਨ੍ਹਾਂ ਨੂੰ ਆਸ ਹੈ ਕਿ ਉਹ ਇਸ ਇਤਿਹਾਸਕ ਕਾਲਜ ਦੀ ਸੇਵਾ ਨਿਭਾਉਣ ‘ਚ ਸਫ਼ਲ ਹੋਣਗੇ। ਵਰਨਣਯੋਗ ਹੈ ਕਿ ਡਾ. ਦਲਜੀਤ ਸਿੰਘ 2005 ਤੋਂ ਸਾਲ ਤੋਂ ਪ੍ਰਿੰਸੀਪਲ ਵਜੋਂ ਸੇਵਾ ਨਿਭਾਅ ਰਹੇ ਸਨ ਅਤੇ ਉਹ ਮਾਰਚ ‘ਚ ਸੇਵਾਮੁਕਤੀ ਉਪਰੰਤ ਅਗਲੇ ਹੁਕਮਾਂ ਤੱਕ ਪ੍ਰਿੰਸੀਪਲ ਦੇ ਅਹੁਦੇ ‘ਤੇ ਬਿਰਾਜਮਾਨ ਸਨ। ਇਸ ਮੌਕੇ ਨਵਨਿਯੁਕਤ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਪ੍ਰਧਾਨ ਸ: ਸੱਤਿਆਜੀਤ ਸਿੰਘ, ਸ: ਰਜਿੰਦਰ ਮੋਹਨ ਸਿੰਘ ਛੀਨਾ ਅਤੇ ਸਮੂੰਹ ਮੈਨੇਜ਼ਮੈਂਟ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਕਾਲਜ ਦੀ ਚੜ੍ਹਦੀ ਕਲਾ ਅਤੇ ਉਨਤੀ ਤੇ ਤਰੱਕੀ ਲਈ ਦਿਨ-ਰਾਤ ਇਕ ਕਰ ਦੇਣਗੇ। ਉਨ੍ਹਾਂ ਕਿਹਾ ਕਿ ਕੌਂਸਲ ਨੂੰ ਜੋ ਉਮੀਦਾਂ ਉਨ੍ਹਾਂ ਤੋਂ ਹਨ, ਉਹ ਉਸ ‘ਤੇ ਖਰਾ ਉਤਰਣ ਲਈ ਸਖ਼ਤ ਤੋਂ ਸਖ਼ਤ ਮਿਹਨਤ ਕਰਕੇ ਕਾਲਜ ਲਈ ਨਵੀਆਂ ਉਪਲਬੱਧੀਆ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਜੁਆਇੰਟ ਸਕੱਤਰ (ਫ਼ਾਇਨਾਂਸ) ਸ: ਗੁਨਬੀਰ ਸਿੰਘ ਅਤੇ ਜੁਆਇੰਟ ਸਕੱਤਰ ਸ: ਰਾਜਬੀਰ ਸਿੰਘ ਆਦਿ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …