ਨਵੀਂ ਦਿੱਲੀ, 28 ਜਨਵਰੀ (ਪੰਜਾਬ ਪੋਸਟ ਬਿਊਰੋ)- ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਊ ਦੀ ਕਾਰ ਸੇਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਰੰਭ ਕਰ ਦਿੱਤੀ ਹੈ।ਬੀਤੇ ਵਰ੍ਹੇ 6 ਅਪ੍ਰੈਲ ਨੂੰ ਦਿੱਲੀ ਸਰਕਾਰ ਦੀ ਕਾਰਵਾਈ ਦੌਰਾਨ ਪਿਆਊ ਨੂੰ ਢਾਹੁਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਤੋਂ ਬਾਅਦ ਸੰਗਤਾਂ ਵੱਲੋਂ 2 ਘੰਟੇ ਉਪਰੰਤ ਹੀ ਪਿਆਊ ਦੀ ਮੁੜ੍ਹ ਉਸਾਰੀ ਕੀਤੀ ਗਈ ਸੀ।ਅਦਾਲਤੀ ਰੇੜਕਾ ਮੁੱਕਣ ਉਪਰੰਤ ਹੁਣ ਦਿੱਲੀ ਕਮੇਟੀ ਵੱਲੋਂ ਦਿੱਲੀ ਹਾਈਕੋਰਟ ਵੱਲੋਂ ਪਾਸ ਕੀਤੇ ਗਏ ਨਕਸ਼ੇ ਮੁਤਾਬਿਕ ਪਿਆਊ ਦੀ ਮੁੜ੍ਹ ਉਸਾਰੀ ਅਤੇ ਨਵੀਂਨੀਕਰਨ ਦੀ ਕਾਰਸੇਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਮੌਜੂਦਗੀ ’ਚ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਵੱਲੋਂ ਸ਼ੁਰੂ ਕੀਤੀ ਗਈ।

ਇਸ ਸਮੇਂ ਜੀ.ਕੇ ਨੇ ਕਿਹਾ ਕਿ ਅੱਜ ਦਾ ਦਿਨ ਇਤਹਾਸਿਕ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਵੱਲੋਂ ਗਰੀਬ ਗੁਰਬੇ ਦੀ ਮਦਦ ਲੰਗਰ ਅਤੇ ਜਲ ਦੀ ਸੇਵਾ ਨਾਲ ਕਰਨ ਦਾ ਜੋ ਫਲਸਫ਼ਾ ਲੋੜਵੰਦ ਦੀ ਬਾਂਹ ਫੜਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਸੀ, ਉਹ ਅੱਜ ਸ਼ਹੀਦੀ ਅਸਥਾਨ ਤੇ ਫਿਰ ਤੋਂ ਹਮੇਸ਼ਾ ਲਈ ਚਲਦੇ ਰਹਿਣ ਦੀ ਦਿਸ਼ਾ ਵੱਲ ਵੱਧ ਰਿਹਾ ਹੈ। ਮਜਲੂਮ ਦੀ ਰੱਖਿਆ ਅਤੇ ਲੋੜਵੰਦ ਦੀ ਮਦਦ ਦੇ ਪ੍ਰਤੀਕ ਵੱਜੋਂ ਪਿਆਊ ਦੀ ਉਸਾਰੀ ਨੂੰ ਵੇਖਣ ਦੀ ਜੀ.ਕੇ ਨੇ ਸੰਗਤਾਂ ਨੂੰ ਤਾਕੀਦ ਕੀਤੀ।ਉਨਾਂ ਨੇ 15 ਦਿਨਾਂ ਉਪਰੰਤ ਨਵੇਂ ਬਣੇ ਪਿਆਊ ਦਾ ਉਦਘਾਟਨ ਕਰਨ ਦਾ ਵੀ ਐਲਾਨ ਕੀਤਾ।
ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਇਸ ਔਖੀ ਘੜੀ ਦੌਰਾਨ ਸਹਿਯੋਗ ਦੇਣ ਵਾਲੇ ਕਮੇਟੀ ਸਟਾਫ਼ ਦੀ ਸ਼ਲਾਘਾ ਕੀਤੀ। ਰਾਣਾ ਨੇ ਕਿਹਾ ਕਿ ਪਿਆਊ ’ਤੇ ਸਿਆਸਤ ਕਰਨ ਵਾਲਿਆਂ ਨੂੰ ਵੀ ਆਪਣੇ ਝੂਠੇ ਆਰੋਪਾਂ ਦੇ ਜਮੀਨਦੋਜ਼ ਹੋਣ ’ਤੇ ਪਸ਼ਚਾਤਾਪ ਵੱਜੋਂ ਗੁਰੂ ਸਾਹਿਬ ਤੋਂ ਮੁਆਫੀ ਮੰਗਣੀ ਚਾਹੀਦੀ ਹੈ।ਇਸ ਮੌਕੇ ਕਮੇਟੀ ਦੇ ਕਾਰਜਕਾਰੀ ਜਨਰਲ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਨੇ ਆਏ ਹੋਏ ਸਮੂਹ ਪਤਿਵੰਤਿਆਂ ਨੂੰ ਸਿਰੋਪਾਊ ਅਤੇ ਸ਼੍ਰੀ ਸਾਹਿਬ ਭੇਂਟ ਕਰਕੇ ਸਨਮਾਨਿਤ ਕੀਤਾ। ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ ਅਤੇ ਦਿੱਲੀ ਕਮੇਟੀ ਮੈਂਬਰ ਗੁਰਦੇਵ ਸਿੰਘ ਭੋਲਾ, ਜਸਬੀਰ ਸਿੰਘ ਜੱਸੀ, ਬੀਬੀ ਧੀਰਜ ਕੌਰ, ਹਰਦੇਵ ਸਿੰਘ ਧਨੋਆ ਤੇ ਅਮਰਜੀਤ ਸਿੰਘ ਪਿੰਕੀ ਇਸ ਮੌਕੇ ਮੌਜੂਦ ਸਨ।
Punjab Post Daily Online Newspaper & Print Media