ਨਵੀਂ ਦਿੱਲੀ, 28 ਜਨਵਰੀ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋਣ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਨੇ ਕਮਰਕੱਸੇ ਕਰ ਲਏ ਹਨ। ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਅਗਵਾਈ ਹੇਠ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਵਿਸ਼ੇਸ਼ ਕਾਰਜਸ਼ਾਲਾ ‘ਅਕਾਲੀ ਪਰਿਵਾਰ ਦੇ ਨਾਲ ਪੰਥਕ ਚਰਚਾ’ ਵਿਸ਼ੇ ’ਤੇ ਮਾਤਾ ਸੁੰਦਰੀ ਕਾਲਜ ਵਿਖੇ ਲਗਾਈ ਗਈ।ਮਾਤਾ ਸਾਹਿਬ ਕੌਰ ਆਡੀਟੋਰੀਅਮ ਵਿਖੇ ਹੋਈ ਕਾਰਜਸ਼ਾਲਾ ਦੌਰਾਨ ਕਮੇਟੀ ਆਗੂਆਂ ਨੇ ਵੱਖ-ਵੱਖ ਖੇਤਰਾਂ ਵਿਚ ਕਮੇਟੀ ਵੱਲੋਂ ਬੀਤੇ 4 ਸਾਲ ਦੌਰਾਨ ਕੀਤੇ ਗਏ ਕਾਰਜਾਂ ਦਾ ਰਿਪੋਰਟ ਕਾਰਡ ਪਾਰਟੀ ਅਹੁਦੇਦਾਰਾਂ ਦੇ ਸਾਹਮਣੇ ਰੱਖਿਆ।
ਪਾਰਟੀ ਦੀ ਦੂਜੀ ਅਤੇ ਤੀਜ਼ੀ ਪੰਕਤੀ ਦੀ ਲੀਡਰਸ਼ਿਪ ਤਿਆਰ ਕਰਨ ਦੇ ਟੀਚੇ ਨਾਲ ਜੀ.ਕੇ. ਵੱਲੋਂ ਸਮੂਹ ਆਗੂਆਂ ਨੂੰ ਭਰਵੇਂ ਇੱਕਠ ਨੂੰ ਸੰਬੋਧਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।ਜਿਸ ਕਰਕੇ ਕਮੇਟੀ ਦੇ ਵਿਭਾਗ ਮੁੱਖੀਆਂ ਦੇ ਨਾਲ ਹੀ ਪਾਰਟੀ ਆਗੂਆਂ ਵੱਲੋਂ ਆਪਣੇ ਵਿਚਾਰ ਰੱਖੇ ਗਏ।ਜੀ.ਕੇ ਤੋਂ ਇਲਾਵਾ ਦਲ ਦੇ ਸਕੱਤਰ ਜਨਰਲ ਹਰਮੀਤ ਸਿੰਘ ਕਾਲਕਾ ਨੇ ਸਕੂਲੀ ਸਿੱਖਿਆ, ਕੁਲਦੀਪ ਸਿੰਘ ਭੋਗਲ ਨੇ ਬਾਲਾ ਸਾਹਿਬ ਹਸਪਤਾਲ, ਕਾਰਜਕਾਰੀ ਜਨਰਲ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਨੇ ਸਟਾਫ਼ ਭਲਾਈ, ਤ੍ਰਿਲੋਚਨ ਸਿੰਘ ਨੇ ਖਾਲਸਾ ਕਾਲਜਾਂ ਨੂੰ ਘਟਗਿਣਤੀ ਦਰਜਾ ਮਿਲਣ, ਪਰਮਜੀਤ ਸਿੰਘ ਰਾਣਾ ਨੇੇ ਧਰਮ ਪ੍ਰਚਾਰ, ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ ਨੇ ਕੁਦਰਤੀ ਆਫ਼ਤ, ਤਨਵੰਤ ਸਿੰਘ ਨੇ ਬਿਲਡਿੰਗ ਵਿਭਾਗ, ਪਰਮਜੀਤ ਸਿੰਘ ਚੰਢੋਕ ਨੇ ਯਾਤਰਾ, ਪਰਮਿੰਦਰ ਪਾਲ ਸਿੰਘ ਨੇ ਸ਼ੋਸ਼ਲ ਮੀਡੀਆ ਦੀ ਚੁਨੌਤੀ, ਜਸਵਿੰਦਰ ਸਿੰਘ ਜੌਲੀ ਨੇ ਕਾਨੂੰਨੀ ਲੜਾਈ, ਵਿਕਰਮ ਸਿੰਘ ਨੇ ਆਈ.ਟੀ ਸੁਧਾਰ, ਬੀਬੀ ਰਣਜੀਤ ਕੌਰ ਨੇ ਘਟਗਿਣਤੀ ਭਲਾਈ ਸਕੀਮਾਂ, ਖਜਿੰਦਰ ਸਿੰਘ ਨੇ ਅਫ਼ਗਾਨੀ ਸਿੱਖਾਂ ਦੀ ਨਾਗਰਿਕਤਾ ਅਤੇ ਸਤਬੀਰ ਸਿੰਘ ਗਗਨ ਨੇ ਨੌਜਵਾਨਾਂ ਦੇ ਲਈ ਕਮੇਟੀ ਵੱਲੋਂ ਕੀਤੇ ਗਏ ਕਾਰਜਾਂ ਦੀ ਜਾਣਕਾਰੀ ਦਿੱਤੀ।

ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ ਨੇ ਸਟੇਜ਼ ਸਕੱਤਰ ਦੀ ਸੇਵਾ ਨਿਭਾਈ। ਬੁਲਾਰਿਆਂ ਵੱਲੋਂ ਬੋਲਣ ਦੇ ਦੌਰਾਨ ਪਿੱਛੇ ਸਲਾਇਡ ’ਤੇ ਹਰ ਵਿਭਾਗ ਵੱਲੋਂ ਕੀਤੀਆਂ ਗਈਆਂ ਮੁੱਖ ਕਾਰਗੁਜਾਰੀਆਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ।1984 ਦੀ ਯਾਦਗਾਰ ਦਾ ਨੀਂਹ ਪੱਥਰ 2013 ’ਚ ਕੇਂਦਰ ਦੀ ਕਾਂਗਰਸ ਸਰਕਾਰ ਦੌਰਾਨ ਰੱਖਣ ਦਾ ਹਵਾਲਾ ਦਿੰਦੇ ਹੋਏ ਜੀ.ਕੇ ਨੇ ਖੁਲਾਸਾ ਕੀਤਾ ਕਿ ਸਿੱਖ ਭਾਵਨਾਵਾਂ ਦੇ ਭੜਕਨ ਦਾ ਹਵਾਲਾ ਦੇ ਕੇ ਸਾਡੀ ਕਮੇਟੀ ਨੂੰ ਬਰਖ਼ਾਸ਼ਤ ਕਰਨ ਦੀ ਵਿਊਂਤਬੰਦੀ ਵੀ ਹੋਈ ਸੀ ਪਰ ਹੁਣ ਤਸੱਲੀ ਹੈ ਕਿ ਸਾਡੇ ਵੱਲੋਂ ਚੁੱਕਿਆ ਗਿਆ ਜ਼ੋਖਿਮ ਕੌਮ ਦਾ ਇੱਕ ਇਤਿਹਾਸਕ ਦਸਤਾਵੇਜ ਬਣ ਕੇ ਸਮੁੱਚੀ ਦੁਨੀਆਂ ਨੂੰ ਕਾਂਗਰਸ ਸਰਕਾਰ ਦੀ ਕਤਲੇਆਮ ’ਚ ਸ਼ਮੂਲੀਅਤ ਦੀ ਸੱਚਾਈ ਨੂੰ ਸਦੀਆਂ ਤਕ ਬਿਆਨ ਕਰਦਾ ਰਹੇਗਾ। ਦਸ਼ਮ ਬਾਣੀ ’ਤੇ ਕਿੰਤੂ ਕਰਨ ਵਾਲਿਆਂ ਦੇ ਪਿੱਛੇ ਪਾਕਿਸਤਾਨ ਸਰਕਾਰ ਦੀ ਸਾਜਿਸ਼ ਹੋਣ ਦਾ ਖਦਸਾ ਪ੍ਰਗਟਾਉਂਦੇ ਹੋਏ ਜੀ.ਕੇ ਨੇ ਕਿਹਾ ਕਿ ਅਸੀਂ ਲੱਫਾਜ਼ੀ ਨਹੀਂ ਕੀਤੀ ਸਗੋਂ ਕੰਮ ਕਰਕੇ ਵਿਖਾਏ ਹਨ।
ਨੋਟਬੰਦੀ ’ਤੇ ਲੰਗਰਾਂ ਵਿਚ ਵੱਧੀ ਸੰਗਤ ਦੀ ਹਾਜ਼ਰੀ ਬਾਰੇ ਨੈਸ਼ਨਲ ਮੀਡੀਆ ਵੱਲੋਂ ਕੀਤੀ ਗਈ ਕਵਰੇਜ਼ ਦਾ ਹਵਾਲਾ ਦਿੰਦੇ ਹੋਏ ਜੀ.ਕੇ ਨੇ ਤਸੱਲੀ ਪ੍ਰਗਟਾਈ ਕਿ ਹਰ ਆਫ਼ਤ ਦੌਰਾਨ ਕਮੇਟੀ ਮਨੁੱਖਤਾ ਦੇ ਨਾਲ ਖੜੀ ਸੀ। ਰਾਜੌਰੀ ਗਾਰਡਨ ਸਿੰਘ ਸਭਾ ਚੋਣਾਂ ’ਚ ਅਕਾਲੀ ਦਲ ਦੀ ਹੋਈ ਜਿੱਤ ਨੂੰ ਬੋਹਣੀ ਕਰਾਰ ਦਿੰਦੇ ਹੋਏ ਜੀ.ਕੇ. ਨੇ ਦਿੱਲੀ ਕਮੇਟੀ ਚੋਣਾਂ ਵੱਡੇ ਅੰਤਰ ਨਾਲ ਜਿਤਣ ਦਾ ਵੀ ਦਾਅਵਾ ਕੀਤਾ।ਜੀ.ਕੇ ਨੇ ਕਿਹਾ ਕਿ ਗੁਰੂ ਸਾਡੇ ਅੰਗ-ਸੰਗ ਹੈ, ਇਸ ਕਰਕੇ ਕੋਈ ਤਾਕਤ ਸਾਨੂੰ ਹਰਾ ਨਹੀਂ ਸਕਦੀ।ਬੀਤੇ ਕੁਝ ਦਿਨਾਂ ’ਚ ਅਚਾਨਕ ਬਦਲੇ ਘਟਨਾਕਰਮਾਂ ਨੂੰ ਲੜੀਵਾਰ ਜੋੜਦੇ ਹੋਏ ਜੀ.ਕੇ. ਨੇ 1984 ਯਾਦਗਾਰ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਦਾ ਉਦਘਾਟਨ, ਗੁਰਦੁਆਰਾ ਬੰਗਲਾ ਸਾਹਿਬ ਦਾ ਸੈਲਾਨੀਆਂ ਦੀ ਪਹਿਲੀ ਪਸੰਦ ਬਣਨਾ, ਬਾਲਾ ਸਾਹਿਬ ਹਸਪਤਾਲ ’ਚ ਕੈਂਸਰ ਕੇਅਰ ਯੂਨਿਟ ਸ਼ੁਰੂ ਹੋਣਾ, ਗੁਰਦੁਆਰਾ ਸੀਸ ਗੰਜ ਸਾਹਿਬ ਦੇ ਪਿਆਊ ਦਾ ਕੇਸ ਤੇ ਰਾਜੌਰੀ ਗਾਰਡਨ ਸਿੰਘ ਸਭਾ ਚੋਣ ਜਿੱਤਣ ਆਦਿਕ ਨੂੰ ਲਗਾਤਾਰ ਚੰਗੇ ਸੰਕੇਤਾਂ ਵਜੋਂ ਦੱਸਿਆ।
Punjab Post Daily Online Newspaper & Print Media