ਅੰਮ੍ਰਿਤਸਰ, 30 ਜਨਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਆਪਣੇ ਸਾਥੀਆਂ ਨਾਲ ਕੰਪਨੀ ਬਾਗ ਵਿਖੇ ਸਵੇਰ ਦੀ ਸੈਰ ਕੀਤੀ, ਇਸ ਮੌਕੇ ’ਤੇ ਉਨ੍ਹਾਂ ਨਾਲ ਵਿਧਾਨ ਸਭਾ ਹਲਕਾ ਉੱਤਰੀ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀ ਸੁਨੀਲ ਦੱਤੀ ਨੇ ਵੀ ਸਾਥ ਦਿੱਤਾ। ਸਵੇਰ ਦੀ ਸੈਰ ਸਮੇ ਔਜਲਾ ਨੇ ਕੰਪਨੀ ਬਾਗ ਵਿਚ ਮੌਜੂਦ ਸ਼ਹਿਰ ਵਾਸੀਆਂ ਨਾਲ ਦਿਲ ਦੀਆਂ ਗੱਲਾਂ ਕੀਤੀਆਂ ਤੇ ਉਨ੍ਹਾਂ ਸ੍ਰ ਔਜਲਾ ਕੋਲੋਂ ਭਵਿੱਖ ਦੀ ਰਾਜਨੀਤੀ ਬਾਰੇ ਜਾਣਕਾਰੀ ਹਾਸਲ ਕੀਤੀ।
ਔਜਲਾ ਨੇ ਸ਼ਹਿਰ ਵਾਸੀਆਂ ਨਾਲ ਗੱਲ ਕਰਦਿਆਂ ਕਿਹਾ ਕਿ ਸਵੇਰ ਦੀ ਸੈਰ ਮਨੁੱਖ ਦਾ ਸਾਰਾ ਦਿਨ ਤਰੋਤਾਜ਼ਾ ਕਰਦੀ ਹੈ। ਸ਼ਹਿਰ ਵਿਚ ਦਿਨੋ ਦਿਨ ਵੱਧ ਰਹੇ ਪ੍ਰਦੂਸ਼ਣ ’ਤੇ ਚਿੰਤਾ ਦਾ ਪ੍ਰਗਟਾਵਾਂ ਕਰਦਿਆਂ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਰਖਣ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਵੱਧ ਰਹੀ ਅਬਾਦੀ ਕਾਰਨ ਬਾਗ ਘੱਟ ਰਹੇ ਹਨ ਪਰ ਉਹ ਕੋਸ਼ਿਸ਼ ਕਰਨਗੇ ਕਿ ਨਵੀਆਂ ਥਾਵਾਂ ਦੀ ਭਾਲ ਕਰਵਾ ਕੇ ਹੋਰ ਬਾਗ ਲਗਾਏ ਜਾਣ ਤੇ ਪੁਰਾਣੇ ਬਾਗਾਂ ਦੀ ਖੂਬਸੂਰਤੀ ਲਈ ਵਿਸ਼ੇਸ ਕਦਮ ਚੁੱਕੇ ਜਾਣ। ਨੌਜਵਾਨਾਂ ਨਾਲ ਉਨ੍ਹਾਂ ਦੇ ਭਵਿੱਖ ਬਾਰੇ ਗੱਲ ਕਰਦਿਆਂ ਔਜਲਾ ਨੇ ਕਿਹਾ ਕਿ ਬਤੌਰ ਮੈਂਬਰ ਪਾਰਲੀਮੈਂਟ ਉਹ ਨੋਜਵਾਨਾਂ ਲਈ ਕਿੱਤਾ ਮੁਖੀ ਕੋਰਸਾਂ ਲਈ ਆਈ.ਟੀ.ਆਈ. ਅਤੇ ਹੋਰ ਨਵੇਂ ਕਾਲਜ ਖੋਲਣ ਲਈ ਕੇਂਦਰੀ ਫੰਡਾਂ ਦੀ ਵਰਤੋਂ ਕਰਨਗੇ ਤਾਂ ਕਿ ਪੜਾਈ ਤੋਂ ਬਾਅਦ ਨੌਜਵਾਨਾਂ ਨੂੰ ਰੋਜ਼ਗਾਰ ਦੀ ਚਿੰਤਾ ਨਾ ਰਹੇ। ਉਨ੍ਹਾਂ ਕਿਹਾ ਕਿ ਸਕਿਲ ਡਿਵੈਲਪਮੈਂਟ ਵੱਲ ਧਿਆਨ ਦਿੱਤਾ ਜਾਵੇਗਾ।
ਔਜਲਾ ਨੇ ਅਪੀਲ ਕੀਤੀ ਕਿ 4 ਫਰਵਰੀ ਨੂੰ ਪੰਜਾਬ ਨਾਲ ਪਿਆਰ ਕਰਨ ਵਾਲਾ ਹਰ ਪੰਜਾਬੀ ਕਾਂਗਰਸ ਦੇ ਹੱਕ ਵਿਚ ਭੁਗਤੇ ਤਾਂ ਕਿ ਪੰਜਾਬ ਨੂੰ ਕਾਲੇ ਬੱਦਲਾਂ ਤੋਂ ਬਚਾਇਆ ਜਾ ਸਕੇ।
ਹਰ ਇੱਕ ਦੇ ਦਿਲ ’ਚ ਘਰ ਕਰ ਗਿਆ ਗੁਰਜੀਤ ਔਜਲਾ
ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਜਦ ਕੰਪਨੀ ਬਾਗ ਪੁੱਜੇ ਤਾਂ ਸੈਲਫੀਆਂ ਲੈਣ ਦਾ ਦੌਰ ਸ਼ੁਰੂ ਹੋ ਗਿਆ, ਨੌਜਵਾਨ, ਬੱਚੇ ਬਜ਼ੁਰਗ ਆਦਿ ਗੁਰਜੀਤ ਸਿੰਘ ਔਜਲਾ ਨਾਲ ਸੈਲਫੀ ਲੈਣ ਲਈ ਉਤਾਵਲੇ ਨਜ਼ਰ ਆਏ। ਔਜਲਾ ਨੇ ਕਿਸੇ ਨੂੰ ਨਰਾਜ਼ ਨਹੀ ਕੀਤਾ ਤੇ ਹਰ ਇਕ ਨਾਲ ਸੈਲਫੀ ਖਿਚਵਾਈ। ਕੰਪਨੀ ਬਾਗ ਵਿਚ ਮੌਜੂਦ ਨੌਜਵਾਨਾਂ ਨੂੰ ਗੁਰਜੀਤ ਵਿੱਚੋਂ ਆਪਣੇ ਵੱਡੇ ਭਰਾ ਦਾ ਅਕਸ ਨਜ਼ਰ ਆ ਰਿਹਾ ਸੀ ਤੇ ਉਨ੍ਹਾਂ ਆਪਣੇ ਵੱਡੇ ਭਰਾ ਨੂੰ ਆਪਣੀਆਂ ਸਾਰੀਆਂ ਦੁਖ ਤਕਲੀਫਾਂ ਦਿਲ ਖੋਹਲ ਕੇ ਦੱਸੀਆਂ। ਬਜ਼ੁਰਗਾਂ ਨੂੰ ਗੁਰਜੀਤ ਦੇ ਰੂਪ ਵਿਚ ਆਪਣਾ ਪੁੱਤਰ ਨਜ਼ਰ ਆ ਰਿਹਾ ਸੀ, ਬੁਢਾਪਾ ਪੈਨਸ਼ਨ ਨਾ ਮਿਲਣ ਕਾਰਨ ਪ੍ਰੇਸ਼ਾਨ ਕੁਝ ਬਜ਼ੁਰਗਾਂ ਨੇ ਆਪਣੀ ਤਕਲੀਫ ਤੋ ਜਾਣੂ ਕਰਵਾਇਆ ਤਾਂ ਗੁਰਜੀਤ ਸਿੰਘ ਔਜਲਾ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਕਿ ਉਹ ਇਸ ਬਾਰੇ 11 ਮਾਰਚ ਤੋਂ ਬਾਅਦ ਪਹਿਲ ਦੇ ਅਧਾਰ ’ਤੇ ਸਰਕਾਰ ਕੋਲੋਂ ਕੰਮ ਕਰਵਾਉਣਗੇ।
Punjab Post Daily Online Newspaper & Print Media