ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ ਬਿਊਰੋ) – ਤਰਕਸ਼ੀਲ ਸੁਸਾਇਟੀ ਪੰਜਾਬ ਅੰਮ੍ਰਿਤਸਰ ਇਕਾਈ ਦੀ ਮੈਡੀਕਲ ਐਨਕਲੇਵ ਵਿਖੇ ਹੋਈ ਮਹੀਨਾਵਾਰ ਬੈਠਕ ਵਿਚ ਜਮਹੂਰੀਅਤ ਅਤੇ ਫਿਰਕੂ ਸਿਆਸਤ ਵਿਸ਼ੇ ਉਤੇ ਭਰਪੂਰ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕੇਂਦਰੀ ਚੋਣ ਕਮਿਸ਼ਨ ਤੋਂ ਮੰਗ ਕੀਤੀ ਗਈ ਕਿ ਧਰਮ, ਜਾਤ ਤੇ ਡੇਰਾਵਾਦ ਦੀ ਫਿਰਕੂ ਰਾਜਨੀਤੀ ਕਰਨ ਵਾਲੀਆਂ ਸਿਆਸੀ ਪਾਰਟੀਆਂ ਦੀ ਮਾਨਤਾ ਰੱਦ ਕੀਤੀ ਜਾਵੇ ਅਤੇ ਸਿਆਸੀ ਚੋਣ ਮਨੋਰਥ ਪੱਤਰਾਂ ਨੂੰ ਕਾਨੂੰਨੀ ਦਾਇਰੇ ਹੇਠ ਲਿਆਂਦਾ ਜਾਵੇ। 
ਇਸ ਸਬੰਧੀ ਉਘੇ ਚਿੰਤਕ ਡਾ. ਸ਼ਾਮ ਸੁੰਦਰ ਦੀਪਤੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮੌਜੂਦਾ ਭਾਰਤੀ ਸਿਆਸਤ ਵਿਚ ਅਪਰਾਧੀਆਂ, ਧਾਰਮਿਕ ਕੱਟੜਵਾਦੀਆਂ, ਵੱਡੇ ਪੂੰਜੀਪਤੀਆਂ, ਬਾਹੂਬਲੀਆਂ ਅਤੇ ਭ੍ਰਿਸ਼ਟ ਆਗੂਆਂ ਦੀ ਘੁਸਪੈਠ ਹੋਣ ਕਰਕੇ ਮੌਜੂਦਾ ਰਾਜ ਪ੍ਰਬੰਧ ਪੂਰੀ ਤਰ੍ਹਾਂ ਲੋਕ ਵਿਰੋਧੀ, ਭ੍ਰਿਸ਼ਟ ਅਤੇ ਫਿਰਕੁ ਹੁੰਦਾ ਜਾ ਰਿਹਾ ਹੈ। ਇਹ ਵਜ੍ਹਾ ਹੈ ਕਿ ਆਜਾਦੀ ਦੇ 70 ਸਾਲਾਂ ਬਾਅਦ ਵੀ ਦੇਸ਼ ਵਿਚ ਲੋਕਤੰਤਰ ਅਤੇ ਸੰਵਿਧਾਨ ਨੂੰ ਸਹੀ ਅਰਥਾਂ ਵਿਚ ਲਾਗੂ ਨਹੀਂ ਕੀਤਾ ਗਿਆ ਅਤੇ ਕਰੋੜਾ ਆਮ ਲੋਕ ਸਿਖਿਆ, ਸਿਹਤ ਅਤੇ ਰੁਜ਼ਗਾਰ ਦੀਆਂ ਬੁਨਿਆਦੀ ਸਹੂਲਤਾਂ ਨੂੰ ਵੀ ਤਰਸ ਰਹੇ ਹਨ।
ਇਸ ਮੌਕੇ ਸੁਸਾਇਟੀ ਦੇ ਜਥੇਬੰਦਕ ਮੁਖੀ ਸੁਮੀਤ ਸਿੰਘ ਨੇ ਕਿਹਾ ਕਿ ਬੇਸ਼ਕ ਭਾਰਤੀ ਸੰਵਿਧਾਨ ਵਿਚ ਜਮਹੂਰੀਅਤ ਦੀ ਮਜ਼ਬੂਤੀ ਲਈ ਚੋਣਾਂ ਦਾ ਸਿਸਟਮ ਲਾਗੂ ਕੀਤਾ ਗਿਆ ਹੈ। ਪਰ ਮੌਜੂਦਾ ਭ੍ਰਿਸ਼ਟ ਅਤੇ ਲੋਟੂ ਰਾਜ ਪ੍ਰਬੰਧ ਬਦਲੇ ਬਗੈਰ ਸਾਮਰਾਜਪੱਖੀ ਹਾਕਮ ਜਮਾਤਾਂ ਵਲੋਂ ਪੰਜ ਸਾਲ ਬਾਅਦ ਚੋਣਾਂ ਕਰਾਉਣ ਦੀ ਖਾਨਾਪੂਰਤੀ ਨੂੰ ਅਸਲ ਜਮਹੂਰੀਅਤ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਭਾਰਤੀ ਹੁਕਮਰਾਨਾਂ ਉਤੇ ਦੋਸ਼ ਲਾਇਆ ਕਿ ਮੌਜੂਦਾ ਸੰਵਿਧਾਨ ਅਤੇ ਚੋਣ ਸਿਸਟਮ ਤਹਿਤ ਰਾਜ ਸੱਤਾ ਦੀ ਸਿਰਫ ਸਿਆਸੀ ਤਬਦੀਲੀ ਹੀ ਕੀਤੀ ਜਾਂਦੀ ਹੈ ਅਤੇ ਲੋਕ ਵਿਰੋਧੀ ਤੇ ਭ੍ਰਿਸ਼ਟ ਢਾਂਚੇ ਨੂੰ ਬਦਲਣ ਦੀ ਨੀਤੀ ਅਤੇ ਨੀਅਤ ਨੂੰ ਲਾਗੂ ਨਹੀਂ ਕੀਤੀ ਜਾਂਦੀ, ਜਿਸ ਕਾਰਨ ਆਮ ਲੋਕਾਂ ਦਾ ਅਖੌਤੀ ਲੋਕਤੰਤਰ ਤੋਂ ਵਿਸ਼ਵਾਸ ਉਠਦਾ ਜਾ ਰਿਹਾ ਹੈ।
ਐਡਵੋਕੇਟ ਅਮਰਜੀਤ ਬਾਈ ਨੇ ਕਿਹਾ ਕਿ ਜਿਸ ਜਮਹੂਰੀਅਤ ਵਿਚ ਸਿਆਸੀ ਪਾਰਟੀਆਂ ਵਲੋਂ ਚੋਣਾਂ ਵਿਚ ਨੋਟਾਂ, ਨਸ਼ਿਆਂ, ਲਾਲਚਾਂ, ਧਮਕੀਆਂ, ਡਰਾਵਿਆਂ, ਝੂਠੇ ਵਾਅਦਿਆਂ, ਧਰਮ, ਜਾਤ-ਪਾਤ ਅਤੇ ਡੇਰਾਵਾਦੀਆਂ ਦੇ ਦਬਾਅ ਹੇਠ ਵੋਟਾਂ ਬਟੋਰੀਆਂ ਜਾਂਦੀਆਂ ਹੋਣ, ਉਥੇ ਲੋਕਪੱਖੀ ਤੇ ਇਨਸਾਫਪਸੰਦ ਜਮਹੂਰੀ ਨਿਜਾਮ ਸਥਾਪਤ ਹੋਣ ਦੀ ਆਸ ਨਹੀਂ ਕੀਤੀ ਜਾ ਸਕਦੀ। ਤਰਕਸ਼ੀਲ ਆਗੂ ਸੁਖਮੀਤ ਸਿੰਘ ਨੇ ਕਿਹਾ ਕਿ ਜਦ ਤਕ ਵਿਸ਼ਵ ਵਪਾਰ ਸੰਗਠਨ ਅਤੇ ਵਿਸ਼ਵ ਬੈਂਕ ਦੀਆਂ ਲੋਕ ਮਾਰੂ ਸਾਮਰਾਜਪੱਖੀ ਆਰਥਿਕ ਨੀਤੀਆਂ ਨੂੰ ਰੱਦ ਨਹੀਂ ਕੀਤਾ ਜਾਂਦਾ ਤਦ ਤਕ ਦੇਸ਼ ਵਿਚ ਨਾਗਰਿਕਾਂ ਦੀ ਪੁਰਨ ਅਜਾਦੀ, ਬਰਾਬਰੀ ਅਤੇ ਸਮਾਜਿਕ ਨਿਆਂ ਦੇ ਜਮਹੂਰੀ ਅਧਿਕਾਰਾਂ ਦੀ ਰਾਖੀ ਨਹੀਂ ਕੀਤੀ ਜਾ ਸਕਦੀ।
ਇਸ ਮੌਕੇ ਤਰਕਸ਼ੀਲ ਆਗੂ ਅਜੀਤ ਸਿੰਘ ਨੇ ਕਿਹਾ ਕਿ ਦੇਸ਼ ਵਿਚਲੀਆਂ ਪ੍ਰਗਤੀਸ਼ੀਲ ਤਾਕਤਾਂ ਵਲੋਂ ਲੋਕਪੱਖੀ ਇਨਕਲਾਬੀ ਬਦਲ ਉਸਾਰ ਕੇ ਹੀ ਅਸਲ ਜਮਹੂਰੀਅਤ ਅਤੇ ਆਮ ਲੋਕਾਂ ਦੇ ਬੁਨਿਆਦੀ ਜਮਹੂਰੀ ਹੱਕਾਂ ਦੀ ਰਾਖੀ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।ਤਰਕਸ਼ੀਲ ਆਗੂ ਅਤੇ ਲੇਖਕ ਧਰਵਿੰਦਰ ਕੋਹਾਲੀ ਨੇ ਕਿਹਾ ਕਿ ਮੌਜੂਦਾ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਨੇ ਅੰਧ ਵਿਸ਼ਵਾਸ ਅਤੇ ਅਨੈਤਿਕਾ ਫੈਲਾਉਣ ਵਾਲੇ ਡੇਰਾਵਾਦੀਆਂ ਤੋਂ ਸਿਆਸੀ ਹਮਾਇਤ ਲੈ ਕੇ ਜਿਥੇ ਚੋਣ ਜਾਬਤੇ ਦੀ ਉਲੰਘਣਾ ਕੀਤੀ ਹੈ, ਉਥੇ ਹੀ ਜਮਹੂਰੀਅਤ ਨੂੰ ਵੀ ਸ਼ਰਮਸਾਰ ਕੀਤਾ ਹੈ, ਜਿਸ ਦਾ ਸੁਪਰੀਮ ਕੋਰਟ ਅਤੇ ਚੋਣ ਕਮਿਸ਼ਨ ਵਲੋਂ ਸਖ਼ਤ ਨੋਟਿਸ ਲਿਆ ਜਾਣਾ ਚਾਹੀਦਾ ਹੈ। ਇਸ ਮੌਕੇ ਤਰਕਸ਼ੀਲ ਆਗੂਆਂ, ਜਸਪਾਲ ਬਾਸਰਕਾ, ਨਾਗਰ ਮੱਲ, ਅਮਰਜੀਤ ਕੋਹਾਲੀ ਅਤੇ ਰਮੇਸ਼ ਕੁਮਾਰ ਨੇ ਵੀ ਵਿਚਾਰ ਵਟਾਂਦਰੇ ਵਿਚ ਭਾਗ ਲਿਆ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media