ਦਿੱਲੀ, 12 ਫਰਵਰੀ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਵਾਰਡ ਨੰ.9 ਇੱਕ ਵਾਰ ਫਿਰ ਵੱਡਾ ਚੋਣ ਦੰਗਲ ਬਣ ਗਿਆ ਹੈ ਜਿਥੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੇ ਦਿੱਗਜ਼ ਨੇਤਾ ਮਨਜਿੰਦਰ ਸਿੰਘ ਸਿਰਸਾ ਨੂੰ ਚੋਣ ਮੈਦਾਨ `ਚ ਉਤਾਰਿਆ ਹੈ।ਸਿਰਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਸਾਥੀਆਂ ਨਾਲ ਮਿਲ ਕੇ 2013 `ਚ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਹਜ਼ਾਰਾਂ ਵੋਟਾਂ ਨਾਲ ਹਰਾ ਕੇ ਦਿੱਲੀ ਦੇ ਸਿੱਖ ਇਤਿਹਾਸ `ਚ ਇੱਕ ਨਵਾਂ ਮੀਲ ਪੱਥਰ ਕਾਇਮ ਕੀਤਾ।ਪਾਰਟੀ ਵੱਲੋਂ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਤੌਰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਜਿਸ ਨੂੰ ਉਹਨਾਂ ਨੇ ਬਾਖੂਬੀ ਨਿਭਾਉਂਦੇ ਹੋਏ ਗੁਰਦੁਆਰਾ ਪ੍ਰਬੰਧਾਂ `ਚ ਸੁਧਾਰ ਕਰਨ ਲਈ ਇੱਕ ਨਵੀਂ ਲਹਿਰ ਆਰੰਭੀ।
2013 ਤੋਂ ਪਹਿਲਾਂ ਦਿੱਲੀ ਦੇ ਗੁਰਦੁਆਰਾ ਪ੍ਰਬੰਧਾਂ ਅੰਦਰ ਨਿਘਾਰ ਇਸ ਹੱਦ ਤੱਕ ਹੇਠਾਂ ਡਿੱਗ ਚੁੱਕਿਆ ਸੀ ਕਿ ਗੁਰਦੁਆਰਾ ਸਾਹਿਬ ਅੰਦਰ ਦਸਮ ਗ੍ਰੰਥ ਦੀ ਬਾਣੀ ਪੜ੍ਹਨ, ਕੀਰਤਨ ਕਰਨ ਅਤੇ ਕਥਾ ਕਰਨ ਉੱਤੇ ਸਰਨਾ ਭਰਾਵਾਂ ਵੱਲੋਂ ਜੋ ਪਾਬੰਦੀ ਲਗਾਈ ਹੋਈ ਸੀ।ਸਿੱਖ ਰਹਿਤ ਮਰਿਆਦਾ ਵਿੱਚ ਸ਼ਾਮਿਲ ਨਿਤਨੇਮ ਦੀ ਬਾਣੀ ਜਾਪੁ ਸਾਹਿਬ ਅਤੇ ਅਰਦਾਸ ਵਿੱਚ ਸ਼ਾਮਿਲ ਕੀਤੇ ਕੁੱਝ ਸਲੋਕ ਦਸਮ ਗ੍ਰੰਥ ਦੀ ਬਾਣੀ ਵਿੱਚੋਂ ਲਏ ਗਏ ਹੋਏ ਹਨ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਉੱਤੇ ਸਿੱਖ ਸੰਗਤਾਂ `ਚ ਅਜਿਹੀ ਦੁਵਿਧਾ ਪੈਦਾ ਕੀਤੀ ਹੋਈ ਸੀ ਕਿ ਹਰ ਗੁਰੂ ਘਰ ਦੇ ਅੰਦਰ 2-2 ਸੰਗਰਾਂਦਾਂ, ਗੁਰਪੁਰਬ ਅਤੇ ਸ਼ਹੀਦੀ ਦਿਹਾੜੇ ਮਨਾਉਣ ਦੇ ਵਿਵਾਦ ਨੇ ਸਿੱਖਾਂ ਨੂੰ ਭਰਾ ਮਾਰੂ ਜੰਗ ਵਿੱਚ ਫਸਾਇਆ ਹੋਇਆ ਸੀ।ਗੁਰਦੁਆਰਿਆਂ ਦੀਆਂ ਧਾਰਮਿਕ ਸਟੇਜਾਂ ਨੂੰ ਆਪਣੇ ਰਾਜਸੀ ਹਿੱਤਾਂ ਲਈ ਵਰਤਣ ਦੀਆਂ ਘਟਨਾਵਾਂ ਨੇ ਸਿੱਖ ਸੰਗਤਾਂ ਦੇ ਜ਼ਖਮਾਂ `ਤੇ ਲੂਣ ਛਿੜਕਿਆ ਜਾ ਰਿਹਾ ਸੀ।ਇਹਨਾਂ ਭਰਾਵਾਂ ਨੇ ਦਿੱਲੀ ਵਿੱਚ ਸ਼ੀਲਾ ਦਿਕਸ਼ਿਤ ਦੀ ਸਰਕਾਰ ਮੌਕੇ ਆਪਣੀਆਂ ਸਟੀਲ ਦੀਆਂ ਫੈਕਟਰੀਆਂ ਲਗਵਾਉਣ ਲਈ ਲਾਇਸੈਂਸ ਹਾਸਿਲ ਕੀਤੇ ਅਤੇ ਦਿੱਲੀ ਸਰਕਾਰ ਕੋਲੋਂ ਸਟੀਲ ਦੇ ਕੰਮਾਂ ਲਈ ਅਰਬਾਂ-ਖ਼ਰਬਾਂ ਦੇ ਕੰਟਰੈਕਟ ਪ੍ਰਾਪਤ ਕੀਤੇ।
ਸਿਰਸਾ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਚਾਰ ਸਾਲ ਦੇ ਕਾਰਜਕਾਲ `ਚ ਦਿੱਲੀ ਦੇ ਗੁਰਦੁਆਰਿਆਂ ਦੇ ਪ੍ਰਬੰਧਾਂ `ਚ ਸੁਧਾਰ ਲਿਆਉਣ ਲਈ ਜੋ ਕਦਮ ਚੁੱਕੇ ਗਏ ਉਸ ਨਾਲ ਸਿੱਖ ਭਾਈਚਾਰੇ `ਚ ਆਪਸੀ ਸਾਂਝ ਅਤੇ ਏਕਤਾ ਮਜ਼ਬੂਤ ਹੋਈ ਹੈ।ਉਹਨਾਂ ਕਿਹਾ ਕਿ ਅੱਜ ਕੁੱਝ ਸ਼ਕਤੀਆਂ ਸਿੱਖਾਂ ਦੀ ਏਕਤਾ ਅਤੇ ਆਪਸੀ ਭਾਈਚਾਰੇ ਨੂੰ ਤੋੜਨ ਲਈ ਅਜਿਹੀਆਂ ਸ਼ਕਤੀਆਂ ਗੁਰਦੁਆਰਾ ਚੋਣਾਂ ਦੀ ਆੜ `ਚ ਫਿਰ ਸਰਗਰਮ ਹੋ ਗਈਆਂ ਹਨ ਜਿਨ੍ਹਾਂ ਨੂੰ ਚੋਣਾਂ `ਚ ਹਾਰ ਦੇਣੀ ਲਾਜ਼ਮੀ ਬਣ ਗਈ ਹੈ।ਨਾਨਕਸ਼ਾਹੀ ਕੈਲੰਡਰ ਦਾ ਬੇਲੋੜਾ ਮੁੱਦਾ ਸ੍ਰੀ ਅਕਾਲੀ ਤਖ਼ਤ ਸਾਹਿਬ ਦੇ ਜਥੇਦਾਰ ਦੀ ਸਰਪ੍ਰਸਤੀ ਹੇਠ ਹੱਲ ਕੀਤਾ ਗਿਆ ਜਿਸ ਕਰਕੇ ਹੁਣ ਗੁਰਦੁਆਰਿਆਂ `ਚ ਇੱਕ ਸੰਗਰਾਂਦ ਅਤੇ ਇੱਕ ਗੁਰਪੁਰਬ ਮਨਾਉਣ ਨਾਲ ਸੰਗਤਾਂ `ਚ ਆਪਸੀ ਪਿਆਰ ਦੀ ਭਾਵਨਾ ਵਧੀ ਹੈ।ਦਿੱਲੀ ਸਿੱਖ ਕਤਲੇਆਮ ਦੇ ਸ਼ਹੀਦਾਂ ਦੀ ਯਾਦ ਵਿੱਚ 32 ਸਾਲ ਬਾਅਦ ਯਾਦਗਾਰ ਬਣਾ ਕੇ ਸੰਗਤਾਂ ਨੂੰ ਸਮਰਪਿਤ ਕੀਤੀ ਅਤੇ ਗੁਰੂ ਘਰ ਦੇ ਕੀਰਤਨੀਏ ਸਿੰਘਾਂ ਤੇ ਕਥਾ ਵਾਚਕਾਂ ਉੱਪਰ ਲਗਾਈ ਗਈ ਪਾਬੰਦੀ ਨੂੰ ਖ਼ਤਮ ਕੀਤਾ।ਸੰਗਤਾਂ ਦੀ ਏਕਤਾ ਸਦਕਾ ਹੀ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਇਤਿਹਾਸਿਕ ਪਿਆਓ ਨੂੰ ਤੋੜਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਏ 2 ਘੰਟੇ ਬਾਅਦ ਹੀ ਪਿਆਓ ਦੀ ਮੁੜ ਉਸਾਰੀ ਕਰਵਾਈ।ਦਿੱਲੀ ਹਾਈ ਕੋਰਟ ਵੱਲੋਂ ਪਿਆਓ ਦੇ ਨਕਸ਼ੇ ਨੂੰ ਮਨਜ਼ੂਰੀ ਦਿਵਾਉਣ ਦਾ ਕੇਸ ਜਿੱਤਿਆ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media