ਬਠਿੰਡਾ, 5 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫਰੀਦ ਕਾਲਜ ਆਫ਼ ਐਜੂਕੇਸ਼ਨ ਵਿਖੇ ਡਾ. ਹਰਪਾਲ ਸਿੰਘ ਪੰਨੂ (ਵਿਭਾਗੀ ਮੁਖੀ, ਧਾਰਮਿਕ ਅਧਿਐਨ,ਪੰਜਾਬੀ ਯੂਨੀਵਰਸਿਟੀ,ਪਟਿਆਲਾ) ਦਾ ਵਿਸਥਾਰ ਭਾਸ਼ਣ ਕਰਵਾਇਆ ਗਿਆ।ਵਾਇਸ ਪ੍ਰਿੰਸੀਪਲ ਕੁਲਵਿੰਦਰ ਸਿੰਘ ਨੇ ਡਾ. ਹਰਪਾਲ ਸਿੰਘ ਪੰਨੂ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਉਹਨਾਂ ਦੀ ਸ਼ਖਸੀਅਤ ਬਾਰੇ ਜਾਣੂ ਕਰਵਾਇਆ।ਉਹਨਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਵਿਦਵਾਨ ਡਾ. ਹਰਪਾਲ ਸਿੰਘ ਪੰਨੂ ਨੇ ਬਹੁਤ ਸਾਰੀਆਂ ਕਿਤਾਬਾਂ ਦੀ ਰਚਨਾ ਕੀਤੀ ਹੈ ਜਿਵੇਂ ਕਿ `ਪੱਥਰ ਤੋਂ ਰੰਗ ਤੱਕ`, `ਸਵੇਰ ਤੋਂ ਸ਼ਾਮ ਤੱਕ`, `ਗੌਤਮ ਤੋਂ ਤਾਸਕੀ ਤੱਕ` ਗੁਰੂਦੇਵ ਰਵਿੰਦਰ ਨਾਥ ਟੈਗੋਰ ਦੀ ਜੀਵਨੀ ਤੇ ਰਾਜਮੋਹਨ ਦੀ ਪ੍ਰਸਿੱਧ ਕਿਤਾਬ `ਪੰਜਾਬ` ਦਾ ਅਨੁਵਾਦ ਕੀਤਾ ਹੈ।ਜਿੰਨਾਂ ਵਿੱਚ ਉਹਨਾਂ ਨੇ ਭਾਰਤ ਦੇ ਪੁਰਾਤਨ ਧਰਮਾਂ, ਕਲਾਵਾਂ ਤੇ ਪ੍ਰਸਿੱਧ ਸ਼ਖਸੀਅਤਾਂ ਦੇ ਸਾਹਿਤ ਦਾ ਬਾਰੀਕੀ ਨਾਲ ਵਰਣਨ ਕੀਤਾ ਹੈ। ਡਾ. ਹਰਪਾਲ ਸਿੰਘ ਪੰਨੂ ਨੇ ਵਿਦਿਆਰਥੀਆਂ ਨੂੰ ਪੁਰਾਤਨ ਪੰਜਾਬੀ ਵਾਰਤਕ ਦੇ ਪ੍ਰਯੋਗ,ਸਾਖੀਆਂ ਵਿਚੋਂ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਬਾਰੇ ਚਰਚਾ ਕੀਤੀ। ਉਹਨਾਂ ਨੇ ਕਵਿਤਾ ਤੇ ਵਾਰਤਕ ਦੇ ਅੰਤਰ ਨੂੰ ਬੜੀ ਸੂਖਮਤਾ ਤੇ ਸੋਹਜ ਨਾਲ ਬਿਆਨ ਕੀਤਾ ,ਉਹਨਾਂ ਨੇ ਵਿਸ਼ਵ ਪ੍ਰਸਿੱਧ ਅਖੌਤਾਂ ਤੇ ਰਸ-ਭਿੰਨੀ ਸ਼ਾਇਰੀ ਨਾਲ ਆਪਣੇ ਭਾਸ਼ਣ ਨੂੰ ਰੌਚਕ ਬਣਾਇਆ।ਵਿਦਿਆਰਥੀਆਂ ਨੇ ਬੜੇ ਧਿਆਨ ਨਾਲ ਉਹਨਾਂ ਦੀਆਂ ਗੱਲਾਂ ਨੂੰ ਸੁਣਿਆ ਤੇ ਨੋਟ ਕੀਤਾ।ਅੰਤ `ਚ ਅਸਿਸਟੈਂਟ ਪ੍ਰੋ: ਸਪਨਾ ਸੋਨੀ (ਡੀਨ ਵਿਦਿਆਰਥੀ ਭਲਾਈ) ਨੇ ਮਹਿਮਾਨ ਬੁਲਾਰੇ ਡਾ. ਹਰਪਾਲ ਸਿੰਘ ਦਾ ਧੰਨਵਾਦ ਕੀਤਾ।ਕਾਲਜ ਵਲੋਂ ਡਾ. ਹਰਪਾਲ ਸਿੰਘ ਪੰਨੂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਮੰਚ ਸੰਚਾਲਨ ਦੀ ਭੂਮਿਕਾ ਅਸਿਸਟੈਂਟ ਪ੍ਰੋ: ਸੰਦੀਪ ਸਿੰਘ ਨੇ ਬਾਖੂਬੀ ਨਿਭਾਈ।ਬਾਬਾ ਫਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਕਾਲਜ ਦੇ ਇਸ ਕਦਮ ਦੀ ਸ਼ਲਾਘਾ ਕੀਤੀ।
Check Also
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ
ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …
Punjab Post Daily Online Newspaper & Print Media