ਸਮਰਾਲਾ, 7 ਮਾਰਚ (ਪੰਜਾਬ ਪੋਸਟ- ਕੰਗ) – ਪੰਜਾਬ ਦੇ ਸਰਕਾਰੀ ਤੇ ਅਰਧ ਸਰਕਾਰੀ ਮੁਲਾਜ਼ਮਾਂ ਦੀ ਨੁਮਾਇੰਦਾਂ ਜਥੇਬੰਦੀ ਪੰਜਾਬ ਸਟੇਟ ਕਰਮਚਾਰੀ ਦਲ, ਦੀ ਯੂਨਿਟ ਸਮਰਾਲਾ ਵੱਲੋਂ ਮੁਲਾਜ਼ਮਤ ਤੇ ਸਰਬਤ ਦੇ ਭਲੇ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਕ ਨਿਰਮਾਣ ਵਿਭਾਗ (ਭ ਤੇ ਮ) ਦੇ ਅਹਾਤੇ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦਾ ਭੋਗ ਪਾਉਣ ਅਤੇ ਧਾਰਮਿਕ ਸਮਾਗਮ ਕਰਵਾਇਆ ਗਿਆ।ਜਿਸ ਵਿਚ ਵੱਖੋ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਤੋਂ ਇਲਾਵਾ, ਇਲਾਕੇ ਦੀਆਂ ਸੰਗਤਾਂ ਅਤੇ ਪਤਵੰਤੇ ਸੱਜਣਾਂ ਨੇ ਵੱਡੇ ਪੱਧਰ ’ਤੇ ਸ਼ਮੂਲੀਅਤ ਕੀਤੀ।ਦਲ ਦੇ ਸੂਬਾ ਪ੍ਰਧਾਨ ਹਰੀ ਸਿੰਘ ਟੌਹੜਾ ਨੇ ਬੋਲਦਿਆਂ ਦੱਸਿਆ ਕਿ ਅੱਜ ਦੇ ਇਸ ਭੱਜ ਦੌੜ ਦੀ ਜ਼ਿੰਦਗੀ ਵਿਚ ਸਭਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਤੋਂ ਸੇਧ ਲੈ ਕੇ ਚੱਲਣਾ ਚਾਹੀਦਾ ਹੈ ਤਾਂ ਜੋ ਸਮਾਜ ਵਿਚ ਵੱਧ ਰਹੀਆਂ ਕੁਰੀਤੀਆਂ ਨੂੰ ਠੱਲ ਪਾਈ ਜਾ ਸਕੇ। ਟੌਹੜਾ ਨੇ ਨਵੀਂ ਬਣ ਰਹੀ ਸਰਕਾਰ ਅਤੇ ਸਮਾਜਿਕ ਕਾਰਕੁੰਨਾਂ ਨੂੰ ਅਪੀਲ ਕੀਤੀ ਕਿ ਸੂਬੇ ਵਿਚ ਵੱਧ ਰਹੀਆਂ ਕੁਰੀਤੀਆਂ ਨੂੰ ਰੋਕਣ ਲਈ ਨੈਤਿਕ ਕਦਰਾਂ-ਕੀਮਤਾਂ ਤੋਂ ਅਵੇਸਲੇ ਹੋ ਰਹੇ ਨੌਜਵਾਨ ਵਰਗ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਅਤੇ ਉਨ੍ਹਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ ਤਾਂ ਜੋ ਨੌਜਵਾਨੀ ਪੀੜ੍ਹੀ ਆਪਣੇ ਸੂਬੇ ਤੇ ਦੇਸ਼ ਲਈ ਯੋਗਦਾਨ ਪਾ ਸਕਣ। ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਖਿਲਾਫ਼ ਇਕਮੁੱਠ ਹੋ ਕੇ ਲੜਾਈ ਲੜਨ ਤੇ ਸਮਾਜ ਵਿਚ ਸਾਫ਼ ਸੁਧਰਾ ਪ੍ਰਸ਼ਾਸ਼ਨ ਚਲਾਉਣਾ ਚਾਹੀਦਾ ਹੈ। ਵਾਤਾਵਰਨ ਵਿਚ ਫੈਲ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਕਰਕੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ।
ਟੌਹੜਾ ਨੇ ਮੁਲਾਜ਼ਮ ਮੰਗਾਂ ਸਬੰਧੀ ਬੋਲਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਅਧਿਕਾਰੀ ਜਾਣਬੁੱਝ ਕੇ ਦਿਹਾੜੀਦਾਰ, ਵਰਕਚਾਰਜ, ਠੇਕਾ ਆਧਾਰਿਤ ਕਾਮਿਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਨਹੀਂ ਕਰ ਰਹੇ, ਜਦਕਿ ਚੋਣ ਕਮਿਸ਼ਨ ਨੇ ਸਪੱਸ਼ਟ ਕਰ ਦਿੱਤਾ ਕਿ ਇਹ ਮਾਮਲਾ ਪਹਿਲਾਂ ਤੋਂ ਪ੍ਰੋਸੈਸ ਅਧੀਨ ਹੈ, ਇਸ ਲਈ ਸੇਵਾਵਾਂ ਰੈਗੂਲਰ ਕਰਨੀਆਂ ਬਣਦੀਆਂ ਹਨ ਪੇ ਕਮਿਸ਼ਨ, ਮੁਲਾਜ਼ਮਾਂ ਦੇ ਪੇ ਸਕੇਲਾਂ, ਪੇ-ਗ੍ਰੇਡਾਂ ਤੇ ਭੱਤਿਆਂ ਵਿਚ ਸੋਧ ਕਰਨ ਲਈ ਮੁਲਾਜ਼ਮ ਜਥੇਬੰਦੀਆਂ ਨਾਲ ਜਲਦੀ ਮੀਟਿੰਗ ਕਰਕੇ ਉਨ੍ਹਾਂ ਦਾ ਪੱਖ ਸੁਣਿਆ ਜਾਵੇ।ਇਸ ਤੋਂ ਪਹਿਲਾਂ 5ਵੇਂ ਪੇ ਕਮਿਸ਼ਨ ਦੀਆਂ ਜੋ ਤਰੁੱਟੀਆਂ ਹਨ, ਉਨ੍ਹਾਂ ਨੂੰ ਦੂਰ ਕੀਤਾ ਜਾਵੇ।ਮੁਲਾਜ਼ਮਾਂ ਨੂੰ ਜੋ 5% ਅੰਤ੍ਰਿਮ ਰੀਲੀਫ਼ ਦੇਣ ਦਾ ਜੋ ਫੈਸਲਾ ਕੀਤਾ ਗਿਆ ਹੈ, ਉਹ ਮੁਲਾਜ਼ਮ ਵਰਗ ਨਾਲ ਕੋਝਾ ਮਜ਼ਾਕ ਹੈ, ਜਦਕਿ ਚਾਹੀਦਾ ਇਹ ਸੀ ਕਿ ਮਹਿੰਗਾਈ ਦੇ ਅੰਕੜਿਆਂ ਅਨੁਸਾਰ 15% ਅੰਤ੍ਰਿਮ ਰੀਲੀਫ਼ ਦਿੱਤਾ ਜਾਂਦਾ।ਸਿੱਖਿਆ ਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਰਹਿੰਦੀ ਤਨਖਾਹ ਦੀ ਅਦਾਇਗੀ ਪਹਿਲ ਦੇ ਅਧਾਰ ’ਤੇ ਕੀਤੀ ਜਾਵੇ, ਆਦਿ ਮੰਗਾਂ ਸਰਕਾਰ ਪ੍ਰਵਾਨ ਕਰੇ।
ਧਾਰਮਿਕ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਸੁੱਚਾ ਸਿੰਘ ਰੋਲੋਂ ਪ੍ਰਧਾਨ ਫਤਹਿਗੜ੍ਹ ਸਾਹਿਬ, ਕੁਲਵਿੰਦਰ ਸਿੰਘ ਜਨਰਲ ਸਕੱਤਰ ਖਮਾਣੋਂ ਸਿੰਚਾਈ ਵਿਭਾਗ, ਭੁਪਿੰਦਰਜੀਤ ਸਿੰਘ ਸੈਕਟਰੀ, ਹਰੀ ਸਿੰਘ ਐਸ.ਡੀ.ਓ, ਬਲਜੀਤ ਸਿੰਘ, ਗੋਪਾਲ ਸਿੰਘ ਪ੍ਰਧਾਨ ਸਮਰਾਲਾ, ਦਵਿੰਦਰ ਸਿੰਘ, ਮੋਹਨ ਸਿੰਘ, ਗੁਰਬਚਨ ਸਿੰਘ, ਨਿਰਮਲ ਸਿੰਘ, ਜੋਗਿੰਦਰ ਸਿੰਘ, ਬਲਰਾਜ ਵਰਮਾ ਪ੍ਰਧਾਨ ਲੁਧਿਆਣਾ, ਨਾਥ ਸਿੰਘ ਜਨਰਲ ਸਕੱਤਰ, ਗਿਆਨੀ ਹਰਜਿੰਦਰ ਸਿੰਘ ਪ੍ਰਧਾਨ ਦੋਰਾਹਾ, ਅਮਰੀਕ ਸਿੰਘ ਪ੍ਰਧਾਨ ਖੰਨਾ, ਸੰਤੋਖ ਸਿੰਘ ਸਮਰਾਲਾ ਆਦਿ ਆਗੂਆਂ ਨੇ ਸੰਬੋਧਨ ਕੀਤਾ।ਉਨ੍ਹਾਂ ਮੁਲਾਜ਼ਮ ਮੰਗਾਂ ਬਾਰੇ ਬੋਲਦਿਆਂ ਦੱਸਿਆ ਕਿ ਜਥੇਬੰਦੀ ਆਪਣੇ ਸਿਧਾਂਤਾ ਅਨੁਸਾਰ ਮੁਲਾਜ਼ਮ ਮੰਗਾਂ ਸਬੰਧੀ ਕਿਸੇ ਵੀ ਸਰਕਾਰ ਨਾਲ ਕੋਈ ਸਮਝੌਤਾ ਨਹੀਂ ਕਰੇਗੀ, ਸਗੋਂ ਪਹਿਲ ਦੇ ਆਧਾਰ ’ਤੇ ਮੰਗਾਂ ਹੱਲ ਕਰਵਾਈਆਂ ਜਾਣਗੀਆਂ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media