ਨਵੀਂ ਦਿੱਲੀ, 28 ਮਾਰਚ (ਪੰਜਾਬ ਪੋਸਟ ਬਿਊਰੋ) – ਰਾਜੌਰੀ ਗਾਰਡਨ ਹਲਕੇ ਤੋਂ ਭਾਜਪਾ-ਅਕਾਲੀ ਦਲ ਦੇ ਸਾਂਝੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਸਵੇਰ ਦੀ ਸੈਰ ਕਰਨ ਵਾਲਿਆਂ ਤੇ ਹਲਕੇ ਵਿਚ ਪੈਂਦੀਆਂ ਵੱਖ ਵੱਖ ਮਾਰਕਿਟਸ ਵਿਚਲੇ ਦੁਕਾਨਦਾਰਾਂ ਕੋਲੋਂ ਵੋਟਾਂ ਮੰਗੀਆਂ।ਸਿਰਸਾ ਸਵੇਰੇ ਹੀ ਆਪਣੀ ਟੀਮ ਦੇ ਨਾਲ ਰਾਜੌਰੀ ਗਾਰਡਨ ਦੇ ਬਿੰਦਰਾ ਪਾਰਕ ਪਹੁੰਚ ਗਏ ਤੇ ਲੋਕਾਂ ਨਾਲ ਮੁਲਾਕਾਤ ਕੀਤੀ।ਲੋਕ ਉਹਨਾਂ ਦੀ ਸਾਦਗੀ ਤੇ ਮਿੱਠਤ ਨੀਵੀਂ ਨਾਨਕਾ ਦੇ ਕਹਿਣ ਅਨੁਸਾਰ ਸੋਚ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਉਹਨਾਂ ਨੂੰ ਆਖਿਆ ਕਿ ਉਹ ਸਭ ਹਲਕੇ ਦਾ ਸਰਵ ਪੱਖੀ ਵਿਕਾਸ ਚਾਹੁੰਦੇ ਹਨ ਅਤੇ ਚੰਗੀ ਤਰਾਂ ਜਾਣਦੇ ਹਨ ਕਿ ਇਹ ਤਾਂ ਹੀ ਸੰਭਵ ਹੈ ਜੇਕਰ ਹਲਕੇ ਤੋਂ ਭਾਜਪਾ-ਅਕਾਲੀ ਦੀ ਜਿੱਤ ਹੋਵੇਗੀ। ਸਿਰਸਾ ਨੇ ਦੱਸਿਆ ਕਿ ਲੋਕਾਂ ਨੇ ਉਹਨਾਂ ਨੂੰ ਰੋਜ਼ਾਨਾ ਦੇ ਜੀਵਨ ਵਿਚ ਦਰਪੇਸ਼ ਮੁਸ਼ਕਿਲਾਂ ਦੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਕਿਵੇਂ ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਸਹੀ ਤਰੀਕੇ ਕੰਮ ਨਾ ਕਰਨ ਕਾਰਨ ਲੋਕਾਂ ਨੂੰ ਮਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਿਵੇਂ ਪਿਛਲੇ 10 ਸਾਲਾਂ ਦੇ ਕਾਂਗਰਸ ਦੇ ਰਾਜਕਾਲ ਦੌਰਾਨ ਕਾਂਗਰਸ ਸਰਕਾਰ ਦੇ ਨਿਕੰਮੇਪਨ ਦਾ ਉਹਨਾਂ ਨੂੰ ਨੁਕਸਾਨ ਹੋਇਆ ਹੈ।ਉਹਨਾਂ ਨੇ ਇਹਨਾਂ ਸਾਰੇ ਵਿਅਕਤੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਤੇ ਉਹਨਾਂ ਨੂੰ ਭਰੋਸਾ ਦੁਆਇਆ ਕਿ ਮੌਜੂਦਾ ਚੋਣਾਂ ਵਿਚ ਭਾਜਪਾ ਦੀ ਜਿੱਤ ਹੋਣ ਮਗਰੋਂ ਉਹ ਖੁਦ ਪਹਿਲ ਦੇ ਆਧਾਰ `ਤੇ ਉਹਨਾਂ ਦੀਆਂ ਸਮੱਸਿਆਵਾਂ ਛੇਤੀ ਤੋਂ ਛੇਤੀ ਹੱਲ ਕਰਵਾਉਣ ਦੇ ਯਤਨ ਕਰਨਗੇ।
ਭਾਜਪਾ- ਅਕਾਲੀ ਦੇ ਉਮੀਦਵਾਰ ਨੇ ਕਿਹਾ ਕਿ ਰਾਜੌਰੀ ਗਾਰਡਨ ਹਲਕੇ ਵਿਚ ਭਾਜਪਾ-ਅਕਾਲੀ ਦੇ ਹੱਕ ਵਿਚ ਲਹਿਰ ਸਪਸ਼ਟ ਨਜ਼ਰ ਆ ਰਹੀ ਹੈ ਤੇ ਉਹਨਾਂ ਨੂੰ ਯਕੀਨ ਹੈ ਕਿ ਉਹ ਭਾਰੀ ਫਰਕ ਨਾਲ ਜਿੱਤਣਗੇ।ਉਹਨਾਂ ਕਿਹਾ ਕਿ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਹੇਠ ਐਨ ਡੀ ਏ ਸਰਕਾਰ ਦੀ ਕਾਰਗੁਜ਼ਾਰੀ ਵੇਖ ਲਈ ਹੈ ਤੇ ਲੋਕਾਂ ਦਾ ਮੰਨਣਾ ਹੈ ਕਿ ਸਿਰਫ ਭਾਜਪਾ-ਅਕਾਲੀ ਹੀ ਸਾਧਾਰਣ ਆਮ ਵਿਅਕਤੀ ਨੂੰ ਦਰਪੇਸ਼ ਮੁਸ਼ਕਿਲਾਂ ਹੱਲ ਕਰਨ ਦੇ ਸਮਰਥ ਹੈ। ਉਹਨਾਂ ਕਿਹਾ ਕਿ ਭਾਜਪਾ-ਅਕਾਲੀ ਦਾ ਇਕ ਨੁਕਾਤੀ ਏਜੰਡਾ ਦੇਸ਼ ਦੀ ਪ੍ਰਗਤੀ ਤੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਹੈ।ਸਵੇਰ ਦੀ ਸੈਰ ਕਰਨ ਵਾਲਿਆਂ ਨਾਲ ਮੁਲਾਕਾਤ ਤੋਂ ਬਾਅਦ ਸਿਰਸਾ ਨੇ ਚਾਂਦ ਨਗਰ, ਰਘਬੀਰ ਨਗਰ ਤੇ ਹਲਕੇ ਦੇ ਹੋਰ ਇਲਾਕਿਆਂ ਵਿਚ ਦੁਕਾਨਦਾਰਾਂ ਨਾਲ ਜਾ ਕੇ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਦਰਪੇਸ਼ ਮੁਸ਼ਕਿਲਾਂ ਜਾਣੀਆਂ ਤੇ ਭਰੋਸਾ ਦੁਆਇਆ ਕਿ ਇਕ ਵਾਰ ਚੋਣ ਪ੍ਰਕਿਰਿਆ ਸੰਪੰਨ ਹੋ ਗਈ ਤਾਂ ਉਹ ਖੁਦ ਇਹਨਾਂ ਦੇ ਹੱਲ ਲਈ ਕੰਮ ਕਰਨਗੇ।ਸਿਰਸਾ ਦਾ ਸਾਰਾ ਪਰਿਵਾਰ ਚੋਣ ਮੁਹਿੰਮ `ਚ ਡਟਿਆ ਜਿਵੇਂ ਜਿਵੇਂ ਚੋਣ ਮੁਹਿੰਮ ਸਿਖ਼ਰਾਂ ਵੱਲ ਨੂੰ ਜਾ ਰਹੀ ਹੈ, ਭਾਜਪਾ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦੇ ਸਮੁੱਚੇ ਪਰਿਵਾਰਕ ਮੈਂਬਰਾਂ ਨੇ ਲੋਕਾਂ ਨੂੰ ਭਾਜਪਾ ਵੱਲ ਲਾਮਬੱਧ ਕਰਨ ਲਈ ਆਪੋ ਆਪਣੇ ਮੋਰਚੇ ਸੰਭਾਲ ਲਈ ਹੈ।ਸਿਰਸਾ ਦੇ ਮਾਤਾ ਜੀ ਸਰਦਾਰਨੀ ਮਨਜੀਤ ਕੌਰ, ਉਹਨਾਂ ਦੀ ਧਰਮ ਪਤਨੀ ਤੇ ਕੌਂਸਲਰ ਸ੍ਰੀਮਤੀ ਸਤਵਿੰਦਰ ਕੌਰ ਸਿਰਸਾ ਤੇ ਹੋਣਹਾਰ ਧੀ ਮਨਲੀਨ ਕੌਰ ਰਿਆੜ ਨੇ ਜ਼ਿੰਮੇਵਾਰੀਆਂ ਸੰਭਾਲੀਆਂ ਹਨ।ਉਹਨਾਂ ਨੇ ਹਲਕੇ ਨੂੰ ਵੱਖ ਵੱਖ ਜ਼ੋਨਾਂ ਵਿਚ ਵੰਡ ਕੇ ਲੋਕਾਂ ਕੋਲ ਘਰ ਘਰ ਜਾ ਕੇ ਪਹੁੰਚ ਕਰਨ ਦਾ ਰਾਹ ਅਪਣਾਇਆ ਹੈ ਤੇ ਉਹ ਲੋਕਾਂ ਨੂੰ ਭਾਜਪਾ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਪ੍ਰਾਪਤੀਆਂ ਦੇਣ ਦੇ ਨਾਲ-ਨਾਲ ਮਨਜਿੰਦਰ ਸਿੰਘ ਸਿਰਸਾ ਵੱਲੋਂ ਵਿਅਕਤੀਗਤ ਰੂਪ ਵਿਚ ਕੀਤੇ ਕੰਮਾਂ ਤੋਂ ਵੀ ਜਾਣੂ ਕਰਵਾ ਰਹੇ ਹਨ।ਇਸ ਚੋਣ ਪ੍ਰਚਾਰ ਦੇ ਕੰਮ ਵਿਚ ਪਾਰਟੀ ਦੇ ਵਰਕਰ, ਹਮਾਇਤੀ ਤੇ ਪਰਿਵਾਰਕ ਮਿੱਤਰ ਸਭ ਇਹਨਾਂ ਪਰਿਵਾਰਕ ਮੈਂਬਰਾਂ ਦਾ ਸਾਥ ਦੇ ਰਹੇ ਹਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media